12 ਕਿਲੋ ਚੂਰਾ-ਪੋਸਤ ਬਰਾਮਦ, 3 ਗ੍ਰਿਫਤਾਰ
Monday, Sep 18, 2017 - 12:42 AM (IST)
ਫ਼ਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਆਵਲਾ)- ਥਾਣਾ ਅਮੀਰਖਾਸ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਗੰਗਾਨਗਰ ਤੋਂ ਅੰਮ੍ਰਿਤਸਰ ਜਾ ਰਹੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ 'ਚੋਂ 12 ਕਿਲੋ ਚੂਰਾ-ਪੋਸਤ ਬਰਾਮਦ ਕਰ ਕੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਅਮੀਰਖਾਸ ਦੀਆਂ ਨਹਿਰਾਂ ਦੇ ਪੁਲ 'ਤੇ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਪ੍ਰਾਈਵੇਟ ਬੱਸ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਬੱਸ ਦੇ ਟੂਲ ਬਾਕਸ 'ਚੋਂ ਉਕਤ ਚੂਰਾ-ਪੋਸਤ ਬਰਾਮਦ ਹੋਇਆ। ਇਸ ਬਰਾਮਦਗੀ ਨੂੰ ਲੈ ਕੇ ਪੁਲਸ ਨੇ ਜਸਵਿੰਦਰ ਸਿੰਘ ਉਰਫ ਛਿੰਦਾ, ਇੰਦਰਜੀਤ ਸਿੰਘ ਉਰਫ ਬੂਰਾ ਤੇ ਪ੍ਰੇਮ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਨਸ਼ੀਲੇ ਪਦਾਰਥਾਂ ਸਣੇ 2 ਗ੍ਰਿਫਤਾਰ
ਫ਼ਿਰੋਜ਼ਪੁਰ(ਕੁਮਾਰ)- ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਮੱਲਾਂਵਾਲਾਂ ਦੀ ਪੁਲਸ ਨੇ 2 ਵੱਖ-ਵੱਖ ਮਾਮਲਿਆਂ ਵਿਚ ਦੋ ਵਿਅਕਤੀਆਂ ਨੂੰ 300 ਨਸ਼ੀਲੀਆਂ ਗੋਲੀਆਂ ਤੇ ਢਾਈ ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਗਸ਼ਤ ਦੌਰਾਨ ਪਿੰਡ ਬੰਡਾਲਾ ਦੇ ਏਰੀਆ ਵਿਚ ਸੰਪੂਰਨ ਸਿੰਘ ਡਾਕਟਰ ਨੂੰ ਕਾਬੂ ਕਰ ਕੇ ਉਸ ਕੋਲੋਂ ਉਕਤ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਦੂਸਰੇ ਪਾਸੇ ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਬਸਤੀ ਜੋਗਿੰਦਰ ਸਿੰਘ ਵਾਲੀ ਏਰੀਆ ਵਿਚ ਪੁਲਸ ਨੇ ਗਸ਼ਤ ਦੌਰਾਨ ਨਛੱਤਰ ਸਿੰਘ ਉਰਫ ਫੱਤਾ ਨੂੰ ਢਾਈ ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਲੋਕਾਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ।
