13 ਕਿਲੋ ਹੈਰੋਇਨ ਬਰਾਮਦਗੀ ਮਾਮਲਾ : ਪੁਲਸ ਨੂੰ ਵੱਡੀ ਸਫ਼ਲਤਾ, 10 AK-47 ਰਾਈਫਲਾਂ ਤੇ 10 ਪਿਸਤੌਲਾਂ ਸਣੇ 2 ਕਾਬੂ
Saturday, Dec 03, 2022 - 08:48 PM (IST)
ਚੰਡੀਗੜ੍ਹ/ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ 13 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਤੁਰੰਤ ਬਾਅਦ ਪੰਜਾਬ ਪੁਲਸ ਨੇ ਪਿਛਲੇ ਤਿੰਨ ਦਿਨਾਂ ਵਿੱਚ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਖੁਲਾਸੇ ’ਤੇ ਪ੍ਰਭਾਵਸ਼ਾਲੀ ਬਰਾਮਦਗੀ ਕਰਦਿਆਂ 10 ਏ.ਕੇ.-47 ਅਸਾਲਟ ਰਾਈਫਲਾਂ ਅਤੇ ਦਸ .30 ਬੋਰ ਦੇ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ 21 ਨਵੰਬਰ ਨੂੰ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਰਾਜਸਥਾਨ ਦੇ ਦੋ ਨਸ਼ਾ ਤਸਕਰ ਸੁਖਵੀਰ ਸਿੰਘ ਅਤੇ ਬਿੰਦੂ ਸਿੰਘ ਨੂੰ 13 ਕਿਲੋ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਦੇ ਦੋ ਹੋਰ ਸਾਥੀਆਂ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਬਲਕਾਰ ਸਿੰਘ ਉਰਫ਼ ਲਵਪ੍ਰੀਤ ਸਿੰਘ, ਦੋਵੇਂ ਵਾਸੀ ਫਿਰੋਜ਼ਪੁਰ, ਗੁਰੂਹਰਸਹਾਏ ਵਜੋਂ ਹੋਈ ਹੈ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਤੋਂ ਗ੍ਰਿਫਤਾਰ ਕੀਤਾ ਹੈ।
ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਖੁਲਾਸਿਆਂ ’ਤੇ ਸੀ.ਆਈ.ਅੰਮ੍ਰਿਤਸਰ ਪੁਲਸ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 5 ਏ.ਕੇ.-47 ਰਾਈਫਲਾਂ ਅਤੇ .30 ਬੋਰ ਦੀਆਂ 5 ਵਿਦੇਸ਼ੀ ਪਿਸਤੌਲਾਂ ਸਮੇਤ 9 ਮੈਗਜ਼ੀਨਾਂ ਬਰਾਮਦ ਕੀਤੇ ਹਨ, ਜੋ ਕਿ ਫਿਰੋਜ਼ਪੁਰ ਵਿੱਚ ਫਾਰਵਰਡ ਪੋਸਟ ਤੀਰਥ ਦੇ ਖੇਤਰ ਵਿੱਚ ਪਿੱਲਰ ਦੇ ਨੇੜੇ ਛੁਪਾਏ ਹੋਏ ਸਨ ।
ਇਹ ਵੀ ਪੜ੍ਹੋ : ਕਮਲਜੀਤ ਬਰਾੜ ਦੀ ਰਾਜਾ ਵੜਿੰਗ ਨੂੰ ਸਿਆਸੀ ਚੁਣੌਤੀ, ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਇਹ ਐਲਾਨ
ਸੀ.ਆਈ. ਅੰਮ੍ਰਿਤਸਰ ਤੋਂ ਮਿਲੇ ਖਾਸ ਸੁਰਾਗ਼ਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਬੀ.ਐੱਸ.ਐੱਫ ਨੇ ਸ਼ੁੱਕਰਵਾਰ ਦੇਰ ਸ਼ਾਮ ਫਿਰੋਜ਼ਪੁਰ ਦੇ ਬਾਰਡਰ ਚੌਕੀ ਜਗਦੀਸ਼ ਦੇ ਖੇਤਰ ਵਿੱਚ ਛੁਪਾਏ ਹੋਏ 19 ਮੈਗਜ਼ੀਨਾਂ ਦੇ ਨਾਲ ਪੰਜ ਏ.ਕੇ-47 ਰਾਈਫਲਾਂ ਅਤੇ ਪੰਜ ਵਿਦੇਸ਼ੀ ਬਣੀਆਂ .30 ਬੋਰ ਦੀਆਂ ਪਿਸਤੌਲਾਂ ਦਾ ਇੱਕ ਹੋਰ ਜ਼ਖ਼ੀਰਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਸਲਾ ਐਕਟ ਦੀ ਧਾਰਾ 25 ਅਤੇ ਵਿਦੇਸ਼ੀ ਐਕਟ ਦੀ ਧਾਰਾ 14 ਐਫ ਤਹਿਤ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਇਸ ਸਬੰਧੀ ਇੱਕ ਵੱਖਰਾ ਕੇਸ ਐਫਆਈਆਰ ਨੰਬਰ 35 ਅਧੀਨ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਵੀਆਂ ਜ਼ਿੰਮੇਵਾਰੀਆਂ ਮਿਲਣ 'ਤੇ ਕੇਵਲ ਢਿੱਲੋਂ ਨੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਕੀਤਾ ਧੰਨਵਾਦ
ਏਆਈਜੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਆਪਣੇ ਪਾਕਿਸਤਾਨੀ ਸਾਥੀਆਂ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਹੁੰਚਾਉਣ ਲਈ ਤਸਕਰੀ ਕਰਦੇ ਸਨ। ਇਸ ਸਬੰਧ ਵਿੱਚ ਅਗਲੇਰੀ ਜਾਂਚ ਜਾਰੀ ਹੈ।