ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਨਾਲ ਗਰਭਵਤੀ ਬੀਬੀ ਸਣੇ 3 ਦੀ ਮੌਤ, 136 ਨਵੇਂ ਮਾਮਲੇ

Tuesday, Sep 15, 2020 - 11:50 PM (IST)

ਬਠਿੰਡਾ, (ਵਰਮਾ)- ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਇਕ ਗਰਭਵਤੀ ਔਰਤ ਸਣੇ 3 ਲੋਕਾਂ ਦੀ ਮੌਤ ਹੋ ਗਈ ਅਤੇ 136 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲੇ ’ਚ ਮੌਤਾਂ ਦਾ ਅੰਕੜਾ 78 ਤੱਕ ਪਹੁੰਚ ਗਿਆ ਹੈ। 30 ਸਾਲਾ ਗਰਭਵਤੀ ਔਰਤ ਜੋ ਬਰਨਾਲਾ ਦੀ ਰਹਿਣ ਵਾਲੀ ਸੀ ਡਿਲਵਰੀ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਪ੍ਰੈਗਮਾ ’ਚ ਭਰਤੀ ਹੋਈ ਸੀ, ਜਿਸ ਨੂੰ ਸਾਹ ਲੈਣ ’ਚ ਦਿੱਕਤ ਸੀ ਅਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਉਹ 10 ਸਤੰਬਰ ਨੂੰ ਹਸਪਤਾਲ ’ਚ ਦਾਖਲ ਹੋਈ ਸੀ ਅਤੇ ਰਿਪੋਰਟ ਪਾਜ਼ੇਟਿਵ ਆਈ। ਨੌਜਵਾਨ ਵੈੱਲਫੇਅਰ ਸੋਸਾਇਟੀ ਵਲੋਂ ਔਰਤ ਦੀ ਲਾਸ਼ ਨੂੰ ਹਸਪਤਾਲ ਦੀ ਮੌਰਚਰੀ ’ਚ ਰੱਖਿਆ ਗਿਆ ਹੈ, ਦੂਜੀ ਮੌਤ 45 ਸਾਲਾ ਵਿਅਕਤੀ ਦੀ ਹੋਈ ਜੋ ਗੋਨਿਆਣਾ ਦਾ ਰਹਿਣ ਵਾਲਾ ਸੀ। ਉਸਦੀ ਛਾਤੀ ’ਚ ਦਰਦ, ਤੇਜ਼ ਬੁਖਾਰ, ਖੰਘ ਦੇ ਕਾਰਨ ਸਾਹ ਲੈਣ ’ਚ ਦਿੱਕਤ ਸੀ। ਕੋਰੋਨਾ ਟੈਸਟ ਦੌਰਾਨ ਉਹ ਪਾਜ਼ੇਟਿਵ ਪਾਇਆ ਗਿਆ। ਨਿੱਜੀ ਹਸਪਤਾਲ ’ਚ ਦਾਖਲ ਉਕਤ ਵਿਅਕਤੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਜਿਸਦਾ ਸਸਕਾਰ ਸਹਾਰਾ ਜਨ ਸੇਵਾ ਵਲੋਂ ਰਾਮਬਾਗ ਬਠਿੰਡਾ ’ਚ ਕੀਤਾ ਗਿਆ। ਇਸ ਦੌਰਾਨ ਪਰਿਵਾਰ ਦੇ ਕੁਝ ਮੈਂਬਰ ਅਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਸਨ।

ਤੀਜੀ ਮੌਤ 70 ਸਾਲਾ ਸ਼ਹਿਰੀ ਵਿਅਕਤੀ ਦੀ ਹੋਈ ਉਸ ਨੂੰ ਸਰਦੀ, ਜੁਕਾਮ ਅਤੇ ਖੰਘ ਦੀ ਸ਼ਿਕਾਇਤ ਸੀ। ਤੇਜ਼ ਬੁਖਾਰ ਦੇ ਕਾਰਨ ਜਦੋਂ ਉਸਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਨਿਕਲਿਆ। ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ’ਚ ਭਰਤੀ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸਦੀ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਫਰੀਦਕੋਟ ਤੋਂ ਬਠਿੰਡਾ ਲਿਆਂਦਾ ਗਿਆ ਅਤੇ ਉਸਦਾ ਅੰਤਿਮ ਸੰਸਕਾਰ ਸੋਨੂੰ ਮਹੇਸ਼ਵਰੀ ਦੀ ਟੀਮ ਵਲੋਂ ਜ਼ਿਲਾ ਪ੍ਰਸ਼ਾਸਨ ਦੀ ਮੌਜੂਦਗੀ ’ਚ ਕੀਤਾ ਗਿਆ।

ਨਵੇਂ ਆਏ ਪਾਜ਼ੇਟਿਵ ਮਾਮਲਿਆਂ ’ਚ 12 ਮਾਮਲੇ ਛਾਉਣੀ ਖੇਤਰ ਦੇ ਹਨ, ਜਦਕਿ ਇਸ ਤੋਂ ਇਲਾਵਾ ਰਾਮਪੁਰਾ, ਭਗਤਾ, ਕੋਠਾਗੁਰੂ, ਜੋਗਾਨੰਦ, ਮਾਡਲ ਟਾਊਨ, ਨਾਰਥ ਅਸਟੇਟ, ਪਰਸਰਾਮ ਨਗਰ, ਏਅਰਫੋਰਸ, ਚੰਦਭਾਨ, ਭੁੱਚੋ ਮੰਡੀ ਅਤੇ ਹੋਰ ਸ਼ਾਮਲ ਹਨ।

ਪਿਛਲੇ 24 ਘੰਟਿਆਂ ਦੌਰਾਨ 797 ਲੋਕਾਂ ਦੇ ਸੈਂਪਲ ਲਏ ਗਏ, ਰਾਹਤ ਇਹ ਹੈ ਕਿ 682 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ। ਜ਼ਿਲੇ ’ਚ ਹੁਣ ਤੱਕ 46915 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਉਥੇ ਹੁਣ ਤੱਕ ਜ਼ਿਲੇ ’ਚ 4358 ਕੇਸ ਕੋਰੋਨਾ ਦੇ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚ 560 ਹੋਰ ਜ਼ਿਲਿਆਂ ਦੇ ਵੀ ਸ਼ਾਮਲ ਹਨ। 2606 ਲੋਕ ਹਸਪਤਾਲ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਜ਼ਿਲਾ ਪ੍ਰਸ਼ਾਸਨ ਲਈ ਰਾਹਤ ਦੀ ਗੱਲ ਇਹ ਹੈ ਕਿ ਰਿਕਵਰੀ ਦਰ ਪਹਿਲਾਂ ਤੋਂ ਸੁਧਾਰ ਹੋ ਰਿਹਾ ਹੈ, ਜਦਕਿ ਇਸ ਸਮੇਂ ਕੇਵਲ 982 ਇਸ ਤਰ੍ਹਾਂ ਦੇ ਮਾਮਲੇ ਹਨ ਜੋ ਹਸਪਤਾਲਾਂ ਅਤੇ ਘਰਾਂ ’ਚ ਆਈਸੋਲੇਟ ਕੀਤੇ ਗਏ ਹਨ।


Bharat Thapa

Content Editor

Related News