ਸ਼ਟਰ ''ਚ ਕਰੰਟ ਆਉਣ ਕਾਰਨ 1 ਦੀ ਮੌਤ
Friday, Jun 09, 2017 - 01:04 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ)- ਦੁਕਾਨ ਦੇ ਸ਼ਟਰ 'ਚ ਕਰੰਟ ਆਉਣ ਕਾਰਨ ਇਕ ਮਜ਼ਦੂਰ ਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਖੁਰਾਣਾ ਐਸੋਸੀਏਟ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਜਿਵੇਂ ਹੀ ਅੱਜ ਸਵੇਰੇ ਦੁਕਾਨ ਦੇ ਮਾਲਕ ਸੁਸ਼ੀਲ ਕੁਮਾਰ (45) ਪੁੱਤਰ ਈਸ਼ਰ ਚੰਦ ਤੇ ਮਜ਼ਦੂਰ ਭਜਨ ਚੰਦ (42) ਪੁੱਤਰ ਸਤਨਾਮ ਸਿੰਘ ਨੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੋਵਾਂ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਦੁਕਾਨ 'ਤੇ ਕੰਮ ਕਰਦੀ ਲੜਕੀ ਪੂਜਾ ਨੇ ਜਦ ਇਹ ਦੇਖਿਆ ਤਾਂ ਉਸ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਸ਼ੋਰ-ਸ਼ਰਾਬਾ ਸੁਣ ਕੇ ਸਾਹਮਣੇ ਰਹਿੰਦੇ ਅਰੁਣ ਕੁਮਾਰ ਨੇ ਲੱਕੜ ਦੀ ਸਹਾਇਤਾ ਨਾਲ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਸ਼ਟਰ ਤੋਂ ਵੱਖ ਕੀਤਾ ਪਰ ਉਦੋਂ ਤੱਕ ਮਜ਼ਦੂਰ ਭਜਨ ਚੰਦ ਦੀ ਮੌਤ ਹੋ ਚੁੱਕੀ ਸੀ, ਜਦਕਿ ਦੁਕਾਨ ਮਾਲਕ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਨਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮ੍ਰਿਤਕ ਮਜ਼ਦੂਰ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ।
