ਵਿਦੇਸ਼ਾਂ ਤੋਂ ਬਾਸਮਤੀ ਦੇ ਕੰਟੇਨਰ ਵਾਪਸ ਆਉਣ ‘ਤੇ 10 ਐਗਰੋ ਕੈਮੀਕਲਾਂ ‘ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਸਰਕਾਰ
Wednesday, Jun 01, 2022 - 04:22 PM (IST)
ਲੁਧਿਆਣਾ (ਸਲੂਜਾ) : ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦੀ ਬਾਸਮਤੀ ਦੀ ਅਮਰੀਕਾ, ਯੂਰਪ ਅਤੇ ਮੱਧ ਪੂਰਬ ਆਦਿ ਦੇਸ਼ਾਂ 'ਚ ਬਹੁਤ ਮੰਗ ਹੈ। ਭਾਰਤ ਤੋਂ ਹਰ ਸਾਲ 40 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਵਿਦੇਸ਼ਾਂ 'ਚ ਬਰਾਮਦ ਹੁੰਦੀ ਹੈ, ਜਿਸ 'ਚ 40 ਫ਼ੀਸਦੀ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਰਹਿੰਦਾ ਹੈ। ਜਦੋਂ ਪਿਛਲੇ ਸਾਲਾਂ ਦੌਰਾਨ ਵਿਦੇਸ਼ਾਂ ਤੋਂ ਆਏ ਬਾਸਮਤੀ ਦੇ ਕੰਟੇਨਰ ਉੱਥੋਂ ਦੀਆਂ ਸਰਕਾਰਾਂ ਵੱਲੋਂ ਇਹ ਕਹਿ ਕੇ ਵਾਪਸ ਕੀਤੇ ਗਏ ਸਨ ਕਿ ਇਸ 'ਚ ਅਜਿਹੇ ਰਸਾਇਣਾਂ ਦੀ ਵਰਤੋਂ ਕੀਤੀ ਗਈ ਹੈ, ਜੋ ਮਨੁੱਖੀ ਸਿਹਤ ਲਈ ਘਾਤਕ ਸਿੱਧ ਹੋ ਸਕਦੇ ਹਨ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲਾਂ 60 ਦਿਨਾਂ ਲਈ 10 ਐਗਰੋ ਕੈਮੀਕਲਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਫਿਰ ਇਸ ਪਾਬੰਦੀ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਪੂਰਨ ਪਾਬੰਦੀ ਲਗਾਉਣ ਦੀ ਸਿਫ਼ਾਰਿਸ਼ ਕੀਤੀ।
ਇਹ ਵੀ ਪੜ੍ਹੋ : ਹੁਣ ਨੀਰਜ ਬਵਾਨਾ ਗੈਂਗ ਦਾ ਐਲਾਨ, 2 ਦਿਨਾਂ 'ਚ ਲਵਾਂਗੇ 'ਸਿੱਧੂ ਮੂਸੇਵਾਲਾ' ਦੇ ਕਤਲ ਦਾ ਬਦਲਾ
ਇਸ 'ਚ ਮੁੱਖ ਤੌਰ ‘ਤੇ ਟ੍ਰਾਈਸਾਈਕਲੋਆਜੋਲ, ਕਾਰਬੋਨਾਡਾਜਿਮ ਅਤੇ ਬਿਊਪ੍ਰੋਪੀਅਨ ਆਦਿ ਸਾਮਲ ਸਨ। ਜੇਕਰ ਲੋੜ ਪਈ ਤਾਂ ਇਸ ਪਾਬੰਦੀ ਨੂੰ ਹੋਰ 60 ਦਿਨਾਂ ਲਈ ਵਧਾਇਆ ਜਾ ਸਕਦਾ ਹੈ। ਹੁਣ ਪੰਜਾਬ ਸਰਕਾਰ ਇਨ੍ਹਾਂ ਰਸਾਇਣਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਕੇਂਦਰ ਸਰਕਾਰ ਨਾਲ ਵਿਚਾਰ ਕਰ ਰਹੀ ਹੈ ਅਤੇ ਜਲਦੀ ਹੀ ਇਸ ਸਬੰਧੀ ਕੋਈ ਫ਼ੈਸਲਾ ਲੈ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜੇਕਰ ਐਗਰੋ ਕੈਮੀਕਲ ‘ਤੇ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਕਿਸਾਨਾਂ ਦੇ ਕਰੀਬ 300 ਕਰੋੜ ਰੁਪਏ ਦੀ ਬੱਚਤ ਹੋ ਸਕਦੀ ਹੈ, ਜੋ ਉਹ ਬਾਸਮਤੀ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਸਪਰੇਆਂ ‘ਤੇ ਖ਼ਰਚ ਕਰ ਰਹੇ ਹਨ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਮਗਰੋਂ ਸੈਲੀਬ੍ਰਿਟੀਜ਼ ਨੂੰ ਸੁਰੱਖਿਆ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ
ਜੇਕਰ ਸਰਕਾਰ ਇਸ ਸਬੰਧੀ ਕਦਮ ਚੁੱਕਦੀ ਹੈ ਤਾਂ ਕਿਸਾਨਾਂ ਅਤੇ ਬਰਾਮਦਕਾਰਾਂ ਨੂੰ ਵਿੱਤੀ ਲਾਭ ਮਿਲ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਬਾਸਮਤੀ ਦੀਆਂ ਕੀਮਤਾਂ ‘ਚ ਉਛਾਲ ਆ ਸਕਦਾ ਹੈ। ਪਿਛਲੇ ਸੀਜ਼ਨ 2021 ਦੀ ਗੱਲ ਕਰੀਏ ਤਾਂ ਬਾਸਮਤੀ 3000 ਤੋਂ 4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਗਈ ਸੀ। ਪਿਛਲੇ ਸੀਜ਼ਨ ਦੌਰਾਨ 4 ਲੱਖ 85 ਹਜ਼ਾਰ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਪੈਦਾਵਾਰ ਹੋਈ ਸੀ, ਜਦੋਂ ਕਿ ਇਸ ਸਾਲ 6 ਲੱਖ ਹੈਕਟੇਅਰ ਵਿੱਚ ਬਾਸਮਤੀ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ