ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 105 ਨਵੇਂ ਮਾਮਲੇ ਆਏ ਸਾਹਮਣੇ, 3 ਦੀ ਮੌਤ
Tuesday, Nov 10, 2020 - 01:13 AM (IST)
ਲੁਧਿਆਣਾ,(ਸਹਿਗਲ)- ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦੇ ਲੱਖ ਯਤਨਾਂ ਦੇ ਬਾਵਜੂਦ ਲੋਕ ਕੋਰੋਨਾ ਦੇ ਲੱਛਣ ਸਾਹਮਣੇ ਆਉਣ ’ਤੇ ਨਿਰਧਾਰਤ ਮਾਪਦੰਡਾਂ ਮੁਤਾਬਕ ਇਲਾਜ ਕਰਵਾਉਣ ਦੀ ਬਜਾਏ ਡਾਕਟਰਾਂ ਦੀ ਮਿਲੀਭੁਗਤ ਨਾਲ ਘਰ ਵਿਚ ਰਹਿ ਕੇ ਇਲਾਜ ਕਰਵਾਉਣ ਲੱਗੇ ਹਨ, ਜਿਸ ਵਿਚ ਲੇਬਰ ਅਤੇ ਡਾਇਆਗਨੋਸਟਿਕ ਸੈਂਟਰਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੈ।
ਲਿਹਾਜ਼ਾ ਸਿਹਤ ਵਿਭਾਗ ਨੂੰ ਕੋਰੋਨਾ ਦੀ ਪੂਰੀ ਅਪਡੇਟ ਨਹੀਂ ਮਿਲ ਰਹੀ ਅਤੇ ਨਾ ਹੀ ਉਹ ਇਸ ਦਿਸ਼ਾ ਵਿਚ ਕੋਈ ਛਾਣਬੀਨ ਕਰ ਰਿਹਾ ਹੈ। ਉਲਟਾ ਸਿਹਤ ਵਿਭਾਗ ਵੱਲੋਂ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਦਾ ਕੰਮ ਮੱਧਮ ਕਰ ਦਿੱਤਾ ਗਿਆ ਹੈ। ਇਸ ਲਈ ਮਰੀਜ਼ਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆ ਰਹੀ। ਜ਼ਿਲੇ ਦੇ ਹਸਪਤਾਲਾਂ ਵਿਚ ਅੱਜ 105 ਨੇ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 3 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਮਰੀਜ਼ਾਂ ’ਚ 93 ਮਰੀਜ਼ ਜ਼ਿਲੇ ਦੇ, ਜਦੋਂਕਿ 12 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਨ੍ਹਾਂ ਤਿੰਨ ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ ਇਕ ਮਰੀਜ਼ ਜਗਰਾਓਂ ਦਾ ਰਹਿਣ ਵਾਲਾ 46 ਸਾਲਾ ਪੁਰਸ਼ ਹੈ, ਜੋ ਸਿਵਲ ਹਸਪਤਾਲ ਵਿਚ ਭਰਤੀ ਸੀ, ਜਦੋਂਕਿ ਦੂਜੀ 40 ਸਾਲਾ ਔਰਤ ਫੋਕਲ ਪੁਆਇੰਟ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਐੱਸ. ਪੀ. ਐੱਸ. ਹਸਪਤਾਲ ਵਿਚ ਭਰਤੀ ਸੀ। ਤੀਜਾ ਮ੍ਰਿਤਕ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।
ਅੱਜ ਸਾਹਮਣੇ ਆਏ 93 ਮਰੀਜ਼ਾਂ ਤੋਂ ਇਲਾਵਾ 59 ਮਰੀਜ਼ਾਂ ਨੂੰ ਅੱਜ ਹੋਮ ਕੁਆਰੰਟਾਈਨ ਵਿਚ ਭੇਜ ਦਿੱਤਾ ਗਿਆ ਹੈ। ਜ਼ਿਲੇ ਿਵਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 20,891 ਹੋ ਗਈ ਹੈ। ਇਨ੍ਹਾਂ ’ਚੋਂ 850 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਤਿੰਨ ਮਰੀਜ਼ਾਂ ਦੀ ਡਬਲਿੰਗ ਹੋਣ ਜਾਣ ਕਾਰਨ ਉਨ੍ਹਾਂ ਦੇ ਨਾਮ ਸੂਚੀ ’ਚੋਂ ਕੱਢ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 19441 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ 12 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਵੈਂਟੀਲੇਟਰ ਲਗਾਇਆ ਗਿਆ ਹੈ, ਜਿਸ ਵਿਚ 7 ਮਰੀਜ਼ ਜ਼ਿਲੇ ਦੇ ਜਦੋਂ ਕਿ 5 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ।
1951 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ, 1902 ਸੈਂਪਲ ਪੈਂਡਿੰਗ
ਸਿਹਤ ਵਿਭਗ ਵੱਲੋਂ ਅੱਜ 1951 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਦੋਂਕਿ ਪਹਿਲਾਂ ਭੇਜੇ ਗਏ ਸੈਂਪਲਾਂ ’ਚੋਂ 1902 ਦੀ ਟੈਸਟ ਰਿਪੋਰਟ ਅਜੇ ਪੈਂਡਿੰਗ ਹੈ। ਸਿਹਤ ਵਿਭਾਗ ਦੀ ਇਸ ਕਾਰਜਪ੍ਰਣਾਲੀ ’ਤੇ ਲੋਕ ਕਾਫੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿੱਜੀ ਹਸਪਤਾਲ ਿਵਚ ਸਵੇਰੇ ਸੈਂਪਲ ਦਿਓ ਤਾਂ ਸ਼ਾਮ ਨੂੰ ਰਿਪੋਰਟ ਆ ਜਾਂਦੀ ਹੈ, ਜਦੋਂਕਿ ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਆਉਣ ਵਿਚ ਕਈ-ਕਈ ਦਿਨ ਲੱਗ ਜਾਂਦੇ ਹਨ। ਉਹ ਵੀ ਅਜਿਹੇ ਸਮੇਂ ਵਿਚ ਜਦੋਂ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਸਾਹਮਣੇ ਆ ਰਹੀ ਹੈ।
59 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ
ਸਿਹਤ ਵਿਭਾਗ ਨੇ ਅੱਜ ਤੱਕ ਸਕ੍ਰੀਨਿੰਗ ਉਪਰੰਤ 59 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 1114 ਪਾਜ਼ੇਟਿਵ ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ। ਹੁਣ ਤੱਕ 47708 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਜਾ ਚੁੱਕਾ ਹੈ।