21 ਦੇਸ਼ਾਂ ਦੇ 100 ਸ਼ਰਧਾਲੂਆਂ ਨੇ ਕੀਤੇ ਪਵਿੱਤਰ ਵੇਈਂ ਦੇ ਦਰਸ਼ਨ

Saturday, Apr 08, 2023 - 01:22 PM (IST)

ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ, ਜੋਸ਼ੀ) : 21 ਦੇਸ਼ਾਂ ਦੇ 100 ਸ਼ਰਧਾਲੂਆਂ ਦਾ ਜੱਥਾ ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪੁੱਜਾ। ਜੱਥੇ ਦੀ ਅਗਵਾਈ ਕਰ ਰਹੇ ਯੋਗੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਵਿਸ਼ਵ ਪੱਧਰ ’ਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ, ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ ਅਤੇ ਗੁਰਬਾਣੀ ਰਾਹੀਂ ਯੋਗ ਸਾਧਨਾ ਸਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਵੱਖ-ਵੱਖ ਦੇਸ਼ ਦੇ ਲੋਕਾਂ ਨੂੰ ਇੱਕਠਾ ਕਰ ਕੇ ਭਾਰਤ ਦਾ ਦੌਰਾ ਕੀਤਾ ਜਾਂਦਾ ਹੈ, ਇਸ ਵਾਰ ਉਹ ਜੱਥੇ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਸੁਲਤਾਨਪੁਰ ਲੋਧੀ ਆਏ ਹਨ, ਜਿੱਥੇ ਉਨ੍ਹਾਂ ਵੱਲੋਂ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਜੱਥੇ ਦਾ ਸਵਾਗਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਸਥਾਨ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ, ਜਿੱਥੇ ਉਨ੍ਹਾਂ ਆਪਣੇ ਜੀਵਨ ਦਾ ਲੰਬਾ ਸਮਾਂ ਬਤੀਤ ਕੀਤਾ ਸੀ।

ਇਹ ਵੀ ਪੜ੍ਹੋ : ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਐਡਵਾਈਜ਼ਰੀ ਜਾਰੀ

ਉਨ੍ਹਾਂ ਆਏ ਜੱਥੇ ਨੂੰ ਸੰਬੋਧਨ ਹੁੰਦਿਆ ਦੱਸਿਆ ਕਿ ਜਿਸ ਵੇਈਂ ਦੇ ਦਰਸ਼ਨਾਂ ਲਈ ਉਹ ਆਏ ਹਨ, ਉਹ ਵੀ ਬਾਕੀ ਕੁਦਰਤੀ ਸ੍ਰੋਤਾਂ ਵਾਂਗ ਪ੍ਰਦੂਸ਼ਿਤ ਹੋ ਚੁੱਕੀ ਸੀ, ਜਿਸਨੂੰ ਮੁੜ ਸੁਰਜੀਤ ਕਰਨ ਲਈ ਸੰਗਤਾਂ ਵੱਲੋਂ ਦਿਨ-ਰਾਤ ਕਾਰਸੇਵਾ ਕੀਤੀ ਗਈ, ਜਿਸ ਬਾਰੇ ਜੱਥੇ ਨੂੰ ਵੇਈਂ ਦੀ ਕਾਰਸੇਵਾ ’ਤੇ ਬਣੀ ਗਈ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਸੰਤ ਸੀਚੇਵਾਲ ਨੇ ਆਏ ਜੱਥੇ ਨੂੰ ‘ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤਾਂ ਨੂੰ ਜੀਵਨ ਵਿਚ ਅਪਣਾਉਣ ਤੇ ਗੁਰਬਾਣੀ ਅਨੁਸਾਰ ਹਵਾ ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਤੇ ਧਰਤੀ ਨੂੰ ਮਾਤਾ ਦਾ ਦਰਜ਼ਾ ਦੇਣ ਲਈ ਪ੍ਰੇਰਿਤ ਕੀਤਾ। ਜੱਥੇ ਵਿਚ ਅਮਰੀਕਾ, ਕੈਨੇਡਾ, ਜਰਮਨੀ, ਰਸ਼ੀਆਮ ਤਜਾਕੀਸਤਾਨ ਤੇ ਚਾਇਨਾ ਸਮੇਤ ਵੱਖ-ਵੱਖ ਦੇਸ਼ਾਂ ਦੇ ਸ਼ਰਧਾਲੂ ਸ਼ਾਮਲ ਸੀ। ਇਸ ਮੌਕੇ ਸੰਤ ਸੀਚੇਵਾਲ ਵੱਲੋਂ ਜੱਥੇ ਨੂੰ ਲੈ ਕੇ ਆਏ ਯੋਗੀ ਅਮਨਦੀਪ ਸਿੰਘ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਪਵਿੱਤਰ ਵੇਈਂ ਦੇ ਪਾਣੀ ਦਾ ਟੀ. ਡੀ. ਐੱਸ. ਚੈੱਕ ਕਰਵਾਇਆ ਗਏ ਅਤੇ ਹਾਲਟਾਂ ਵਾਲਾ ਖੂਹ ਵੀ ਦਿਖਾਇਆ ਗਿਆ।

ਇਹ ਵੀ ਪੜ੍ਹੋ : ਸਖ਼ਤੀ : ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਨੂੰ ਸਰਕੂਲਰ ਜਾਰੀ, ਹੋਵੇਗੀ ਕਾਰਵਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News