ਗੁਰਦਾਸਪੁਰ ਜ਼ਿਲੇ ’ਚ ਕੋਰੋਨਾ ਤੋਂ ਪੀੜਤ 10ਵੀਂ ਔਰਤ ਨੇ ਤੋੜਿਆ ਦਮ
Friday, Jul 17, 2020 - 02:54 AM (IST)
ਗੁਰਦਾਸਪੁਰ,(ਹਰਮਨ, ਵਿਨੋਦ)- ਜ਼ਿਲਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦੇ ਵਧ ਰਹੇ ਕਹਿਰ ਕਾਰਣ ਅੱਜ ਇਕ 67 ਸਾਲਾਂ ਦੀ ਔਰਤ ਨੇ ਵੀ ਇਸ ਵਾਇਰਸ ਤੋਂ ਪੀੜਤ ਹੋਣ ਦੇ ਬਾਅਦ ਦਮ ਤੋੜ ਦਿੱਤਾ ਹੈ ਜਦੋਂ ਕਿ 9 ਹੋਰ ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਦੇ ਬਾਅਦ ਜ਼ਿਲੇ ’ਚ ਕੋਰੋਨਾ ਤੋਂ ਪੀੜਤਾਂ ਦੀ ਗਿਣਤੀ 313 ਤੱਕ ਪਹੁੰਚ ਗਈ ਹੈ। ਅੱਜ ਮੌਤ ਦੇ ਮੂੰਹ ਵਿਚ ਗਈ ਔਰਤ ਭਾਮ ਨੇੜਲੇ ਪਿੰਡ ਸ਼ਿਕਾਰਾ ਦੀ ਦੱਸੀ ਜਾ ਰਹੀ ਹੈ, ਜਿਸ ਦੀ ਉਮਰ ਕਰੀਬ 67 ਸਾਲ ਹੈ ਅਤੇ ਉਹ ਕੈਂਸਰ ਤੋਂ ਪੀੜਤ ਸੀ, ਜਿਸ ਨੂੰ ਕੱਲ ਹੀ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ।
ਅੱਜ ਜ਼ਿਲੇ ਅੰਦਰ ਜਿਹੜੇ ਮਰੀਜ਼ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ’ਚੋਂ ਇਕ ਕਾਹਨੂੰਵਾਨ ਨਾਲ ਸਬੰਧਤ 27 ਸਾਲਾਂ ਦੀ ਲੜਕੀ ਹੈ, ਜੋ ਪੰਚਕੂਲਾ ਵਿਖੇ ਪਾਜ਼ੇਟਿਵ ਪਾਈ ਗਈ ਹੈ ਅਤੇ ਉਥੇ ਹੀ ਜ਼ੇਰੇ ਇਲਾਜ ਹੈ। ਇਸੇ ਤਰ੍ਹਾਂ ਇਕ ਫਤਿਹਗੜ੍ਹ ਚੂੜੀਆਂ ਨਾਲ ਸਬੰਧਤ 33 ਸਾਲਾਂ ਦਾ ਵਿਅਕਤੀ ਹੈ, ਜੋ ਲੁਧਿਆਣਾ ਦੇ ਇਕ ਹਸਪਤਾਲ ’ਚ ਸੁਰੱਖਿਆ ਅਫਸਰ ਅਤੇ ਉਸ ਨੂੰ ਲੁਧਿਆਣਾ ਦੇ ਉਸੇ ਹਸਪਤਾਲ ਵਿਚ ਆਈਸੋਲੇਟ ਕੀਤਾ ਗਿਆ ਹੈ। ਤੀਸਰਾ ਮਰੀਜ਼ 26 ਸਾਲ ਦਾ ਨੌਜਵਾਨ ਹੈ ਜੋ ਪਿੰਡ ਸੇਖਵਾਂ ਨਾਲ ਸਬੰਧਤ ਹੈ ਅਤੇ ਸਾਊਦੀ ਅਰਬ ਤੋਂ ਵਾਪਸ ਪਰਤਿਆ ਹੈ। ਉਸ ਦਾ ਸੈਂਪਲ ਡੇਰਾ ਬਾਬਾ ਨਾਨਕ ਵਿਖੇ ਲਿਆ ਗਿਆ ਸੀ ਜੋ ਅੱਜ ਪਾਜ਼ੇਟਿਵ ਆਇਆ ਹੈ।
ਇਸੇ ਤਰ੍ਹਾਂ ਚੌਥਾ ਮਰੀਜ਼ ਪਿੰਡ ਗੁਰਦਾਸ ਨੰਗਲ ਨਾਲ ਸਬੰਧਤ 47 ਸਾਲ ਦਾ ਵਿਅਕਤੀ ਹੈ, ਜਿਸ ਨੂੰ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। 5ਵਾਂ ਮਰੀਜ਼ ਬਟਾਲਾ ਨਾਲ ਸਬੰਧਤ ਮਿਆਨ ਮੁਹੱਲੇ ਦਾ ਵਸਨੀਕ ਹੈ, ਜਿਸ ਦੀ ਉਮਰ 36 ਸਾਲ ਹੈ। 6ਵਾਂ ਪਿੰਡ ਸਾਹੋਵਾਲ ਦਾ ਰਹਿਣ ਵਾਲਾ 51 ਸਾਲਾ ਦਾ ਵਿਅਕਤੀ ਹੈ। ਇਸੇ ਤਰ੍ਹਾਂ ਇਕ ਮਰੀਜ਼ ਪਿੰਡ ਮਠੋਲਾ ਦਾ ਕਰੀਬ 26 ਸਾਲ ਦਾ ਨੌਜਵਾਨ ਹੈ। ਇਕ ਮਰੀਜ਼ 50 ਸਾਲਾ ਦਾ ਵਿਅਕਤੀ ਹੈ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਹੁਣ ਤੱਕ 21,251 ਸ਼ੱਕੀ ਲੋਕਾਂ ਦੇ ਲਏ ਜਾ ਚੁੱਕੇ ਹਨ ਸੈਂਪਲ
ਜ਼ਿਲੇ ’ਚ ਕੋਰੋਨਾ ਵਾਇਰਸ ਤੋਂ ਪੀੜਤਾਂ ਸਬੰਧੀ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਹੁਣ ਤੱਕ 21,251 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨਾਂ ’ਚੋਂ 20,978 ਨੈਗੇਵਿਟ ਪਾਏ ਗਏ ਹਨ ਜਦੋਂ ਕਿ 24 ਦੀਆਂ ਰਿਪੋਰਟਾਂ ਆਉਣੀਆਂ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 3, ਬਟਾਲਾ ’ਚ 2, ਧਾਰੀਵਾਲ ’ਚ 3, ਤਿੱਬੜੀ ਕੈਂਟ ’ਚ 1, ਬਠਿੰਡਾ ’ਚ 2, ਅੰਮ੍ਰਿਤਸਰ ’ਚ 3, ਪੀ. ਜੀ. ਆਈ. ’ਚ 4, ਲੁਧਿਆਣਾ ’ਚ 5, ਪੰਚਕੂਲਾ ’ਚ 1 ਮਰੀਜ਼ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਜ਼ਿਲੇ ਅੰਦਰ ਕੁੱਲ 10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮਰੀਜ਼ਾਂ ’ਚੋਂ 271 ਪੀੜ੍ਹਤਾਂ ਨੇ ਕੋਰੋਨਾ ’ਤੇ ਫ਼ਤਿਹ ਹਾਸਲ ਕਰ ਲਈ ਹੈ, ਜਿਨਾਂ ’ਚੋਂ 232 ਠੀਕ ਹੋਏ ਹਨ ਅਤੇ 39 ਘਰਾਂ ’ਚ ਇਕਾਂਤਵਾਸ ਕੀਤੇ ਗਏ ਹਨ। ਇਸ ਮੌਕੇ ਜ਼ਿਲੇ ਅੰਦਰ 27 ਐਕਟਿਵ ਕੋਰੋਨਾ ਪੀੜਤ ਹਨ।