ਗੋਦਾਮ ’ਚੋਂ ਕਣਕ ਦੇ 11 ਕਰੋੜ 26 ਲੱਖ ਦੇ ਗਬਨ ਹੇਠ 11 ਕਰਮਚਾਰੀ ਨਾਮਜ਼ਦ

Saturday, Sep 20, 2025 - 09:10 PM (IST)

ਗੋਦਾਮ ’ਚੋਂ ਕਣਕ ਦੇ 11 ਕਰੋੜ 26 ਲੱਖ ਦੇ ਗਬਨ ਹੇਠ 11 ਕਰਮਚਾਰੀ ਨਾਮਜ਼ਦ

ਤਰਨਤਾਰਨ (ਰਮਨ) - ਜ਼ਿਲਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਚੂਸਲੇਵੜ ਵਿਖੇ ਮੌਜੂਦ ਸੋਮਾ ਕੰਪਨੀ ਦੇ ਗੁਦਾਮ ਵਿੱਚੋਂ 72 ਹਜਾਰ ਤੋੜੇ ਕਣਕ ਦੇ ਗਬਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕੰਪਨੀ ਨੂੰ 11 ਕਰੋੜ 26 ਲੱਖ ਰੁਪਏ ਦਾ ਨੁਕਸਾਨ ਪੁੱਜਾ ਹੈ।

ਇਸ ਮਾਮਲੇ ਵਿਚ ਸੇਵਾ ਮੁਕਤ ਵਿਜੀਲੈਂਸ ਅਧਿਕਾਰੀ ਦੇ ਬਿਆਨਾਂ ਹੇਠ ਕੰਪਨੀ ਦੇ ਮੈਨੇਜਰ ਸਮੇਤ 11 ਕਰਮਚਾਰੀਆਂ ਤੇ ਹੋਰਨਾਂ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਦੇ ਅਗਲੇਰੀ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਤੋਂ ਸੇਵਾ ਮੁਕਤ ਡਿਪਟੀ ਰੀਜਨਲ ਮੈਨੇਜਰ ਜਸਬੀਰ ਸਿੰਘ ਕਾਰ ਜਾਣਾ ਪੁੱਤਰ ਬਾਬੂ ਸਿੰਘ ਨਿਵਾਸੀ ਖਰੜ ਵੱਲੋਂ ਬੀਤੀ 25 ਜੂਨ ਨੂੰ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਚੂਸਲੇਵੜ ਵਿਖੇ ਮੌਜੂਦ ਗਲੋਬਸ ਵੇਅਰ ਹਾਊਸਿੰਗ ਤੇ ਟ੍ਰੇਡਿੰਗ ਕੰਪਨੀ ਵਿਚ ਹਜ਼ਾਰਾਂ ਦੀ ਤਾਦਾਦ ਦੌਰਾਨ ਕਣਕ ਦੇ ਤੋੜੇ ਚੋਰੀ ਹੋਏ ਹਨ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ।

ਐੱਸ.ਐੱਸ.ਪੀ. ਵੱਲੋਂ ਡੀ.ਐੱਸ .ਪੀ. ਸਾਈਬਰ ਕ੍ਰਾਈਮ ਗੁਲਜਾਰ ਸਿੰਘ ਨੂੰ ਜਾਂਚ ਲਈ ਮਾਰਕ ਕਰ ਦਿੱਤੀ ਗਈ ਤੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸੋਮਾ ਗੁਦਾਮ ਪਿੰਡ ਚੂਸਲੇਵੜ ਦੇ ਸਟਾਕ ਵਿਚ ਮੌਜੂਦ ਕਣਕ ਦੀਆਂ ਕੁੱਲ 72 ਬੋਰੀਆਂ (50 ਕਿਲੋ ਪ੍ਰਤੀ ਬੋਰੀ) ਦਾ ਗਬਨ ਕਰਮਚਾਰੀਆਂ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਕੰਪਨੀ ਨੂੰ ਕੁੱਲ 11 ਕਰੋੜ 26 ਲੱਖ ਰੁਪਏ ਦਾ ਨੁਕਸਾਨ ਪੁੱਜਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਪੱਟੀ ਦੇ ਮੁਖੀ ਵਿਪਨ ਕੁਮਾਰ ਨੇ ਦੱਸਿਆ ਕਿ ਡੀ.ਐੱਸ.ਪੀ. ਸਾਈਬਰ ਕ੍ਰਾਈਮ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਉੱਚ ਅਧਿਕਾਰੀਆਂ ਕੋਲ ਪੁੱਜਣ ਤੋਂ ਬਾਅਦ ਵਿਜੇ ਕੁਮਾਰ ਸੋਲੰਕੀ ਕਲੱਸਟਰ ਮੈਨੇਜਰ ਵਾਸੀ ਹਨੁਮਾਨਗੜ੍ਹ, ਬਲਜੀਤ ਸਿੰਘ ਸਹਾਇਕ ਮੈਨੇਜਰ ਪੁੱਤਰ ਜਸਬੀਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ, ਵਰਿੰਦਰ ਸਿੰਘ ਸੁਪਰਵਾਈਜ਼ਰ ਪੁੱਤਰ ਜਸਮੇਲ ਸਿੰਘ ਵਾਸੀ ਪਿੰਡ ਕੈਰੋ ਜ਼ਿਲਾ ਤਰਨ ਤਾਰਨ, ਜੋਬਨਦੀਪ ਸਿੰਘ ਗਡਾਊਨ ਕਲਰਕ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੂਸਲੇਵੜ, ਪ੍ਰਿੰਸ ਜੋਸ਼ੀ ਗਡਾਊਨ ਕਲਰਕ ਪੁੱਤਰ ਰਜੀਵ ਕੁਮਾਰ ਵਾਸੀ ਪੱਟੀ, ਤਰਲੋਕ ਸਿੰਘ ਗਡਾਊਨ ਕਲਰਕ ਪੁੱਤਰ ਬਖਸ਼ੀਸ਼ ਸਿੰਘ ਵਾਸੀ ਭੰਗਾਲਾ, ਗੁਰਲਾਲ ਸਿੰਘ ਗਡਾਊਨ ਕਲਰਕ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਸੈਦੋ, ਲਵਪ੍ਰੀਤ ਸਿੰਘ ਗਡਾਊਨ ਕਲਰਕ ਪੁੱਤਰ ਲਖਬੀਰ ਸਿੰਘ ਵਾਸੀ ਚੂਸਲੇਵੜ, ਮਨਜੀਤ ਸਿੰਘ ਕਲੀਨਿੰਗ ਸੁਪਰਵਾਈਜ਼ਰ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਭੰਗਾਲਾ, ਨਿਸ਼ਾਨ ਸਿੰਘ ਗਡਾਊਨ ਕਲਰਕ ਪੁੱਤਰ ਸ਼ਿੰਦਰ ਸਿੰਘ ਵਾਸੀ ਸੀਤੋ ਮਹੀ ਝੁਗੀਆਂ ਤੇ ਸੁਖਦੀਪ ਸਿੰਘ ਗਡਾਊਨ ਕਲਰਕ ਪੁੱਤਰ ਜਸਬੀਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਪੱਟੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
 


author

Inder Prajapati

Content Editor

Related News