ਬਠਿੰਡਾ ਜ਼ਿਲ੍ਹੇ ''ਚ ਰਿਫ਼ਾਈਨਰੀ ਦੇ 78 ਮਜ਼ਦੂਰਾਂ ਸਮੇਤ 112 ਦੀ ਰਿਪੋਰਟ ਪਾਜ਼ੇਟਿਵ
Friday, Aug 07, 2020 - 12:29 AM (IST)
ਬਠਿੰਡਾ,(ਵਰਮਾ) -ਜ਼ਿਲੇ ’ਚ ਵੀਰਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 112 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ’ਚੋਂ 78 ਰਾਮਾਂ ਰਿਫਾਈਨਰੀ ਦੇ ਮਜ਼ਦੂਰ ਹਨ, ਜਦਕਿ ਦੂਸਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਸਨੀਕ ਹਨ। ਸ਼ਹਿਰ ’ਚ ਲਗਾਤਾਰ ਨਵੇਂ ਕੇਸ ਆਉਣ ਕਾਰਨ ਡਰ ਦਾ ਮਾਹੌਲ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸਨ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਲਗਾਤਾਰ ਨਿਰਦੇਸ਼ ਦੇ ਰਿਹਾ ਹੈ ਪਰ ਬਾਹਰ ਨਿਕਲਣ ਸਮੇਂ, ਲੋਕ ਨਿਯਮਾਂ ਦੀ ਪਾਲਣਾ ਕਰਦੇ ਨਹੀਂ ਦਿਖਾਈ ਦਿੰਦੇ। ਵੀਰਵਾਰ ਨੂੰ ਕੈਂਟ ’ਚ 4, ਕੋਟੜਾ ਕੌੜਾ ’ਚ ਇਕ, ਰਾਮਾਂ ਮੰਡੀ ਦੇ ਵੱਖ-ਵੱਖ ਇਲਾਕਿਆਂ ’ਚ 6, ਮੌੜ ਮੰਡੀ ’ਚ ਚਾਰ, ਭੁੱਚੋ ’ਚ ਇਕ, ਅਜੀਤ ਰੋਡ ਬਠਿੰਡਾ ’ਚ ਇਕ, ਜੈਤੋ ਬਰਾੜ ਹਸਪਤਾਲ ਨੇੜੇ ਇਕ, ਏਮਜ਼ ’ਚ ਇਕ ਕੇਸ ਦਰਜ ਕੀਤਾ ਗਿਆ। ਗੁਰੂ ਦੇ ਸ਼ਹਿਰ ’ਚ ਇਕ, ਵਰਧਮਾਨ ’ਚ ਇਕ, ਥਾਣਾ ਨਹੀਆਂਵਾਲਾ ’ਚ ਦੋ, ਗੋਨਿਆਣਾ ’ਚ ਦੋ, ਭਾਰਤ ਨਗਰ ’ਚ ਇਕ, ਸਿਵਲ ਲਾਈਨ ’ਚ ਇਕ, ਡੀ. ਡੀ. ਮਿੱਤਲ ਫਲੈਟ ’ਚ, ਇਕ ਰੇਲਵੇ ਸਟੇਸ਼ਨ ’ਚ, ਗੁਰੂ ਤੇਗ ਬਹਾਦਰ ਨਗਰ ’ਚ ਇਕ, ਮਾਡਲ ਟਾਊਨ ’ਚ ਦੋ ਅਤੇ ਗ੍ਰੀਨ ਸਿਟੀ ’ਚ ਇਕ ਮਾਮਲੇ ਸਾਹਮਣੇ ਆਏ ਹਨ।
ਰਿਫਾਈਨਰੀ ’ਚ ਕੋਰੋਨਾ ਵਿਸਫੋਟ
ਰਾਮਾਂ ਤੇਲ ਰਿਫਾਈਨਰੀ ’ਚ ਕੰਮ ਦੀ ਭਾਲ ’ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਰਾਜਾਂ ਦੇ 78 ਮਜ਼ਦੂਰਾਂ ’ਚ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ’ਚ ਰਾਮਾਂ ਰਿਫਾਈਨਰੀ ’ਚ ਪਾਏ ਗਏ ਸਾਰੇ ਕੇਸ ਉਹ ਹਨ ਜੋ ਹੋਰ ਕੋਰੋਨਾ ਪਾਜ਼ੇਟਿਵ ਦੇ ਸੰਪਰਕ ’ਚ ਆਉਣ ਤੋਂ ਬਾਅਦ ਨਿਗਰਾਨੀ ’ਚ ਰੱਖੇ ਗਏ ਸਨ। ਉਨ੍ਹਾਂ ਦੇ ਸੈਂਪਲ ਜਾਂਚ ਲਈ ਮੈਡੀਕਲ ਕਾਲਜ ਫਰੀਦਕੋਟ ਭੇਜੇ ਗਏ। ਇਸ ਤੋਂ ਪਹਿਲਾ ਬਠਿੰਡਾ ’ਚ ਬੁੱਧਵਾਰ ਨੂੰ 72 ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਬਠਿੰਡਾ ਸ਼ਹਿਰ ਦੇ ਜ਼ਿਆਦਾਤਰ ਨਵੇਂ ਇਲਾਕਿਆਂ ਤੋਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।
ਸਿਵਲ ਹਸਪਤਾਲ ’ਚ ਥਰਮਲ ਸਕੈਨਿੰਗ ਅਤੇ ਸੈਨੇਟਾਈਜ਼ ਦਾ ਨਹੀਂ ਪ੍ਰਬੰਧ
ਸਿਵਲ ਹਸਪਤਾਲ ਦੇ ਓ. ਪੀ. ਡੀ. ਅਤੇ ਐਮਰਜੈਂਸੀ ਵਾਰਡ ’ਚ ਆਉਣ ਵਾਲੇ ਲੋਕਾਂ ਲਈ ਨਾ ਤਾਂ ਥਰਮਲ ਸਕੈਨਿੰਗ ਅਤੇ ਨਾ ਹੀ ਕੋਈ ਸੈਨੇਟਾਈਜ਼ ਦਾ ਪ੍ਰਬੰਧ ਹੈ। ਐੱਸ. ਐੱਮ. ਓ. ਡਾ. ਮਨਿੰਦਰਪਾਲ ਸਿੰਘ ਨੇ ਕਿਹਾ ਕਿ ਹਸਪਤਾਲ ਆਉਣ ਵਾਲੇ ਮਰੀਜ਼ਾਂ ਲਈ ਕੋਰੋਨਾ ਸੈਂਪਲਿੰਗ ਕੀਤੀ ਜਾ ਰਹੀ ਹੈ, ਇਸ ਲਈ ਉਨ੍ਹਾਂ ਦੀ ਥਰਮਲ ਸਕੈਨਿੰਗ ਨਹੀਂ ਹੋ ਰਹੀ। ਬੁੱਧਵਾਰ ਦੁਪਹਿਰ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1224 ਸੀ, ਵੀਰਵਾਰ ਨੂੰ 112 ਨਵੇਂ ਕੇਸ ਸ਼ਾਮਲ ਕੀਤੇ ਜਾਣ ਤੋਂ ਬਾਅਦ ਬਠਿੰਡਾ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਬਠਿੰਡਾ ਜ਼ਿਲੇ ’ਚ 1350 ਹੋ ਗਈ।