ਲੜਾਈ-ਝਗੜਿਆਂ ਤੇ ਮਾਰਕੁੱਟ ਦੇ ਮਾਮਲੇ ''ਚ 14 ਨਾਮਜ਼ਦ

08/20/2017 4:37:11 AM

ਫਿਰੋਜ਼ਪੁਰ,  (ਕੁਮਾਰ)—  ਪਿੰਡ ਲੂਥੜ,  ਘੋੜਾ ਚੱਕ ਅਤੇ ਫਿਰੋਜ਼ਪੁਰ ਸ਼ਹਿਰ ਵਿਚ ਸਰਪੰਚੀ ਦੀਆਂ ਚੋਣਾਂ ਅਤੇ ਹੋਰ ਵਿਵਾਦ ਨੂੰ ਲੈ ਕੇ ਹੋਏ ਲੜਾਈ-ਝਗੜਿਆਂ ਤੇ ਮਾਰਕੁੱਟ ਦੇ ਮਾਮਲਿਆਂ ਵਿਚ  ਥਾਣਾ ਸਦਰ, ਸਿਟੀ ਅਤੇ ਮਮਦੋਟ ਦੀ ਪੁਲਸ ਨੇ 14 ਲੋਕਾਂ ਖਿਲਾਫ ਮੁਕੱਦਮੇ ਦਰਜ ਕੀਤੇ ਹਨ। 
 ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਸੁਰਜੀਤ ਸਿੰਘ ਪੁੱਤਰ ਖੰਨਾ ਵਾਸੀ ਪਿੰਡ ਲੂਥੜ ਦੇ ਬਿਆਨਾਂ 'ਤੇ ਪਿੱਪਲ ਸਿੰਘ, ਕਿੱਕਰ ਸਿੰਘ, ਖਿਲਾਰਾ ਸਿੰਘ, ਬਾਗ ਸਿੰਘ, ਬਲਕਾਰ ਸਿੰਘ, ਗੋਰਾ ਅਤੇ ਅਜੇ ਦੇ ਖਿਲਾਫ ਜਾਨਲੇਵਾ ਹਮਲਾ, ਮਾਰਕੁੱਟ ਕਰਕੇ ਜ਼ਖਮੀ ਕਰਨ ਤੇ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਹੈ।
ਏ. ਐੱਸ. ਆਈ. ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਸ਼ਿਕਾਇਤਕਰਤਾ ਰੋਹਿਤ ਕੁਮਾਰ ਪੁੱਤਰ ਬਸੰਤ ਕਿਸ਼ੋਰ ਵਾਸੀ ਫਿਰੋਜ਼ਪੁਰ ਛਾਉਣੀ ਦੇ ਬਿਆਨਾਂ 'ਤੇ ਗਾਮਾ ਤੇ ਜਸਵਿੰਦਰ ਵਾਸੀ ਨਜ਼ਦੀਕ ਮਨਜੀਤ ਪੈਲੇਸ ਫਿਰੋਜ਼ਪੁਰ ਸ਼ਹਿਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮਮਦੋਟ ਦੇ ਏ. ਐੱਸ. ਆਈ. ਪਵਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਪਾਲਾ ਸਿੰਘ ਪੁੱਤਰ ਕਾਂਸ਼ੀ ਸਿੰਘ ਦੇ ਬਿਆਨਾਂ 'ਤੇ ਪੁਲਸ ਨੇ ਘਰ ਵਿਚ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਦੋਸ਼ ਵਿਚ ਅਮਨੀ, ਦੀਪੋ, ਸ਼ੀਰੋ, ਬੋਹੜ ਸਿੰਘ ਅਤੇ ਸਤਨਾਮ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।


Related News