10ਵੀਂ ਦੀ ਪ੍ਰੀਖਿਆ ਵਧੀਆ ਨਾ ਹੋਣ ਤੋਂ ਪ੍ਰੇਸ਼ਾਨ ਵਿਦਿਆਰਥਣ ਘਰੋਂ ਲਾਪਤਾ

05/21/2022 1:28:06 AM

ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਗਹਿਲੇਵਾਲ ਦੀ ਰਹਿਣ ਵਾਲੀ ਲੜਕੀ ਸੁਮਨਪ੍ਰੀਤ ਕੌਰ 10ਵੀਂ ਕਲਾਸ ਦੀ ਪ੍ਰੀਖਿਆ ਵਧੀਆ ਨਾ ਹੋਣ ਕਾਰਨ ਘਰੋਂ ਲਾਪਤਾ ਹੋ ਗਈ ਹੈ। ਲੜਕੀ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਸੁਮਨਪ੍ਰੀਤ ਕੌਰ ਨੇੜਲੇ ਪਿੰਡ ਫਤਿਹਗੜ੍ਹ ਜੱਟਾਂ ਦੇ ਪ੍ਰਾਈਵੇਟ ਸਕੂਲ 'ਚ 10ਵੀਂ ਦੀ ਵਿਦਿਆਰਥਣ ਹੈ, ਜਿਸ ਦੀਆਂ ਫਾਈਨਲ ਪ੍ਰੀਖਿਆਵਾਂ ਚੱਲ ਰਹੀਆਂ ਹਨ। ਲੰਘੀ 18 ਮਈ ਨੂੰ ਉਸ ਦਾ ਪੇਪਰ ਸੀ ਅਤੇ ਜਦੋਂ ਉਹ ਪ੍ਰੀਖਿਆ ਦੇਣ ਤੋਂ ਬਾਅਦ ਘਰ ਆਈ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਪ੍ਰੀਖਿਆ ਵਧੀਆ ਨਹੀਂ ਹੋਈ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਦਿਸ ਰਹੀ ਸੀ। 18 ਮਈ ਦੀ ਰਾਤ ਨੂੰ ਪਰਿਵਾਰ ਸਮੇਤ ਉਹ ਵੀ ਘਰ 'ਚ ਸੁੱਤੀ ਹੋਈ ਸੀ ਪਰ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਲੜਕੀ ਘਰ 'ਚ ਮੌਜੂਦ ਨਹੀਂ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕਾਫ਼ੀ ਤਲਾਸ਼ ਕਰਨ ਦੇ ਬਾਵਜੂਦ ਕੋਈ ਸੁਰਾਗ ਨਾ ਮਿਲਿਆ।

ਇਹ ਵੀ ਪੜ੍ਹੋ : ਆਰ. ਪੀ. ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਕੀਤਾ ਸੁਚੇਤ- ਘੱਲੂਘਾਰੇ 'ਤੇ ਸਥਿਤੀ ਕਾਬੂ ਕਰਨ ਲਈ ਯੋਗ ਪ੍ਰਬੰਧ ਕਰੇ ਸਰਕਾਰ

ਮਾਪਿਆਂ ਨੇ ਥਾਣਾ ਕੂੰਮਕਲਾਂ ਵਿਖੇ ਇਸ ਸਬੰਧੀ ਸੂਚਨਾ ਦਿੱਤੀ, ਜਿਸ 'ਤੇ ਉਨ੍ਹਾਂ ਸ਼ਿਕਾਇਤ ਦਰਜ ਕਰਕੇ ਲਾਪਤਾ ਵਿਦਿਆਰਥਣ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੜਕੀ ਦੇ ਲਾਪਤਾ ਹੋਣ ਕਾਰਨ ਮਾਪੇ ਵੀ ਬੇਹੱਦ ਪ੍ਰੇਸ਼ਾਨ ਹਨ, ਜਿਨ੍ਹਾਂ ਵੱਲੋਂ ਆਸ-ਪਾਸ ਧਾਰਮਿਕ ਅਸਥਾਨਾਂ 'ਤੇ ਵੀ ਉਸ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਸੁਮਨਪ੍ਰੀਤ ਕੌਰ ਪ੍ਰੀਖਿਆ ਵਧੀਆ ਨਾ ਹੋਣ ਕਾਰਨ ਪ੍ਰੇਸ਼ਾਨੀ ਦੀ ਹਾਲਤ 'ਚ ਘਰੋਂ ਚਲੀ ਗਈ ਹੈ, ਜਿਸ 'ਤੇ ਮਾਪਿਆਂ ਦੇ ਬਿਆਨਾਂ 'ਤੇ ਸ਼ਿਕਾਇਤ ਦਰਜ ਕਰਕੇ ਪੁਲਸ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਸੁਮਨਪ੍ਰੀਤ ਕੌਰ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਕੂੰਮਕਲਾਂ ਥਾਣੇ ਜਾਂ ਮਾਪਿਆਂ ਨਾਲ ਪਿੰਡ ਗਹਿਲੇਵਾਲ ਵਿਖੇ ਸੰਪਰਕ ਕਰ ਸਕਦੇ ਹਨ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News