150 ਸਾਲ ਬਾਅਦ ਵੀ ਹੁਸ਼ਿਆਰਪੁਰ ''ਚ ਨਹੀਂ 100 ਫੀਸਦੀ ਸੀਵਰੇਜ ਸਹੂਲਤ
Monday, Aug 14, 2017 - 06:29 AM (IST)
ਹੁਸ਼ਿਆਰਪੁਰ, (ਅਮਰਿੰਦਰ)- ਸ਼ਿਵਾਲਿਕ ਪਹਾੜੀ ਦੀ ਗੋਦ 'ਚ ਵਸੇ ਹੁਸ਼ਿਆਰਪੁਰ ਸ਼ਹਿਰ ਨੂੰ ਬ੍ਰਿਟਿਸ਼ ਹਕੂਮਤ ਸਮੇਂ ਹੀ 1868 'ਚ ਨਗਰ ਕੌਂਸਲ ਦਾ ਦਰਜਾ ਹਾਸਲ ਹੋ ਗਿਆ ਸੀ। ਸ਼ਹਿਰ ਛੋਟੇ-ਵੱਡੇ ਕੁੱਲ 39 ਚੋਆਂ ਨਾਲ ਘਿਰਿਆ ਹੋਣ ਦੇ ਬਾਵਜੂਦ ਬਰਸਾਤਾਂ ਦੇ ਦਿਨਾਂ 'ਚ ਸ਼ਹਿਰ ਤਬਾਹੀ ਦੇ ਕੰਢੇ 'ਤੇ ਖੜ੍ਹਾ ਰਹਿੰਦਾ ਹੈ। ਇਸ ਤਰ੍ਹਾਂ ਹੀ ਹੁਸ਼ਿਆਰਪੁਰ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਨਹੀਂ ਹੋਏ, ਵਿਕਾਸ ਦੇ ਨਾਲ-ਨਾਲ ਸਮੱਸਿਆਵਾਂ ਵੀ ਵਧਦੀਆਂ ਹੀ ਰਹੀਆਂ। 149 ਸਾਲ ਪਹਿਲਾਂ ਸ਼ਹਿਰ 'ਚ ਨਗਰ ਕੌਂਸਲ ਦੀ ਸਥਾਪਨਾ ਤੋਂ ਬਾਅਦ ਇਸ ਦਾ ਦਰਜਾ ਵਧ ਕੇ ਨਗਰ ਨਿਗਮ ਤੱਕ ਪਹੁੰਚ ਗਿਆ ਹੈ ਪਰ ਦੁੱਖ ਦੀ ਗੱਲ ਹੈ ਕਿ 35 ਵਰਗ ਕਿਲੋਮੀਟਰ ਖੇਤਰ 'ਚ ਫੈਲੀ ਕਰੀਬ 2 ਲੱਖ ਆਬਾਦੀ ਨੂੰ ਅੱਜ ਵੀ ਸ਼ਹਿਰ 'ਚ ਜਿਥੇ 100 ਫੀਸਦੀ ਸੀਵਰੇਜ ਦੀ ਸਹੂਲਤ ਨਹੀਂ ਮਿਲ ਸਕੀ, ਉਥੇ ਹੀ ਸ਼ਹਿਰ ਦਾ ਇਕ ਵੱਡਾ ਇਲਾਕਾ ਪਾਣੀ ਤੇ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅੱਜ ਵੀ ਥੋੜ੍ਹੀ ਜਿਹੀ ਬਰਸਾਤ ਹੋਣ 'ਤੇ ਸ਼ਹਿਰ ਦੀਆਂ ਗਲੀਆਂ ਤਲਾਬ ਬਣ ਜਾਂਦੀਆਂ ਹਨ।
ਸ਼ਹਿਰ ਨੂੰ 1970 'ਚ ਮਿਲੀ ਸੀ ਸੀਵਰੇਜ ਸਹੂਲਤ
ਨਗਰ ਪ੍ਰੀਸ਼ਦ ਤੇ ਸੀਵਰੇਜ ਬੋਰਡ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ 70 ਹਜ਼ਾਰ ਦੀ ਆਬਾਦੀ ਵਾਲੇ ਹੁਸ਼ਿਆਰਪੁਰ ਸ਼ਹਿਰ 'ਚ ਸਾਲ 1970 'ਚ ਘੰਟਾਘਰ, ਕੋਤਵਾਲੀ ਬਾਜ਼ਾਰ, ਸਬਜ਼ੀ ਮੰਡੀ, ਫਗਵਾੜਾ ਚੌਕ, ਕਮਾਲਪੁਰ, ਰੇਲਵੇ ਰੋਡ, ਵਕੀਲਾਂ ਬਾਜ਼ਾਰ ਅਤੇ ਗਊਸ਼ਾਲਾ ਬਾਜ਼ਾਰ 'ਚ ਸੀਵਰੇਜ ਦੀ ਸਹੂਲਤ ਲਈ ਪਾਈਪ ਲਾਈਨ ਵਿਛਾਈ ਗਈ ਸੀ। ਇਸ ਤੋਂ ਬਾਅਦ 1976 'ਚ ਨਵੀਂ ਆਬਾਦੀ, ਬਹਾਦਰਪੁਰ, ਕਚਹਿਰੀ ਰੋਡ, ਸੈਸ਼ਨ ਚੌਕ, ਸਰਕਾਰੀ ਕਾਲਜ ਚੌਕ, ਬੱਸ ਸਟੈਂਡ ਤੇ ਮਾਡਲ ਟਾਊਨ ਦੇ ਵਾਸੀਆਂ ਨੂੰ ਸੀਵਰੇਜ ਦੀ ਸਹੂਲਤ ਮਿਲੀ। ਸਾਲ 2005 'ਚ ਸੀਵਰੇਜ ਲਾਈਨ ਦੀ ਲੰਬਾਈ 128 ਕਿਲੋਮੀਟਰ ਨੂੰ ਪਾਰ ਕਰ ਗਈ ਸੀ, ਜੋ 2015 ਤੱਕ ਵਧ ਕੇ 272 ਕਿਲੋਮੀਟਰ ਤੱਕ ਜਾ ਪਹੁੰਚੀ।
ਹੁਸ਼ਿਆਰਪੁਰ ਸ਼ਹਿਰ ਦੇ ਲੋਕਾਂ ਨੂੰ ਸੌ ਫੀਸਦੀ ਪਾਣੀ ਤੇ ਸੀਵਰੇਜ ਦੀ ਸਹੂਲਤ ਦੇਣ ਦੇ ਮਾਮਲੇ 'ਚ ਸਾਲ 2009 ਸੁਨਹਿਰੀ ਕਾਲ ਰਿਹਾ। ਕੁਲ 102 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ 156 ਕਿਲੋਮੀਟਰ ਸੀਵਰੇਜ ਲਾਈਨ ਪਾਉਣ ਦੀ ਸ਼ੁਰੂਆਤ ਹੋਈ ਸੀ। ਸੀਵਰੇਜ ਬੋਰਡ ਤੇ ਨਗਰ ਨਿਗਮ ਦਾ ਦਾਅਵਾ ਹੈ ਕਿ ਕਰੀਬ 90 ਫੀਸਦੀ ਟੀਚੇ ਨੂੰ ਹਾਸਲ ਕਰ ਲਿਆ ਗਿਆ ਹੈ। ਇਸੇ ਦੌਰ 'ਚ ਰੇਨ ਵਾਟਰ ਡਰੇਨਜ਼ ਲਈ ਜ਼ਰੂਰੀ ਸਟ੍ਰਾਮ ਸੀਵਰੇਜ ਲਈ ਸੀਵਰੇਜ ਬੋਰਡ ਵੱਲੋਂ ਕਰੀਬ 45 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕਰ ਕੇ ਪ੍ਰਭਾਤ ਚੌਕ ਤੋਂ ਪਿੱਪਲਾਂਵਾਲਾ 'ਚ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਸ਼ਹਿਰ 'ਚ 272 ਕਿਲੋਮੀਟਰ ਸੀਵਰੇਜ ਸਿਸਟਮ ਦਾ ਫੈਲਾਅ ਤਾਂ ਹੈ ਪਰ ਨਗਰ ਨਿਗਮ ਕੋਲ ਸੀਵਰੇਜ ਦੀ ਵਧ ਰਹੀ ਸਮੱਸਿਆ ਨੂੰ ਨਕੇਲ ਪਾਉਣ ਲਈ ਸਾਧਨਾਂ ਦੀ ਕਮੀ ਹੈ। ਗੰਦਗੀ ਨਾਲ ਭਰੇ ਨਾਲੇ ਵੀ ਸ਼ਹਿਰ 'ਚ ਪ੍ਰੇਸ਼ਾਨੀ ਦਾ ਸਬੱਬ ਹਨ।
