ਧੋਖਾ ਹੈ 13 ਨੁਕਾਤੀ ਏਜੰਡਾ, ਸਿਰਫ਼ ਬੇਅਦਬੀ ਦੇ ਇਨਸਾਫ਼ ਬਾਰੇ ਹੀ ਦੱਸ ਦੇਣ ਕਾਂਗਰਸੀ : ਹਰਪਾਲ ਚੀਮਾ

Sunday, Nov 14, 2021 - 06:06 PM (IST)

ਧੋਖਾ ਹੈ 13 ਨੁਕਾਤੀ ਏਜੰਡਾ, ਸਿਰਫ਼ ਬੇਅਦਬੀ ਦੇ ਇਨਸਾਫ਼ ਬਾਰੇ ਹੀ ਦੱਸ ਦੇਣ ਕਾਂਗਰਸੀ : ਹਰਪਾਲ ਚੀਮਾ

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਰਕਾਰ ਦੇ 13 ਨੁਕਾਤੀ ਏਜੰਡੇ ਸਬੰਧੀ ਕੀਤੇ ਗਏ ਦਾਅਵੇ ਨੂੰ ਮਹਿਜ਼ ਛਲਾਵਾ ਕਰਾਰ ਦਿੰਦਿਆਂ ਇਕ ਨੁਕਾਤੀ ਜਵਾਬ ਮੰਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਸਾਜ਼ਿਸ਼ਘਾੜਿਆਂ ਸਮੇਤ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਕਦੋਂ ਮਿਲੇਗੀ? ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨਾਂ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਦੇ 13 ਨੁਕਾਤੀ ਏਜੰਡੇ ’ਤੇ ਤੰਜ ਕੱਸਦਿਆਂ ਚੁਣੌਤੀ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ਼ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਪੰਜਾਬ ਦੀ ਜਨਤਾ ਨੂੰ ਸਪੱਸ਼ਟ ਕਰ ਦੇਣ ਕਿ ਸਾਰੇ ਸਾਜ਼ਿਸ਼ਕਰਤਾ ਅਤੇ ਦੋਸ਼ੀਆਂ ਨੂੰ ਕਿੰਨੇ ਦਿਨਾਂ ਦੇ ਅੰਦਰ-ਅੰਦਰ ਮਿਸਾਲੀ ਸਜ਼ਾ ਮਿਲੇਗੀ? ਚੀਮਾ ਨੇ ਕਿਹਾ ਕਿ ਅਜੇ ਤੱਕ ਇਨ੍ਹਾਂ ਮਾਮਲਿਆਂ ਦੀ ਜਾਂਚ ਹੀ ਮੁਕੰਮਲ ਨਹੀਂ ਹੋਈ ਅਤੇ ਨਾ ਹੀ ਚਲਾਨ ਪੇਸ਼ ਕਰਨ ਦੀ ਅੰਤਿਮ ਪ੍ਰਕਿਰਿਆ ਪੂਰੀ ਹੋਈ ਹੈ। ਫਿਰ ਚੰਨੀ ਸਰਕਾਰ ਅਤੇ ਕਾਂਗਰਸ ਪ੍ਰਧਾਨ ਬੇਅਦਬੀ ਤੇ ਬਹਿਬਲ ਕਲਾਂ ਮਾਮਲੇ 'ਚ ਇਨਸਾਫ਼ ਸੰਬੰਧੀ ਹਵਾ ’ਚ ਤੀਰ ਮਾਰ ਕੇ ‘ਗੁਰੂ ਸਾਹਿਬ’ ਦੀ ਵਾਰ-ਵਾਰ ਬੇਅਦਬੀ ਕਿਉਂ ਕਰ ਰਹੇ ਹਨ?

ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ-ਮੇਰੇ ਪਤੀ ਕਦੀ ਵੀ ਪਿੱਠ ਦਿਖਾ ਕੇ ਪਾਰਟੀ ਨਹੀਂ ਛੱਡਦੇ (ਵੀਡੀਓ)

ਚੀਮਾ ਨੇ ਚੁਣੌਤੀ ਦਿੱਤੀ ਕਿ ਜੇਕਰ ਚੰਨੀ ਅਤੇ ਸਿੱਧੂ ’ਚ ਗੁਰੂ ਅਤੇ ਗੁਰੂ ਦੀ ਸੰਗਤ ਪ੍ਰਤੀ ਜ਼ਰਾ ਜਿੰਨਾ ਵੀ ਸਨਮਾਨ ਹੈ ਤਾਂ ਉਹ ਗੁਰੂ ਸਾਹਿਬ ਦੇ ਦੋਖੀਆਂ ਨੂੰ ਅਗਲੇ ਚੰਦ ਦਿਨਾਂ ’ਚ ਮਿਸਾਲੀ ਸਜ਼ਾ ਯਕੀਨੀ ਬਣਾਉਣ। ਚੀਮਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਰਵਿੰਦ ਕੇਜਰੀਵਾਲ ਦੀ 49 ਦਿਨਾਂ ਸਰਕਾਰ ਦੀ ਮਿਸਾਲ ਦਿੰਦਿਆਂ ਪੁੱਛਿਆ, ‘‘ਪਿਛਲੇ 2 ਮਹੀਨਿਆਂ ਤੋਂ ਸੂਬੇ ਦੀ ਮੁਕੰਮਲ ਕਮਾਨ ਤੁਹਾਡੇ ਦੋਵਾਂ ਦੇ ਹੱਥ ’ਚ ਹੈ ਪਰ ਜ਼ਮੀਨ ’ਤੇ ਕੁਝ ਵੀ ਨਹੀਂ ਬਦਲਿਆ। ਜਨਤਾ ਨੂੰ ਗੁੰਮਰਾਹ ਕਰਨ ਲਈ ਡਰਾਮੇਬਾਜ਼ੀ ਅਤੇ ਝੂਠੇ ਅੰਕੜੇ ਪੇਸ਼ ਕਰਨ ਲਈ ਸਰਕਾਰੀ ਖ਼ਜ਼ਾਨੇ ਦੀ ਅੰਨ੍ਹੇਵਾਹ ਦੁਰਵਰਤੋਂ ਹੋ ਰਹੀ ਹੈ। ਭ੍ਰਿਸ਼ਟਾਚਾਰ ਜਿਉਂ ਦਾ ਤਿਉਂ ਹੈ। ਬਹੁਭਾਂਤੀ ਮਾਫ਼ੀਆ ਪਹਿਲਾਂ ਵਾਂਗ ਹੀ ਭਾਰੂ ਹੈ। ਨਿੱਜੀ ਬਿਜਲੀ ਕੰਪਨੀਆਂ ਦਾ ਦਬਦਬਾ ਬਰਕਾਰ ਹੈ, ਜਿਸ ਕਾਰਨ ਤੁਸੀਂ (ਚੰਨੀ-ਸਿੱਧੂ) ਮਾਰੂ ਬਿਜਲੀ ਖ਼ਰੀਦ ਸਮਝੌਤਿਆਂ (ਪੀ.ਪੀ.ਏਜ਼) ਨੂੰ ਰੱਦ ਕਰਨ ਤੋਂ ਭੱਜ ਗਏ ਅਤੇ ਸੋਧਾਂ ’ਤੇ ਆ ਗਏ, ਜਦਕਿ ਦਾਅਵੇ ਇਹ ਸਨ ਕਿ ਸਾਨੂੰ (ਸਿੱਧੂ-ਚੰਨੀ) ਨੂੰ ਕਮਾਨ-ਮਿਲਣ ਉਪਰੰਤ 4 ਦਿਨਾਂ 'ਚ ਬਿਜਲੀ ਸਮਝੌਤੇ ਰੱਦ ਕਰ ਦਿੱਤੇ ਜਾਣਗੇ। ਇਸੇ ਤਰ੍ਹਾਂ ਬੇਰੁਜ਼ਗਾਰੀ, ਬੇਰੁਜ਼ਗਾਰੀ ਭੱਤੇ, ਕਿਸਾਨ-ਮਜ਼ਦੂਰ ਕਰਜ਼ੇ ਅਤੇ ਹੋਰ ਸਾਰੇ ਭਖਵੇਂ ਮੁੱਦੇ ਵੀ ਜਿਉਂ ਦੇ ਤਿਉਂ ਲੰਬਿਤ ਪਏ ਹਨ ਕਿਉਂਕਿ ਇਨ੍ਹਾਂ ਦੋ ਮਹੀਨਿਆਂ 'ਚ ਕਾਂਗਰਸੀ ਆਗੂਆਂ ਨੇ ਜਾਂ ਤਾਂ ਇਕ-ਦੂਜੇ ਦੀਆਂ ਲੱਤਾਂ ਖਿੱਚੀਆਂ ਹਨ ਅਤੇ ਜਾਂ ਫਿਰ ਚੰਨੀ ਸਾਹਿਬ ਨੇ ਦਿੱਲੀ ਦਰਬਾਰ ਦੇ ਗੇੜੇ ਲਗਾਏ ਹਨ। ਬਾਕੀ ਬਚਦਾ ਸਮਾਂ ਡਰਾਮੇਬਾਜੀਆਂ ਅਤੇ ਹੋਛੀ ਸ਼ੋਹਰਤ ਬਟੋਰਨ ’ਤੇ ਲਗਾ ਦਿੱਤਾ।’’

ਇਹ ਵੀ ਪੜ੍ਹੋ : ਅਕਾਲੀ ਦਲ-ਬਸਪਾ ਸਰਕਾਰ ਬਣਨ ’ਤੇ ਕੀਤੀ ਜਾਵੇਗੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ : ਸੁਖਬੀਰ ਬਾਦਲ

ਚੀਮਾ ਨੇ ਕਿਹਾ ਕਿ ਪੌਣੇ ਪੰਜ ਸਾਲ ਬਰਬਾਦ ਕਰਕੇ ਕਾਂਗਰਸ ਨੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਬੇਸ਼ੱਕ ‘ਅਲੀਬਾਬਾ’ ਬਦਲ ਦਿੱਤਾ ਪਰ ਆਪਣਾ ਛਲ਼ ਕਪਟੀ ਕਿਰਦਾਰ ਅਤੇ ਭ੍ਰਿਸ਼ਟ ਮਿਜ਼ਾਜ ਨਹੀਂ ਬਦਲਿਆ ਕਿਉਂਕਿ ਭ੍ਰਿਸ਼ਟਾਚਾਰ, ਝੂਠ, ਫ਼ਰੇਬ, ਦਿਖਾਵਾ, ਦੰਭ, ਮੌਕਾਪ੍ਰਸਤੀ ਅਤੇ ਢੀਠਤਾ ਕਾਂਗਰਸ ਦੇ ਖ਼ੂਨ ’ਚ ਰਲਗੱਡ  ਹੋ ਗਈ ਹੈ, ਜੇਕਰ ਅਜਿਹਾ ਨਾ ਹੁੰਦਾ ਤਾਂ ਕਾਂਗਰਸੀ ਸ੍ਰੀ ਗੁਟਕਾ ਸਾਹਿਬ ਜੀ ਦੀ ਸਹੁੰ ਉੱਤੇ ਹਰ ਹਾਲ ਖਰਾ ਉੱਤਰਦੇ। ਚੀਮਾ ਮੁਤਾਬਿਕ ਜੋ ਚੋਣਾਂ ਜਿੱਤਣ ਲਈ 'ਗੁਰੂ' ਦਾ ਨਾਂ ਵਰਤ ਕੇ ਮੁੱਕਰ ਸਕਦੇ ਹਨ। ਅਜਿਹੇ ਅਕ੍ਰਿਤਘਣ ਲਈ ਆਮ ਲੋਕਾਂ ਦੀ ਕੀ ਹੈਸੀਅਤ ਹੋਵੇਗੀ? ਇਸ ਦਾ ਅੰਦਾਜ਼ਾ ਕਾਂਗਰਸ ਦੀ ਪੌਣੇ ਪੰਜ ਸਾਲਾਂ ਦੀ ਕਾਰਜਸ਼ੈਲੀ ਤੋਂ ਸਹਿਜੇ ਹੀ ਲੱਗ ਜਾਂਦਾ ਹੈ।
ਚੀਮਾ ਨੇ ਕਿਹਾ ਕਿ ਜੇਕਰ ਸਿੱਧੂ ਅਤੇ ਚੰਨੀ ਇਹ ਸਮਝਦੇ ਹਨ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬਜ਼ੁਰਗਾਂ, ਵਪਾਰੀਆਂ ਅਤੇ ਗ਼ਰੀਬਾਂ ਨਾਲ 2017 ’ਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਕਾਂਗਰਸ 2022 ਦੀਆਂ ਚੋਣਾਂ ਮੌਕੇ ਆਪਣੇ ਕੰਮਾਂ-ਕਾਰਾਂ ਅਤੇ ਕਾਰਗੁਜ਼ਾਰੀ ਦੇ ਆਧਾਰ 'ਤੇ ਲੋਕਾਂ ਕੋਲੋਂ ਉਸੇ ਤਰੀਕੇ ਵੋਟਾਂ ਮੰਗਣ, ਜਿਵੇਂ ਆਪਣੀ ਪੰਜ ਸਾਲਾ ਸਰਕਾਰ ਉਪਰੰਤ ਅਰਵਿੰਦ ਕੇਜਰੀਵਾਲ ਨੇ 2020 ਦੀਆਂ ਚੋਣਾਂ ਮੌਕੇ ਦਿੱਲੀ ਦੀ ਜਨਤਾ ਕੋਲੋਂ ਮੰਗੀਆਂ ਸਨ ਕਿ ਜੇਕਰ ਕੇਜਰੀਵਾਲ ਸਰਕਾਰ ਨੇ ਕੰਮ ਕੀਤਾ ਤਾਂ ਵੋਟ ਦਿੱਤੀ ਜਾਵੇ, ਵਰਨਾ ਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਚੁੱਘ ਦੇ CM ਚੰਨੀ ਤੇ ਸਿੱਧੂ ’ਤੇ ਸ਼ਬਦੀ ਹਮਲੇ, ਕਿਹਾ-ਲਾਲ ਕਿਲ੍ਹਾ ਹਿੰਸਾ ਮਾਮਲੇ ’ਚ 2-2 ਲੱਖ ਵੰਡਣਾ ਗ਼ੈਰ-ਸੰਵਿਧਾਨਿਕ


author

Manoj

Content Editor

Related News