14 ਲੱਖ ਦੀ ਨਗਦੀ ਸਮੇਤ ਏ. ਟੀ. ਐੱਮ. ਪੁੱਟ ਕੇ ਲੈ ਉੱਡੇ ਲੁਟੇਰੇ, 1 ਗ੍ਰਿਫਤਾਰ

10/21/2020 1:10:22 AM

ਜ਼ੀਰਕਪੁਰ, (ਗੁਰਪ੍ਰੀਤ)- ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ ਦੇ ਸਭ ਤੋਂ ਪਾਸ਼ ਏਰੀਏ ਮੰਨੇ ਜਾਣ ਵਾਲੇ ਵੀ. ਆਈ. ਪੀ. ਰੋਡ ’ਤੇ ਕਰਾਈਮ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਕੁਝ ਦਿਨ ਪਹਿਲਾਂ ਇਸ ਰੋਡ ’ਤੇ ਗੋਲੀਆਂ ਨਾਲ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਵਿਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕਈ ਚੋਰੀ ਦੀਆਂ ਘਟਨਾਵਾਂ ਦੀ ਹੋ ਚੁੱਕੀਆਂ ਹਨ। ਹੁਣ ਇਸ ਰੋਡ ’ਤੇ ਸਥਿਤ ਕੋਡਕ ਮਹਿੰਦਰਾ ਬੈਂਕ ਦੇ ਲੱਖਾਂ ਰੁਪਏ ਨਗਦੀ ਸਮੇਤ ਏ. ਟੀ. ਐੱਮ. ਮਸ਼ੀਨ ਨੂੰ ਲੁਟੇਰੇ ਪੁੱਟ ਕੇ ਆਪਣੇ ਨਾਲ ਲੈ ਗਏ। ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਹਰਕਤ ’ਚ ਆਈ ਅਤੇ ਕੁਝ ਹੀ ਘੰਟਿਆ ਬਾਅਦ ਪੁਲਸ ਨੇ ਏ. ਟੀ. ਐੱਮ. ਮਸ਼ੀਨ ਸਮੇਤ ਇਕ ਲੁਟੇਰੇ ਨੂੰ ਕਾਬੂ ਕਰ ਲਿਆ। ਜਦਕਿ ਉਸਦੇ ਤਿੰਨ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਸ ਨੇ ਕਾਬੂ ਕੀਤੇ ਦੋਸ਼ੀ ਪਾਸੋਂ ਇਕ ਏਅਰ ਗਨ, ਪਿਸਤੌਲ, ਬਲੈਰੋ ਗੱਡੀ ਸਮੇਤ ਹੋਰ ਤੇਜ਼ਧਾਰ ਹਥਿਆਰ, ਹਥੌੜੀ ਆਦਿ ਬਰਾਮਦ ਕੀਤੀ।

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਐੱਸ. ਪੀ. (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਉਕਤ ਰੋਡ ’ਤੇ ਮੰਗਲਵਾਰ ਤੜਕੇ ਸਾਢੇ ਚਾਰ ਵਜੇ ਦੇ ਲਗਭਗ ਸਵਿੱਤਰੀ ਹਾਈਟ੍ਰਸ 2 ਦੇ ਨੇੜੇ ਸਥਿਤ ਕੋਟਕ ਮਹਿੰਦਰਾ ਬੈਂਕ ਦੇ ਏ. ਟੀ. ਐੱਮ. ਮਸ਼ੀਨ ਨੂੰ ਚਾਰ ਲੁਟੇਰੇ ਪੁੱਟ ਕੇ ਇਕ ਬਲੈਰੋਂ ਗੱਡੀ ਵਿਚ ਲੈ ਗਏ। ਇਸ ਘਟਨਾ ਦੀ ਸੂਚਨਾ ਬੈਂਕ ਦੇ ਨਜ਼ਦੀਕ ਸਥਿਤ ਇਕ ਢਾਬੇ ਵਾਲੇ ਨੇ ਪਟਿਆਲਾ ਰੋਡ ’ਤੇ ਆਪਣੇ ਇਕ ਹੋਰ ਸਾਥੀ ਕਰਮਚਾਰੀ ਨੂੰ ਦਿੱਤੀ, ਜਿਸ ਨੇ ਪਟਿਆਲਾ ਰੋਡ ’ਤੇ ਡਿਊਟੀ ’ਤੇ ਤਾਇਨਾਤ ਹੈੱਡ ਕਾਂਸਟੇਬਲ ਦੀਪ ਚੰਦ ਨੂੰ ਦਿੱਤੀ, ਜਿਸ ਨੇ ਇਸ ਦੀ ਜਾਣਕਾਰੀ ਐੱਸ. ਐੱਚ. ਓ. ਜ਼ੀਰਕਪੁਰ ਰਾਜਪਾਲ ਸਿੰਘ ਗਿੱਲ ਨੂੰ ਦਿੱਤੀ। ਇਸ ਸੂਚਨਾ ਤੋਂ ਬਾਅਦ ਐੱਸ. ਐੱਚ. ਓ. ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸੁਰੂ ਕਰ ਦਿੱਤੀ।

ਸੁੰਨਸਾਨ ਥਾਂ ’ਤੇ ਲਿਜਾਕੇ ਤੋੜਨ ਦੀ ਕੋਸ਼ਿਸ

ਜ਼ੀਰਕਪੁਰ ਪਟਿਆਲਾ ਰੋਡ ’ਤੇ ਏ. ਟੀ. ਐੱਮ. ਮਸ਼ੀਨ ਨੂੰ ਘਸੀਟਦਿਆਂ ਹੋਏ ਲੁਟੇਰੇ ਇਕ ਸੁੰਨਸਾਨ ਥਾਂ ’ਤੇ ਲੈ ਗਏ, ਜਿੱਥੇ ਉਨ੍ਹਾਂ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕਾਮਯਾਬ ਨਹੀਂ ਹੋਏ। ਪੁਲਸ ਨੇ ਸੜਕ ’ਤੇ ਘਸੀਟਣ ਦੇ ਨਿਸ਼ਾਨ ਵੇਖੇ, ਜਿਸ ਤੋਂ ਬਾਅਦ ਇਨ੍ਹਾਂ ਨਿਸ਼ਾਨਾਂ ਦਾ ਪਿੱਛਾ ਕਰਦਿਆਂ ਪੁਲਸ ਪਿੰਡ ਰਾਮਗੜ੍ਹ ਭੁੱਡਾ ਦੇ ਇਲਾਕੇ ’ਚ ਉਸ ਸੁਨਸਾਨ ਥਾਂ ’ਤੇ ਪੁੱਜੀ ਜਿੱਥੇ ਲੁਟੇਰੇ ਏ. ਟੀ. ਐੱਮ. ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਨੇ ਮੌਕੇ ਤੋਂ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਜਦਕਿ ਤਿੰਨ ਫਰਾਰ ਹੋ ਗਏ। ਮੌਕੇ ਤੋਂ ਏ. ਟੀ. ਐੱਮ. ਮਸ਼ੀਨ, ਲੁੱਟ ਲਈ ਇਸਤੇਮਾਲ ਕੀਤੀ ਗਈ ਬਲੈਰੋ ਗੱਡੀ ਨੂੰ ਵੀ ਪੁਲਸ ਨੇ ਬਰਾਮਦ ਕੀਤਾ। ਏ. ਟੀ. ਐੱਮ. ਮਸ਼ੀਨ ਨੂੰ 14 ਲੱਖ ਰੁਪਏ ਦੀ ਨਗਦੀ ਦੱਸੀ ਜਾ ਰਹੀ ਹੈ। ਬੈਂਕ ਅਤੇ ਏ. ਟੀ. ਐੱਮ. ’ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਫਿਲਹਾਲ ਪੁਲਸ ਨੂੰ ਨਹੀਂ ਮਿਲੀ ਹੈ। ਬੈਂਕ ਵੱਲੋਂ ਭਲਕੇ ਫੁਟੇਜ਼ ਮੁਹੱਇਆ ਕਰਵਾਈ ਜਾਵੇਗੀ।

ਢਕੋਲੀ, ਪਿੰਡ ਦਫਰਪੁਰ ਦੇ ਸਨ ਸਾਥੀ, ਯੂ-ਟਿਊਬ ਤੋਂ ਲਿਆ ਆਈਡੀਆ

ਡਾ. ਰਵਜੋਤ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਦੀ ਪਛਾਣ ਅਨਮੋਲ ਅਰੋੜਾ ਪੁੱਤਰ ਰਾਜੇਸ਼ ਕੁਮਾਰ ਵਾਸੀ 126 ਏ ਜਰਨੈਲ ਐਨਕਲੇਵ ਫੇਜ਼1 ਬੈਕ ਸਾਈਡ ਲੱਕੀ ਢਾਬਾ ਭਬਾਤ ਰੋਡ, ਜ਼ੀਰਕਪੁਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 4 ਗੁਰੂ ਨਾਨਕ ਕਾਲੋਨੀ, ਢਕੋਲੀ ਵਜੋਂ ਹੋਈ। ਪੁੱਛਗਿੱਛ ਦੌਰਾਨ ਅਨਮੋਲ ਨੇ ਦੱਸਿਆ ਕਿ ਉਸ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਿਚ ਅਭਿਸ਼ੇਕ ਕਟਿਆਲ ਵਾਸੀ ਹਿੱਲ ਵਿਊ ਐਨਕਲੇਵ ਢਕੋਲੀ, ਦੀਪਕ ਸ਼ਰਮਾ ਪੁੱਤਰ ਹੁਸ਼ਿਆਰ ਚੰਦ ਵਾਸੀ ਪਿੰਡ ਦਫ਼ਰਪੁਰ ਡੇਰਾਬੱਸੀ ਅਤੇ ਗੁਰਪ੍ਰੀਤ ਸਿੰਘ ਉਰਫ਼ ਟਿੰਕੂ ਪੁੱਤਰ ਰਮੇਸ਼ ਵਾਸੀ ਪਿੰਡ ਦੇਵੀ ਨਗਰ ਸੈਕਟਰ 3 ਪੰਚਕੂਲਾ ਸ਼ਾਮਲ ਸਨ। ਇਹ ਤਿੰਨੇ ਮੌਕੇ ਤੋਂ ਫ਼ਰਾਰ ਹੋ ਗਏ ਸਨ, ਜਿਨ੍ਹਾਂ ਦੀ ਤਲਾਸ਼ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਦੋਸ਼ੀਆਂ ਨੇ ਇਸ ਵਾਰਦਾਤ ਦੀ ਯੋਜਨਾ ਯੂ ਟਿਊਬ ਤੋਂ ਵੇਖ ਕੇ ਬਣਾਈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਬਰਾਮਦ ਬਲੈਰੋ ਗੱਡੀ ਚੋਰੀ ਦੀ ਹੈ ਜਿਸ ਤੇ ਜਾਅਲੀ ਨੰਬਰ ਲਗਾਇਆ ਗਿਆ ਸੀ। ਇਸ ਮੌਕੇ ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਮਾਨ, ਗੁਰਪ੍ਰੀਤ ਸਿੰਘ ਬੈਂਸ ਵੀ ਮੌਜੂਦ ਸਨ।


Bharat Thapa

Content Editor

Related News