ਹੁਸ਼ਿਆਰਪੁਰ :2 ਮਹੀਨਿਆਂ ਤੋ ਵਾਂਝੇ ਨੇ 108 ਐਂਬੂਲੈਂਸ ਦੇ ਡਰਾਈਵਰ, ਫੁੱਟਿਆ ਗੁੱਸਾ ਤੇ ਕੀਤਾ ਪ੍ਰਦਰਸ਼ਨ

11/20/2017 5:22:45 PM

ਹੁਸ਼ਿਆਰਪੁਰ(ਸਮੀਰ)— ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 108 ਐਂਬੂਲੈਂਸ ਸੁਵਿਧਾ ਨੂੰ ਹੁਣ ਗ੍ਰਹਿ ਲੱਗਣ ਜਾ ਰਿਹਾ ਹੈ ਕਿਉਂਕਿ ਕੰਪਨੀਆਂ ਵੱਲੋਂ ਪਿਛਲੇ 2 ਮਹੀਨਿਆਂ ਤੋਂ ਐਂਬੂਲੈਂਸ ਡਰਾਈਵਰਾਂ ਨੂੰ ਸਮੇਂ 'ਤੇ ਨਾ ਤਾਂ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਗੱਡੀ ਚਲਾਉਣ ਲਈ ਡੀਜ਼ਲ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਦਾ ਖੁਲਾਸਾ ਸੋਮਵਾਰ ਨੂੰ 108 ਨੰਬਰ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਨੇ ਕੀਤਾ। ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਸੋਮਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਦੀ ਸਹੂਲਤ ਲਈ ਮੈਡੀਕਲ ਕੰਪਨੀ ਵੱਲੋਂ ਚਲਾਈ ਜਾ ਰਹੀ 108 ਐਂਬੂਲੈਂਸ ਸੇਵਾ 'ਚ ਲੱਗੀਆਂ ਗੱਡੀਆਂ ਦੇ ਡਰਾਈਵਰਾਂ ਨੇ ਡੀਜ਼ਲ ਅਤੇ ਤਨਖਾਹ ਨਾ ਮਿਲਣ ਕਰਕੇ ਗੱਡੀਆਂ ਖੜ੍ਹੀਆਂ ਕਰਕੇ ਰੋਸ ਜ਼ਾਹਰ ਕੀਤਾ। 

PunjabKesari
ਡਰਾਈਵਰ ਦਲਜੀਤ ਸਿੰਘ ਤੇ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਸਰਕਾਰ ਸਮੇਂ 'ਤੇ ਤਨਖਾਹ ਦਿੰਦੀ ਹੈ ਅਤੇ ਨਾ ਹੀ ਗੱਡੀਆਂ ਦੀ ਹਾਲਤ ਸਹੀ ਕਰਵਾਈ ਜਾਂਦੀ ਹੈ। ਗੱਡੀਆਂ ਦੇ ਟਾਇਰ ਖਸਤਾ ਹਾਲਤ 'ਚ ਹੋਣ ਦੇ ਬਾਵਜੂਦ ਵੀ ਬਦਲੇ ਨਹੀਂ ਜਾ ਰਹੇ ਹਨ। ਇਸ ਸਬੰਧੀ ਕੰਪਨੀ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਦੀ ਗੱਲ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸੇ ਦੇ ਚਲਦਿਆਂ ਹੁਸ਼ਿਆਰਪੁਰ 'ਚ ਗੱਡੀਆਂ ਖੜ੍ਹੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਅਤੇ ਕੰਪਨੀ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਪੂਰੇ ਪੰਜਾਬ 'ਚ 108 ਦੀ ਸੁਵਿਧਾ ਬੰਦ ਕਰ ਦਿੱਤੀ ਜਾਵੇ।


Related News