ਲੁਧਿਆਣਾ ਵਾਸੀਆਂ ਨੂੰ ਵੱਡੀ ਰਾਹਤ, 100 ਕਰੋੜ ਦੇ ਪ੍ਰੋਜੈਕਟ ਨਾਲ ਕੂੜੇ ਦੇ ਪਹਾੜ ਤੋਂ ਮਿਲੇਗੀ ਨਿਜਾਤ
Tuesday, Nov 26, 2024 - 03:50 AM (IST)
ਲੁਧਿਆਣਾ (ਗਣੇਸ਼) - ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਸਿੰਘ ਅਤੇ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੁੱਲਾ ਵੱਲੋਂ ਲੁਧਿਆਣਾ ਦੇ ਟਿੱਬਾ ਰੋਡ ਵਿਖੇ ਮੌਜੂਦ ਕੂੜੇ ਦੇ ਡੰਪ ਨੂੰ ਹਟਾਉਣ ਲਈ 100 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।
ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਲੱਗੇ ਇਸ ਕੂੜੇ ਦੇ ਪਹਾੜ ਨੂੰ ਹਟਾਉਣ ਦੀ ਮੰਗ ਸ਼ਹਿਰ ਵਾਸੀ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ, ਸ਼ਹਿਰ ਦੇ ਵਿਚਾਲੇ ਮੌਜੂਦ ਇਹ ਕੂੜੇ ਦੇ ਪਹਾੜ ਜਿੱਥੇ ਬਦਬੂ ਗੰਦਗੀ ਅਤੇ ਬਿਮਾਰੀਆਂ ਦਾ ਕਾਰਨ ਬਣ ਰਹੇ ਸਨ ਉੱਥੇ ਹੀ ਇਲਾਕਾ ਨਿਵਾਸੀਆਂ ਨੂੰ ਇਸ ਰਸਤੇ ਤੋਂ ਨਿਕਲਣਾ ਵੀ ਦੁਸ਼ਵਾਰ ਹੋ ਚੁੱਕਾ ਸੀ।
ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਲੁਧਿਆਣਾ ਵਾਸੀਆਂ ਨੂੰ ਇਸ ਤੋਂ ਇੱਕ ਵੱਡੀ ਰਾਹਤ ਦਿਵਾਉਂਦਿਆਂ ਲਗਭਗ 100 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਇਸ ਕੂੜੇ ਦੇ ਪਹਾੜ ਨੂੰ ਹਟਾਉਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਜਿੱਥੇ ਇਸ ਕੂੜੇ ਦੇ ਪਹਾੜ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ ਉੱਥੇ ਹੀ ਇਸ ਕੂੜੇ ਤੋਂ ਤਿਆਰ ਕੀਤੀ ਜਾਣ ਵਾਲੀ ਖਾਦ ਅਤੇ ਕੂੜੇ ਵਿੱਚ ਮੌਜੂਦ ਪਲਾਸਟਿਕ ਤੋਂ ਵੀ ਲਾਹਾ ਲਿਆ ਜਾਵੇਗਾ ਅਤੇ ਇਸ ਨਾਲ ਹੋਣ ਵਾਲੀ ਕਮਾਈ ਮੁੜ ਖਜ਼ਾਨੇ ਵਿੱਚ ਵਾਪਸ ਆ ਜਾਵੇਗੀ ਜਿਸ ਦਾ ਸਿੱਧਾ ਲਾਹਾ ਲੁਧਿਆਣਾ ਵਾਸੀਆਂ ਨੂੰ ਮਿਲੇਗਾ।