ਪੇਪਰ ਦੇ ਰਹੀ ਵਿਦਿਆਰਥਣ ਨੇ ਸਕੂਲ ਦੀ ਦੂਜੀ ਮੰਜਿਲ ਤੋਂ ਮਾਰੀ ਛਾਲ ,ਗੰਭੀਰ ਜ਼ਖ਼ਮੀ

05/18/2022 5:06:18 PM

ਭਵਾਨੀਗੜ੍ਹ(ਵਿਕਾਸ): ਪਿੰਡ ਘਰਾਚੋਂ ਨੇੜੇ ਸੁਨਾਮ ਮੁੱਖ ਸੜਕ 'ਤੇ ਸਥਿਤ ਇਕ ਨਿੱਜੀ ਸਕੂਲ 'ਚ ਪੜ੍ਹਦੀ 10ਵੀਂ ਜਮਾਤ ਦੀ 16 ਸਾਲਾ ਦੀ ਵਿਦਿਆਰਥਣ ਦੇ ਵੱਲੋਂ ਬੀਤੇ ਦਿਨੀਂ ਸਕੂਲ ਦੀ ਦੂਜੀ ਮੰਜਿਲ ਤੋਂ ਛਾਲ ਮਾਰ ਦੇਣ ਦਾ ਮਾਮਲਾ ਦੂਜੇ ਦਿਨ ਵੀ ਬੁਝਾਰਤ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਸਕੂਲ ਦੀ ਦੂਜੀ ਮੰਜਿਲ ਤੋਂ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋਈ ਵਿਦਿਆਰਥਣ ਲੁਧਿਆਣਾ ਵਿਖੇ ਜੇਰੇ ਇਲਾਜ ਹੈ। ਹੈਰਾਨੀਜਨਕ ਹੈ ਕਿ ਸਕੂਲ ਦੇ ਪ੍ਰਬੰਧਕ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਂਦੇ ਨਜ਼ਰ ਆ ਰਹੇ ਹਨ ਅਤੇ ਉੱਥੇ ਹੀ ਪੁਲਸ ਅਧਿਕਾਰੀ ਵੀ ਮੀਡੀਆ ਨੂੰ ਖੁੱਲ੍ਹ ਕੇ ਮਾਮਲੇ ਸਬੰਧੀ ਕੁੱਝ ਵਧੇਰੇ ਦੱਸਣ ਤੋਂ ਪਾਸਾ ਵੱਟ ਰਹੇ ਸਨ। ਹਾਲਾਂਕਿ ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕਰਕੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਨਾਲ ਪੰਚਾਇਤੀ ਜਗ੍ਹਾ ’ਤੇ ਬਣੇ ਘਰਾਂ ਅਤੇ ਉਸਾਰੀਆਂ ਨੂੰ ਵੀ ਤੋੜਨ ਦੇ ਹੁਕਮ ਜਾਰੀ

ਇਸ ਸਬੰਧੀ ਸਕੂਲ ਦੇ ਪ੍ਰਬੰਧਕ ਵਿਜੈ ਸ਼ਰਮਾਂ ਨੇ ਕਿਹਾ ਕਿ 10ਵੀਂ ਜਮਾਤ ਦੀ ਵਿਦਿਆਰਥਣ ਨੇ ਪੇਪਰ ਦੌਰਾਨ ਸਕੂਲ ਦੀ ਛੱਤ ’ਤੇ ਚੜ੍ਹ ਕੇ ਅਚਾਨਕ ਹੇਠਾਂ ਛਾਲ ਮਾਰ ਦਿੱਤੀ ਜਿਸ ਕਾਰਨ ਵਿਦਿਆਰਥਣ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਜ਼ਖ਼ਮੀ ਹਾਲਤ ਵਿੱਚ ਉਸਨੂੰ ਸੰਗਰੂਰ  ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਵਿਦਿਆਰਥਣ ਨੂੰ  ਡੀ.ਐੱਮ.ਸੀ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ । ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਪੜ੍ਹਣ ਵਿੱਚ ਹੁਸ਼ਿਆਰ ਹੈ ਪਰ ਉਸਨੇ ਇਸ ਤਰ੍ਹਾਂ ਦਾ ਕਦਮ ਕਿਉ ਚੁੱਕਿਆ ਇਸ ਬਾਰੇ ਸਮਝ ਨਹੀਂ ਆ ਰਹੀ। ਉਧਰ ਜਦੋਂ ਵਿਦਿਆਰਥਣ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਜਿਸ ਕਰਕੇ ਬੱਚੀ ਕੁੱਝ ਬੋਲਣ ਜਾਂ ਦੱਸਣ ਦੀ ਹਾਲਤ 'ਚ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਖੁਦ ਹੈਰਾਨ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੀ ਬੱਚੀ ਨੇ ਇਸ ਤਰ੍ਹਾਂ ਸਕੂਲ ਦੀ ਛੱਤ ਤੋਂ ਆਖਿਰਕਾਰ ਛਾਲ ਕਿਉਂ ਤੇ ਕਿਹੜੇ ਹਾਲਾਤਾਂ 'ਚ ਮਾਰੀ। ਇਸ ਸਬੰਧੀ ਉਹ ਸਕੂਲ 'ਚ ਜਾ ਕੇ ਪ੍ਰਬੰਧਕਾਂ ਨਾਲ ਗੱਲਬਾਤ ਕਰਨਗੇ। 

ਇਹ ਵੀ ਪੜ੍ਹੋ-  ਭਿਆਨਕ ਗਰਮੀ ਨੇ ਆੜ੍ਹਤੀਆਂ ਨੂੰ ਆਰਥਿਕ ਮੰਦੇ ਵੱਲ ਧਕੇਲਿਆ, ਮੰਡੀ ’ਚ ਸਵੇਰੇ 9 ਵਜੇ ਦੀ ਪਸਰ ਜਾਂਦੈ ਸੰਨਾਟਾ

ਦੋਸ਼ੀਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ: ਪੁਲਸ

ਦੂਜੇ ਪਾਸੇ ਘਟਨਾ ਸਬੰਧੀ ਪਤਾ ਲੱਗਦਿਆਂ ਹੀ ਦੀਪਕ ਰਾਏ ਡੀ.ਐੱਸ.ਪੀ ਭਵਾਨੀਗੜ੍ਹ ਤੇ ਥਾਣਾ ਮੁੱਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਪੁਲਸ ਟੀਮ ਸਮੇਤ ਘਟਨਾ ਸਥਾਨ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਬਾਜਵਾ ਨੇ ਦੱਸਿਆ ਕਿ ਚੁੱਲਾ ਟੁੱਟਣ ਅਤੇ ਮੂੰਹ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਬੱਚੀ ਦਾ ਡੀ.ਐੱਮ.ਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ। ਕਾਰਵਾਈ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਸਿਰਫ ਇਹੀ ਆਖਿਆ ਕਿ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਕੂਲ 'ਚ ਲੱਗੇ ਕੈਮਰਿਆ ਦੀ ਰਿਕਾਰਡਿੰਗਾਂ ਨੂੰ ਚੈੱਕ ਕੀਤੀ ਜਾ ਰਿਹਾ ਹੈ। ਲੜਕੀ ਦੇ ਬਿਆਨ ਲੈਣ ਉਪਰੰਤ ਘਟਨਾ 'ਚ ਦੋਸ਼ੀ ਪਾਏ ਜਾਣ ਵਾਲੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News