ਪੰਜਾਬ ''ਚ ''ਕੈਂਸਰ'' ਜਿਹੀ ਭਿਆਨਕ ਬੀਮਾਰੀ ਦੇ 1235 ਮਰੀਜ਼ ਆਏ ਸਾਹਮਣੇ

Wednesday, Feb 05, 2020 - 09:01 AM (IST)

ਚੰਡੀਗੜ੍ਹ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਕੈਂਸਰ ਦੇ 1235 ਮਰੀਜ਼ਾਂ 'ਚ ਕੈਂਸਰ ਦੀ ਬਿਮਾਰੀ ਪਾਈ ਗਈ , ਜਿਨ੍ਹਾਂ 'ਚੋਂ ਓਰਲ ਕੈਂਸਰ ਦੇ 373, ਬ੍ਰੈਸਟ ਕੈਂਸਰ ਲਈ 427 ਅਤੇ ਸਰਵਾਈਕਲ ਕੈਂਸਰ ਦੇ 435 ਮਾਮਲੇ ਸਾਹਮਣੇ ਆਏ। ਉਨ੍ਹਾਂ ਅੱਗੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੀ ਆਬਾਦੀ ਏ. ਐਨ. ਐਮਜ਼ ਵਲੋਂ 3 ਕਿਸਮ ਦੇ ਕੈਂਸਰ ਜਿਵੇਂ ਓਰਲ, ਬ੍ਰੈਸਟ ਅਤੇ ਸਰਵਾਈਕਲ ਲਈ ਜਾਂਚ ਕੀਤੀ ਜਾ ਰਹੀ ਹੈ। ਕੈਂਸਰਾਂ ਦੀ ਛੇਤੀ ਪਛਾਣ ਲਈ ਲਗਭਗ 4200 ਏ. ਐਨ. ਐਮ ਅਤੇ 18000 ਤੋਂ ਵੱਧ ਹੋਰ ਪੈਰਾ- ਮੈਡੀਕਲ ਸਟਾਫ ਨੂੰ ਇਨ੍ਹਾਂ ਮਰੀਜ਼ਾਂ ਦੀ ਪਛਾਣ ਕਰਨ ਲਈ  ਸਿਖਲਾਈ ਦਿੱਤੀ ਜਾ ਰਹੀ ਹੈ। ਸਕ੍ਰੀਨਿੰਗ ਦੌਰਾਨ ਪਾਏ ਗਏ ਸ਼ੱਕੀ ਮਾਮਲਿਆਂ ਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ।
ਬਲਬੀਰ ਸਿੱਧੂ ਨੇ ਕਿਹਾ ਕਿ ਜੇਕਰ ਪਹਿਲੇ ਪੜਾਅ 'ਚ ਪਤਾ ਲੱਗ ਜਾਵੇ ਤਾਂ ਕੈਂਸਰ ਦਾ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਸਾਲ 'ਵਿਸ਼ਵ ਕੈਂਸਰ ਦਿਵਸ' ਦਾ ਵਿਸ਼ਾ ਵੀ 'ਮੈਂ ਹਾਂ ਅਤੇ ਮੈਂ ਕਰਾਂਗਾ' ਰੱਖਿਆ ਗਿਆ”ਤਾਂ ਜੋ ਕੈਂਸਰ ਵਿਰੁੱਧ ਲੜਨ ਦੇ ਮਹੱਤਵ ਨੂੰ ਉਜਾਗਰ ਕੀਤਾ ਜਾ ਸਕੇ। ਦਰਅਸਲ, ਸੂਬੇ ਦੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਅਤੇ ਕੈਂਸਰ ਦੀ ਰੋਕਥਾਮ, ਖੋਜ ਅਤੇ ਇਲਾਜ ਨੰ ਉਤਸ਼ਾਹਤ ਕਰਨ ਲਈ, ਰਾਜ ਦੇ ਸਾਰੇ ਸਰਕਾਰੀ ਸਿਹਤ ਅਦਾਰਿਆਂ 'ਚ 'ਵਿਸ਼ਵ ਕੈਂਸਰ ਦਿਵਸ' ਮਨਾਇਆ ਗਿਆ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਾਰੇ ਜ਼ਿਲਿਆਂ ਦੀਆਂ ਸਿਹਤ ਸੰਸਥਾਂਵਾਂ ਵਿਖੇ ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਹਨ ਤਾਂ ਜੋ ਲੋਕਾਂ ਨੂੰ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਸਕੇ। ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼” ਯੋਜਨਾ ਤਹਿਤ ਹਰੇਕ ਮਰੀਜ਼ ਨੂੰ 1.50 ਲੱਖ (ਇਕ ਲੱਖ ਪੰਜਾਹ ਹਜ਼ਾਰ) ਦੀ ਵਿੱਤੀ ਸਹਾਇਤਾ ਵੀ ਕੀਤੀ ਜਾ ਰਹੀ ਹੈ।


Babita

Content Editor

Related News