ਗੁੱਜਰ ਹੋਏ ਘਰੋਂ ਬੇਘਰ, 12 ਕੁੱਲੇ ਸੜ ਕੇ ਸੁਆਹ

05/15/2019 12:44:19 AM

ਬੇਗੋਵਾਲ, (ਰਜਿੰਦਰ, ਬਬਲਾ)-ਬੀਤੀ ਰਾਤ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਤੇਜ਼ ਹਨੇਰੀ ਤੇ ਤੂਫਾਨ ਨਾਲ ਇੰਨੀ ਜ਼ਿਆਦਾ ਮਚ ਗਈ ਕਿ ਜਿਸ ਨੇ ਪਿੰਡ ਮੰਡਕੁੱਲਾ ਵਿਚ ਗੁੱਜਰਾਂ ਪਰਿਵਾਰਾਂ ਦੇ ਕੁੱਲਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਅੱਗ ਨਾਲ ਗੁੱਜਰ ਪਰਿਵਾਰਾਂ ਦੇ 12 ਕੁੱਲੇ ਸੜ ਕੇ ਸੁਆਹ ਹੋ ਗਏ ਜਿਨ੍ਹਾਂ ਵਿਚੋਂ 9 ਕੁੱਲੇ ਰਿਹਾਇਸ਼ੀ ਤੇ ਤਿੰਨ ਕੁੱਲੇ ਪਸ਼ੂਆਂ ਦਾ ਰੈਣ-ਬਸੇਰਾ ਦੱਸੇ ਗਏ ਹਨ। ਇਸ ਅੱਗ ਨਾਲ ਜਿਥੇ ਗੁੱਜਰ ਪਰਿਵਾਰਾਂ ਦੇ ਘਰ ਦਾ ਸਾਮਾਨ ਦਾ ਵੱਡਾ ਨੁਕਸਾਨ ਹੋਇਆ ਹੈ, ਉਥੇ ਗੁੱਜਰ ਪਰਿਵਾਰ ਘਰੋਂ-ਬੇਘਰ ਹੋ ਗਏ ਹਨ।

PunjabKesari
ਜਾਣਕਾਰੀ ਅਨੁਸਾਰ ਬੀਤੀ ਰਾਤ ਬੇਗੋਵਾਲ ਇਲਾਕੇ ਦੇ ਪਿੰਡ ਮੰਡਕੁੱਲਾ ਇਲਾਕੇ ਦੇ ਖੇਤਾਂ ਵਿਚ ਨਾੜ ਨੂੰ ਅੱਗ ਲੱਗੀ ਹੋਈ ਸੀ। ਇਸੇ ਦਰਮਿਆਨ ਤੇਜ਼ ਹਨੇਰੀ ਤੇ ਤੂਫਾਨ ਆ ਗਿਆ ਜਿਸ ਨਾਲ ਇਹ ਅੱਗ ਮਚਦੀ ਹੋਈ ਤੇਜ਼ੀ ਨਾਲ ਅੱਗੇ ਵਧੀ ਜਿਸ ਨੇ ਪਿੰਡ ਮੰਡਕੁੱਲਾ ਦੇ ਇਲਾਕੇ ਵਿਚ ਗੁੱਜਰ ਪਰਿਵਾਰ ਦੇ ਕੁੱਲਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਨ੍ਹਾਂ ਕੁੱਲਿਆਂ ਵਿਚ ਈਸਾ ਪੁੱਤਰ ਦਲਵੀਰ ਤੇ ਉਸ ਦੇ 6 ਪੁੱਤਰ ਅਤੇ ਯੂਸਫ ਪੁੱਤਰ ਉਮਰਦੀਨ ਦਾ ਪਰਿਵਾਰ ਰਹਿੰਦਾ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਈਸਾ ਦੇ ਪੁੱਤਰ ਕਾਲੂ ਨੇ ਦੱਸਿਆ ਕਿ ਸਾਡੇ ਪਰਿਵਾਰਾਂ ਦੇ 7 ਕੁੱਲੇ ਰਿਹਾਇਸ਼ੀ ਤੇ 2 ਕੁੱਲੇ ਪਸ਼ੂਆਂ ਦੇ ਸਨ, ਜੋ ਸੜ ਕੇ ਸੁਆਹ ਹੋ ਗਏ, ਜਦਕਿ ਪਸ਼ੂਆਂ ਨੂੰ ਬਚਾ ਲਿਆ ਗਿਆ ਹੈ। ਕਾਲੂ ਅਨੁਸਾਰ ਅਸੀਂ ਸਾਰੇ ਭਰਾ ਜ਼ਮੀਨ ਠੇਕੇ 'ਤੇ ਲੈ ਕੇ ਖੇਤੀਬਾੜੀ ਕਰਦੇ ਹਾਂ। ਸਾਡੇ ਕੁੱਲਿਆਂ ਵਿਚ ਘਰ ਦਾ ਸਾਰਾ ਸਾਮਾਨ, ਬੀਜਣ ਲਈ ਰੱਖੀ 30 ਕੁਇੰਟਲ ਕਣਕ, ਖਾਣ ਵਾਸਤੇ ਤਿੰਨ ਡਰੰਮਾਂ ਵਿਚ ਰੱਖੀ ਕਣਕ, ਬਰਤਨ, ਦੋ ਮੋਟਰਸਾਈਕਲ, 2 ਟਰਾਲੀਆਂ, ਰੀਪਰ, 18 ਤੋਲੇ ਸੋਨੇ ਦੇ ਗਹਿਣੇ ਆਦਿ ਸੜ ਗਏ ਹਨ। ਇਸ ਤੋਂ ਇਲਾਵਾ ਮੇਰੀ ਤੇ ਮੇਰੇ ਭਰਾਵਾਂ ਤੇ ਪਰਿਵਾਰ ਵੱਲੋਂ ਘਰਾਂ ਵਿਚ ਰੱਖੀ ਨਕਦੀ ਵੀ ਸੜ ਗਈ ਸੀ, ਜਿਸ ਦੀ ਸਾਨੂੰ ਆਰਥਿਕ ਤੌਰ 'ਤੇ ਬਹੁਤ ਵੱਡੀ ਮਾਰ ਪਈ ਹੈ। ਕਾਲੂ ਅਨੁਸਾਰ ਅਸੀਂ ਜਿਹੜੇ ਕੱਪੜੇ ਪਾਏ ਹੋਏ ਹਨ, ਹੁਣ ਇਹੀ ਸਾਡੇ ਕੋਲ ਹਨ ਤੇ ਹੋਰ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਹੈ।

PunjabKesari
ਦੂਜੇ ਪਾਸੇ ਯੂਸਫ ਦੇ ਪੁੱਤਰ ਮੁੰਨੀ ਨੇ ਦੱਸਿਆ ਕਿ ਸਾਡੇ ਤਿੰਨ ਕੁੱਲੇ ਸੜੇ ਹਨ, ਜਿਸ ਵਿਚ 2 ਰਿਹਾਇਸ਼ੀ ਤੇ ਇਕ ਕੁੱਲ ਪਸ਼ੂਆਂ ਦਾ ਸੀ। ਮੁੰਨੀ ਅਨੁਸਾਰ ਸਾਡੇ ਪਰਿਵਾਰ ਦੀ ਟਰਾਲੀ, 30 ਟਰਾਲੀਆ ਤੂੜੀ, ਇੰਜਣ, ਟੋਕਾ, 2 ਫਰਾਟੇ ਪੱਖੇ, ਛੱਤ ਵਾਲਾ ਪੱਖਾ, ਨੌਂ ਮੰਜੇ, ਬੈੱਡ, ਘਰੇਲੂ ਸਾਮਾਨ, ਭਾਂਡੇ, ਬਿਸਤਰੇ, ਕੱਪੜੇ, 2 ਸਾਈਕਲ, ਇਕ ਸਕੂਟਰ, 70-80 ਬਾਂਸ ਆਦਿ ਸੜ ਗਏ ਹਨ ਜਦਕਿ ਅੱਗ ਨਾਲ ਇਕ ਵੱਛਾ, ਇਕ ਕੱਟੀ ਤੇ 7 ਕੁੱਕੜ ਵੀ ਮਰ ਗਏ ਹਨ।
ਦੱਸਣਯੋਗ ਹੈ ਕਿ ਬੀਤੀ ਰਾਤ ਤੂਫਾਨੀ ਅੱਗ ਨਾਲ ਮਚੀ ਤਬਾਹੀ ਕਾਰਨ ਜਲੰਧਰ ਤੋਂ 2, ਕਪੂਰਥਲਾ ਤੋਂ 2 ਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀ ਇਕ ਗੱਡੀ ਬੇਗੋਵਾਲ ਦੇ ਇਸ ਇਲਾਕੇ ਵਿਚ ਅੱਗ 'ਤੇ ਰਾਹਤ ਪਾਉਣ ਲਈ ਪੁੱਜੀ ਪਰ ਇਨ੍ਹਾਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਵੱਡਾ ਨੁਕਸਾਨ ਹੋ ਚੁੱਕਾ ਸੀ।

ਐੱਸ. ਡੀ. ਐੱਮ. ਨੇ ਲਿਆ ਜਾਇਜ਼ਾ, ਕੀਤਾ ਰਾਹਤ ਰਾਸ਼ੀ ਦਾ ਐਲਾਨ 
ਗੁੱਜਰ ਪਰਿਵਾਰਾਂ ਦੇ ਕੁੱਲਿਆਂ ਨੂੰ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਸਬ ਡਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਵੱਲੋਂ ਜਾਇਜ਼ਾ ਲਿਆ ਗਿਆ ਤੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ। ਗੱਲਬਾਤ ਕਰਦਿਆਂ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਨੇ ਐਲਾਨ ਕੀਤਾ ਕਿ ਅੱਗ ਨਾਲ ਹੋਏ ਨੁਕਸਾਨ ਕਾਰਨ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰੈੱਡ ਕਰਾਸ ਫੰਡ ਵਿਚੋਂ ਈਸਾ ਪੁੱਤਰ ਦਲਵੀਰ ਦੇ ਉਸ ਦੇ ਲੜਕੇ ਤੇ ਪਰਿਵਾਰ ਮੈਂਬਰਾਂ ਨੂੰ 25 ਹਜ਼ਾਰ ਰੁਪਏ ਅਤੇ ਯੂਸਫ ਪੁੱਤਰ ਮੇਹਰਦੀਨ, ਉਸ ਦੇ ਪੁੱਤਰ ਤੇ ਪਰਿਵਾਰਕ ਮੈਂਬਰਾਂ ਨੂੰ 12 ਹਜ਼ਾਰ ਰੁਪਏ ਬਹੁਤ ਜਲਦ ਆਰਥਿਕ ਮਦਦ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗੁੱਜਰ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਸਾਰੀ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾ ਸਕੇ।

ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਇਹ ਅੱਗ ਖੇਤਾਂ ਦੇ ਨਾੜ ਨੂੰ ਸਾੜਦੀ ਹੋਈ ਗੁੱਜਰਾਂ ਦੇ ਡੇਰੇ ਤੱਕ ਪੁੱਜੀ ਹੈ। ਜੇਕਰ ਇਹ ਅੱਗ ਕਿਸੇ ਨੇ ਸ਼ਰਾਰਤ ਨਾਲ ਲਗਾਈ ਹੋਈ ਤਾਂ ਉਸ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕਿਸਾਨ ਨੇ ਨਾੜ ਸਾੜਨ ਵਾਸਤੇ ਲਗਾਈ ਹੋਈ ਤਾਂ ਉਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਖੇਤੀਬਾੜੀ ਅਫਸਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।


satpal klair

Content Editor

Related News