ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ ਪੰਥਕ ਰਵਾਇਤਾਂ ਮੁਤਾਬਕ ਹੋਈ ਸ਼ੁਰੂਆਤ

Thursday, Sep 14, 2023 - 06:47 PM (IST)

ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ ਪੰਥਕ ਰਵਾਇਤਾਂ ਮੁਤਾਬਕ ਹੋਈ ਸ਼ੁਰੂਆਤ

ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਜੈਤੋ ਦੇ ਮੋਰਚੇ’ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕਰਕੇ ਕੀਤੀ ਗਈ। ਮੁੱਖ ਸ਼ਤਾਬਦੀ ਸਮਾਗਮ 21 ਫ਼ਰਵਰੀ 2024 ਨੂੰ ਕੀਤਾ ਜਾਣਾ ਹੈ, ਜਦਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸਮਾਗਮ ਅਤੇ ਸੈਮੀਨਾਰ ਕੀਤੇ ਜਾ ਰਹੇ ਹਨ। ਅੱਜ ਆਰੰਭਤਾ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ ’ਚ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਿੱਥੇ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ, ਉਥੇ ਹੀ ਪੰਥ ਵਿਰੋਧੀ ਸ਼ਕਤੀਆਂ ਤੋਂ ਸੁਚੇਤ ਰਹਿਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਨਾਲ-ਨਾਲ ਸਿੱਖ ਇਤਿਹਾਸ ਦੀ ਅਗਵਾਈ ਹੀ ਕੌਮ ਨੂੰ ਸਹੀ ਦਿਸ਼ਾ ’ਚ ਲਿਜਾ ਸਕਦੀ ਹੈ ਅਤੇ ਇਹੀ ਰਸਤਾ ਕੌਮੀ ਚੁਣੌਤੀਆਂ ਦੇ ਹੱਲ ਵੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੇ ਰਹਿਣ ਨਾਲ ਸਿੱਖ ਵਿਰੋਧੀ ਸ਼ਕਤੀਆਂ ਕੌਮ ਦਾ ਕੁਝ ਨਹੀਂ ਵਿਗਾੜ ਸਕਦੀਆਂ। ਗਿਆਨੀ ਰਘਬੀਰ ਸਿੰਘ ਨੇ ਇਕ ਸਦੀ ਪਹਿਲਾਂ ਦੇ ਮੋਰਚਿਆਂ ਦੌਰਾਨ ਅਕਾਲੀ ਯੋਧਿਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਕੌਮ ਲਈ ਭਵਿੱਖੀ ਤਰਜੀਹਾਂ ਵਾਸਤੇ ਮਾਰਗ ਦਰਸ਼ਨ ਦੱਸਦਿਆਂ ਆਪਣੀਆਂ ਪੰਥਕ ਸੰਸਥਾਵਾਂ ਵਿਰੁੱਧ ਹੋ ਰਹੇ ਕੂੜ ਪ੍ਰਚਾਰ ਦਾ ਮੂੰਹਤੋੜ ਜਵਾਬ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਪੰਥ ਦੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਤਾਂ ਕੌਮ ਮਜ਼ਬੂਤ ਰਹੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਅਕਾਲੀ ਯੋਧਿਆਂ ਦਾ ਇਤਿਹਾਸ ਲਹੂਭਿੱਜਾ ਰਿਹਾ ਹੈ, ਜਿਸ ਦੀ ਉਦਾਹਰਣ ਜੈਤੋ ਦਾ ਮੋਰਚਾ ਹੈ। ਉਨ੍ਹਾਂ ਕਿਹਾ ਕਿ ਇਸ ਮੋਰਚੇ ਦੇ ਸ਼ਹੀਦ ਸਿੱਖ ਕੌਮ ਦਾ ਸਰਮਾਇਆ ਹਨ। ਐਡਵੋਕੇਟ ਧਾਮੀ ਨੇ ਐਲਾਨ ਕੀਤਾ ਕਿ ਜੈਤੋ ਦੇ ਮੋਰਚੇ ਦੌਰਾਨ ਜਥੇ ਲੈ ਕੇ ਪੁੱਜਣ ਵਾਲੇ ਸਿੱਖਾਂ ਅਤੇ ਸ਼ਹੀਦਾਂ ਦੇ ਪਿੰਡਾਂ ਨਗਰਾਂ ਵਿਚ ਸ਼ਤਾਬਦੀ ਨੂੰ ਸਮਰਪਤ ਸਮਾਗਮ ਕੀਤੇ ਜਾਣਗੇ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਫ਼ਰਵਰੀ 2024 ’ਚ ਜੈਤੋ ਮੋਰਚੇ ਦੀ ਸ਼ਤਾਬਦੀ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ’ਤੇ ਮਨਾਈ ਜਾਵੇਗੀ। 

ਇਹ ਵੀ ਪੜ੍ਹੋ : ਰਾਹੂ-ਕੇਤੂ 30 ਅਕਤੂਬਰ ਨੂੰ ਬਦਲਣਗੇ ਰਾਸ਼ੀਆਂ, ਸਾਰੇ ਹੋਣਗੇ ਪ੍ਰਭਾਵਿਤ

ਇਸੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਰਿਹਾ ਹੈ ਕਿ ਇਸ ਨੇ ਸ਼ਕਤੀਸ਼ਾਲੀ ਮੁਗਲ ਅਤੇ ਬਰਤਾਨਵੀ ਹਕੂਮਤਾਂ ਨੂੰ ਚੁਣੌਤੀ ਦਿੱਤੀ, ਜਿਸ ਦੀ ਰੌਸ਼ਨੀ ’ਚ ਅੱਜ ਵੀ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੀਆਂ ਚਾਲਾਂ ਵਿਰੁੱਧ ਕੌਮ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਆਗੂ ਸੰਸਥਾ ਹੈ, ਜਿਸ ਖ਼ਿਲਾਫ਼ ਹੁੰਦੇ ਪ੍ਰਚਾਰ ਨੂੰ ਰੋਕਣ ਲਈ ਸੰਜੀਦਾ ਯਤਨ ਕੀਤੇ ਜਾਣ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਦੇ ਖ਼ਾਤਮੇ ਵਾਸਤੇ ਯਤਨ ਕਰਨ ਲਈ ਵੀ ਪ੍ਰੇਰਿਆ। ਸਮਾਗਮ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੇ ਸੰਬੋਧਨ ਦੌਰਾਨ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸਿੱਖ ਨੌਜੁਆਨੀ ਨੂੰ ਆਪਣੇ ਇਸ ਸ਼ਾਨਾਮੱਤੇ ਇਤਿਹਾਸ ਤੋਂ ਸੇਧ ਲੈਣ ਲਈ ਕਿਹਾ। 

ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਪੰਥ ਪ੍ਰਸਿੱਧ ਕਥਾਵਾਚਕ ਭਾਈ ਬੰਤਾ ਸਿੰਘ ਮੁੰਡਾ ਪਿੰਡ ਨੇ ਜੈਤੋ ਦੇ ਮੋਰਚੇ ਦੇ ਇਤਿਹਾਸ ਨਾਲ ਸੰਗਤ ਨੂੰ ਜੋੜਿਆ, ਜਦਕਿ ਢਾਡੀ ਜਥਿਆਂ ਨੇ ਸਿੱਖ ਯੋਧਿਆਂ ਦੀਆਂ ਜੋਸ਼ੀਲੀਆਂ ਵਾਰਾਂ ਪੇਸ਼ ਕੀਤੀਆਂ। ਸਮਾਗਮ ਦੌਰਾਨ ਅਕਾਲੀ ਮੋਰਚਿਆਂ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਜੈਤੋ ਦੇ ਮੋਰਚੇ ਸਬੰਧੀ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ। ਇਸੇ ਦੌਰਾਨ ਅੰਮ੍ਰਿਤ ਸੰਚਾਰ ਸਮਾਗਮ ਵੀ ਕੀਤਾ ਗਿਆ ਅਤੇ ਬੀਤੀ ਰਾਤ ਕੀਰਤਨ ਦਰਬਾਰ ਵੀ ਸਜਾਇਆ ਗਿਆ। ਸਮਾਗਮ ਮੌਕੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਹਰਵਿੰਦਰ ਸਿੰਘ ਖਾਲਸਾ, ਸ. ਅਵਤਾਰ ਸਿੰਘ ਬਰਾੜ, ਹਲਕਾ ਇੰਚਾਰਜ ਸ. ਸੂਬਾ ਸਿੰਘ ਬਾਦਲ, ਬਾਬਾ ਰਿਖੀ ਰਾਮ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ : ਗਰੀਬ ਅਤੇ ਪੱਛੜੇ ਵਰਗਾਂ ਦੇ ਬੱਚਿਆਂ ਦੀ ਤਕਦੀਰ ਬਦਲਣ ਵਾਲਾ ਹੋਵੇਗਾ ‘ਸਕੂਲ ਆਫ਼ ਐਮੀਨੈਂਸ’

ਐਡਵੋਕੇਟ ਧਾਮੀ ਨੇ ‘ਵਨ ਨੇਸ਼ਨ ਵਨ ਐਜੂਕੇਸ਼ਨ’ ਦੀ ਕੀਤੀ ਕਰੜੀ ਆਲੋਚਨਾ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਸ਼ਤਾਬਦੀ ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਵਨ ਨੇਸ਼ਨ ਵਨ ਐਜੂਕੇਸ਼ਨ’ ਵਾਲੇ ਬਿਆਨ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਅੰਦਰ ਕੇਜਰੀਵਾਲ ਵੱਲੋਂ ਇਹ ਬਿਆਨ ਉਸ ਦੀ ਪੰਜਾਬ ਅਤੇ ਖ਼ਾਸਕਰ ਸਿੱਖੀ ਵਿਰੋਧੀ ਮਨਸ਼ਾ ਨੂੰ ਪ੍ਰਗਟਾਉਣ ਵਾਲਾ ਹੈ। ਐਡਵੋਕੇਟ ਧਾਮੀ ਨੇ ਸਾਫ਼ ਤੌਰ ’ਤੇ ਕਿਹਾ ਕਿ ਸਿੱਖਾਂ ਦਾ ਆਪਣਾ ਖ਼ਾਸਾ ਹੈ ਅਤੇ ਪੰਜਾਬ ਦੀ ਧਰਤੀ ’ਤੇ ਗੁਰੂ ਸਾਹਿਬਾਨ ਵੱਲੋਂ ਸਿਰਜੇ ਗਏ ਇਤਿਹਾਸ ਅਤੇ ਸੱਭਿਆਚਾਰ ਨੂੰ ਰਲਗਡ ਕਰਨ ਵਾਲੀ ਕੋਈ ਵੀ ਚਾਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ‘ਇਕ ਰਾਸ਼ਟਰ ਇਕ ਸਿੱਖਿਆ’ ਦੀ ਨੀਤੀ ਦਾ ਪ੍ਰਗਟਾਵਾ ਸੂਬਿਆਂ ਦੀ ਮੌਲਿਕ ਵੰਨਸਵੰਨਤਾ ਅਤੇ ਇਤਿਹਾਸ ਨੂੰ ਸੱਟ ਮਾਰਨ ਵਾਲੀ ਚਾਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੇਸ਼ ਅੰਦਰ ਘਟਗਿਣਤੀਆਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਖੰਡਤ ਕਰਨ ਦੀਆਂ ਕਈ ਹਰਕਤਾਂ ਹੋ ਰਹੀਆਂ ਹਨ, ਜਦਕਿ ਕੇਜਰੀਵਾਲ ਵੱਲੋਂ ਇਸੇ ਦਿਸ਼ਾ ’ਚ ਪ੍ਰਗਟਾਵਾ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਦੇ ਵੀ ਪੰਜਾਬ ਹਿੱਤਕਾਰੀ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨੂੰ ਇਸ ਹਰਕਤ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਤਾਂ ਜੋ ਖਿੱਤੇ ਦੀ ਆਪਣੀ ਪਛਾਣ ਖੋਰਾ ਲੱਗਣ ਤੋਂ ਬਚੀ ਰਹੇ।

ਇਹ ਵੀ ਪੜ੍ਹੋ : ਲੋਕਲ ਬਾਡੀਜ਼ ਵਿਭਾਗ ’ਚ ਫਰਜ਼ੀ ਸਰਟੀਫਿਕੇਟਾਂ ਸਹਾਰੇ ਨੌਕਰੀ ਕਰ ਰਹੇ ਮੁਲਾਜ਼ਮਾਂ ਦੀ ਹੋ ਸਕਦੀ ਛੁੱਟੀ, ਸਰਕਾਰ ਨੇ ਦਿੱਤੇ ਨਿਰਦੇਸ਼

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News