ਫਾਲਟ ਦੀਆਂ 11,500 ਸ਼ਿਕਾਇਤਾਂ : ਕੜਕਦੀ ਗਰਮੀ ’ਚ ਬਿਜਲੀ ਬੰਦ ਹੋਣ ਕਾਰਨ ਜਨਤਾ ਹਾਲੋ-ਬੇਹਾਲ

Monday, Jul 24, 2023 - 06:35 PM (IST)

ਫਾਲਟ ਦੀਆਂ 11,500 ਸ਼ਿਕਾਇਤਾਂ : ਕੜਕਦੀ ਗਰਮੀ ’ਚ ਬਿਜਲੀ ਬੰਦ ਹੋਣ ਕਾਰਨ ਜਨਤਾ ਹਾਲੋ-ਬੇਹਾਲ

ਜਲੰਧਰ (ਪੁਨੀਤ) : ਤੇਜ਼ ਬਾਰਿਸ਼ ਨੂੰ ਝੱਲਣ ’ਚ ਪਾਵਰਕਾਮ ਦਾ ਸਿਸਟਮ ਨਾਕਾਮ ਸਾਬਤ ਹੋ ਰਿਹਾ ਹੈ, ਜਿਸ ਦਾ ਖ਼ਮਿਆਜ਼ਾ ਖਪਤਕਾਰਾਂ ਨੂੰ ਬਿਜਲੀ ਕੱਟਾਂ ਦੇ ਰੂਪ ’ਚ ਭੁਗਤਣਾ ਪੈ ਰਿਹਾ ਹੈ। ਪਿਛਲੇ ਦਿਨੀਂ ਪਈ ਤੇਜ਼ ਬਾਰਿਸ਼ ਕਾਰਨ ਪਾਵਰਕਾਮ ਦਾ ਸਿਸਟਮ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ। ਇਸ ਕਾਰਨ ਇਨ੍ਹਾਂ 2 ਦਿਨਾਂ ਵਿਚ ਉੱਤਰੀ ਜ਼ੋਨ ਅਧੀਨ ਫਾਲਟ ਦੀਆਂ 11500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਸ ਕਾਰਨ ਖਪਤਕਾਰ ਹਾਲੋ-ਬੇਹਾਲ ਰਹੇ। ਆਲਮ ਇਹ ਹੈ ਕਿ ਮੌਸਮ ਦੀ ਮਾਰ ਪੈਂਦੇ ਹੀ ਸ਼ਹਿਰ ਦੀ ਹਰੇਕ ਸਬ-ਡਵੀਜ਼ਨ ਵਿਚ ਸੈਂਕੜੇ ਫਾਲਟ ਪੈ ਜਾਂਦੇ ਹਨ। ਪਿਛਲੇ ਦਿਨੀਂ ਪਈ ਤੇਜ਼ ਬਾਰਿਸ਼ ਕਾਰਨ ਪਏ ਫਾਲਟਾਂ ਤੋਂ ਵੀ ਵਿਭਾਗ ਪੂਰੀ ਤਰ੍ਹਾਂ ਉਭਰ ਨਹੀਂ ਸਕਿਆ ਸੀ ਕਿ ਅੱਜ ਟਰਾਂਸਫਾਰਮਰਾਂ ਦੇ ਓਵਰਲੋਡ ਹੋਣ ਕਾਰਨ ਸਵੇਰ ਤੋਂ ਹੀ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋ ਗਿਆ, ਜੋ ਦੇਰ ਰਾਤ ਤੱਕ ਜਾਰੀ ਰਿਹਾ। ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਖਪਤਕਾਰ ਪਾਵਰਕਾਮ ਦੀਆਂ ਨੀਤੀਆਂ ’ਤੇ ਸਵਾਲ ਉਠਾ ਰਹੇ ਹਨ। ਕੜਕਦੀ ਗਰਮੀ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿਚ ਵੀ ਆਰਾਮ ਨਹੀਂ ਮਿਲ ਪਾ ਰਿਹਾ ਕਿਉਂਕਿ ਫਾਲਟ ਪੈਣ ’ਤੇ ਸ਼ਿਕਾਇਤਾਂ ਦਾ ਨਿਪਟਾਰਾ ਹੋਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ। ਬਿਜਲੀ ਖਪਤਕਾਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਵਧੀਆ ਸੇਵਾ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਸੱਚਾਈ ਇਹ ਹੈ ਕਿ ਵਿਭਾਗੀ ਸਿਸਟਮ ਸਮੇਂ ਸਿਰ ’ਤੇ ਫਾਲਟ ਠੀਕ ਕਰਨ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਘਰਾਂ ’ਚ ਏ. ਸੀ. ਵਧਣ ਕਾਰਨ ਬਿਜਲੀ ਦੀ ਖਪਤ ਬਹੁਤ ਵਧ ਗਈ ਹੈ ਪਰ ਜਿਸ ਹਿਸਾਬ ਨਾਲ ਏ. ਸੀ. ਵਧੇ ਹਨ, ਉਸ ਦੇ ਮੁਤਾਬਕ ਲੋਡ ਨਹੀਂ ਵਧ ਸਕਿਆ ਹੈ, ਜਿਸ ਕਾਰਨ ਟਰਾਂਸਫਾਰਮਰਾਂ ਦਾ ਓਵਰਲੋਡ ਹੋਣਾ ਆਮ ਗੱਲ ਹੋ ਚੁੱਕੀ ਹੈ।

PunjabKesari

ਓਵਰਲੋਡ ਟਰਾਂਸਫਾਰਮਰਾਂ ਕਾਰਨ ਹੋਣ ਵਾਲੀ ਬਿਜਲੀ ਦੀ ਖਰਾਬੀ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ ਪਰ ਇਸ ਦਾ ਕੋਈ ਪੱਕਾ ਹੱਲ ਨਹੀਂ ਹੋ ਪਾ ਰਿਹਾ। ਬਾਰਿਸ਼ ਹੋਵੇ ਜਾਂ ਗਰਮੀ, ਬਿਜਲੀ ਦੀਆਂ ਸ਼ਿਕਾਇਤਾਂ ਵਧ ਜਾਂਦੀਆਂ ਹਨ, ਜਿਸ ਦੀ ਮਾਰ ਬਿਜਲੀ ਖਪਤਕਾਰਾਂ ਨੂੰ ਝੱਲਣੀ ਪੈਂਦੀ ਹੈ। ਬਿਜਲੀ ਖਪਤਕਾਰਾਂ ਨੂੰ ਅਜੇ ਤੱਕ ਪੂਰੀ ਰਾਹਤ ਨਹੀਂ ਮਿਲ ਸਕੀ ਹੈ। ਆਉਣ ਵਾਲੇ ਬਾਰਿਸ਼ ਦੇ ਦਿਨਾਂ ’ਚ ਬਿਜਲੀ ਦੀ ਖਰਾਬੀ ਦੀਆਂ ਸਮੱਸਿਆਵਾਂ ਹੋਰ ਵੀ ਵਧਣਗੀਆਂ। ਖਪਤਕਾਰਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਸਮੱਸਿਆ ਝੱਲਣੀ ਪਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਦੇ ਪੁਨਰਵਾਸ ਲਈ ਲਗਾਤਾਰ ਯਤਨਸ਼ੀਲ: ਡਾ. ਬਲਜੀਤ ਕੌਰ

1912 ਤੋਂ ਇਲਾਵਾ ਦੂਜੇ ਨੰਬਰਾਂ ’ਤੇ ਵੀ ਕਰ ਸਕਦੇ ਹਨ ਸ਼ਿਕਾਇਤ
ਖਪਤਕਾਰਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਪਾਵਰਕਾਮ ਦੇ ਸ਼ਿਕਾਇਤ ਕੇਂਦਰ ਦਾ 1912 ਨੰਬਰ ਆਸਾਨੀ ਨਾਲ ਨਹੀਂ ਮਿਲ ਪਾਉਂਦਾ। ਇਸ ਤੋਂ ਰਾਹਤ ਦਿਵਾਉਣ ਲਈ ਪਾਵਰਕਾਮ ਵੱਲੋਂ ਕਈ ਹੋਰ ਨੰਬਰ ਜਾਰੀ ਕੀਤੇ ਗਏ ਹਨ। ਪਾਵਰਕਾਮ ਦੇ ਸ਼ਿਕਾਇਤ ਕੇਂਦਰ ਨੰਬਰ 1912 ਤੋਂ ਇਲਾਵਾ ਖਪਤਕਾਰ ਟੋਲ ਫ੍ਰੀ ਨੰਬਰ 1800-180-1512 ’ਤੇ ਮਿਸਡ ਕਾਲ ਦੇ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਵ੍ਹਟਸਐਪ ਰਾਹੀਂ 96461-01912 ’ਤੇ ਮੈਸੇਜ ਕੀਤਾ ਜਾ ਸਕਦਾ ਹੈ। ਪਾਵਰਕਾਮ ਵੱਲੋਂ ਪਿਛਲੇ ਦਿਨੀਂ ਉੱਤਰੀ ਜ਼ੋਨ ਜਲੰਧਰ ਦੇ ਖਪਤਕਾਰਾਂ ਲਈ 0181-2220924, 96461-16679 ਅਤੇ 96461-14414 ਨੰਬਰ ਜਾਰੀ ਕੀਤੇ ਗਏ ਹਨ। ਖਪਤਕਾਰ ਇਨ੍ਹਾਂ ਸਾਰੇ ਨੰਬਰਾਂ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਫੀਲਡ ’ਤੇ ਨਜ਼ਰ ਰੱਖ ਰਹੇ ਐਕਸੀਅਨ : ਇੰਜੀ. ਸਾਰੰਗਲ
ਚੀਫ ਇੰਜੀ. ਆਰ. ਐੱਲ. ਸਾਰੰਗਲ ਨੇ ਦੱਸਿਆ ਕਿ ਫਾਲਟ ਪੈਣ ਦੀ ਸੂਰਤ ਵਿਚ ਐਕਸੀਅਨ ਖੁਦ ਮੌਕੇ ’ਤੇ ਜਾ ਕੇ ਰਿਪੇਅਰ ਦਾ ਕੰਮਕਾਜ ਦੇਖ ਰਹੇ ਹਨ। ਇਸ ਤੋਂ ਇਲਾਵਾ ਜੇ. ਈ. ਅਤੇ ਐੱਸ. ਡੀ. ਓ. ਨੂੰ ਫੀਲਡ ਸਟਾਫ ’ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਦੇਸ਼ ਦੇ ਡੈਂਟਲ ਕਾਲਜਾਂ ’ਚ UG ਅਤੇ PG ਦੇ ਐਡਮਿਸ਼ਨਾਂ ’ਚ ਭਾਰੀ ਗਿਰਾਵਟ, 55 ਫੀਸਦੀ ਤੱਕ ਖਾਲੀ ਪਈਆਂ ਹਨ ਸੀਟਾਂ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News