ਤਿੰਨ ਸੜਕ ਹਾਦਸਿਆਂ ''ਚ 1 ਦੀ ਮੌਤ, ਅੱਧੀ ਦਰਜਨ ਜ਼ਖਮੀ

Wednesday, Jan 03, 2018 - 08:04 AM (IST)

ਤਿੰਨ ਸੜਕ ਹਾਦਸਿਆਂ ''ਚ 1 ਦੀ ਮੌਤ, ਅੱਧੀ ਦਰਜਨ ਜ਼ਖਮੀ

ਰਾਜਪੁਰਾ, (ਮਸਤਾਨਾ)- ਵੱਖ-ਵੱਖ ਥਾਵਾਂ 'ਤੇ ਵਾਪਰੇ ਤਿੰਨ ਸੜਕ ਹਾਦਸਿਆਂ ਵਿਚ ਇਕ ਵਿਅਕਤੀ ਦੀ ਮੌਤ ਅਤੇ 6 ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 
ਜਾਣਕਾਰੀ ਅਨੁਸਾਰ ਰਾਜਪੁਰਾ ਟਾਊਨ ਵਾਸੀ ਸਤਪਾਲ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦਾ ਭਰਾ ਰਾਮਦਿਆਲ ਐਕਟਿਵਾ 'ਤੇ ਰਾਜਪੁਰਾ-ਪਟਿਆਲਾ ਰੋਡ 'ਤੇ ਐਲਪਸ ਸਿਨੇਮਾ ਨੇੜੇ ਜਾ ਰਿਹਾ ਸੀ। ਇਸ ਦੌਰਾਨ ਕਿਸੇ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਫੇਟ ਮਾਰ ਦਿੱਤੀ। ਰਾਮ ਦਿਆਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 
ਇਸੇ ਤਰ੍ਹਾਂ ਦਿੱਲੀ ਵਾਸੀ ਅਜ਼ਹਰ ਖਾਨ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਹ ਆਪਣੇ ਮਿੱਤਰ ਕਪਿਲ ਸ਼ਰਮਾ ਅਤੇ ਅਕਸ਼ੇ ਨਾਲ ਕਾਰ ਵਿਚ ਸਰਹਿੰਦ ਬਾਈਪਾਸ 'ਤੇ ਜਾ ਰਿਹਾ ਸੀ। ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੇ ਦੋਸਤ ਜ਼ਖਮੀ ਹੋ ਗਏ। ਇਸੇ ਤਰ੍ਹਾਂ ਜ਼ਿਲਾ ਸੰਗਰੂਰ ਵਾਸੀ ਨਿਖਿਲ ਜੈਨ ਰਾਜਪੁਰਾ-ਪਟਿਆਲਾ ਸੜਕ 'ਤੇ ਪਿੰਡ ਖੇੜੀ ਗੰਡਿਆਂ ਨੇੜੇ ਜਾ ਰਿਹਾ ਸੀ। ਇਸ ਦੌਰਾਨ ਕਿਸੇ ਕਾਰ ਡਰਾਈਵਰ ਨੇ ਆਪਣੀ ਗੱਡੀ ਨੂੰ ਇਕਦਮ ਕੱਟ ਮਾਰ ਦਿੱਤਾ, ਜਿਸ ਕਾਰਨ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਰੋਡ ਰੋਲਰ ਨਾਲ ਜਾ ਟਕਰਾਇਆ ਅਤੇ ਜ਼ਖਮੀ ਹੋ ਗਿਆ।  ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾਵਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਵੱਖ-ਵੱਖ 3 ਮਾਮਲੇ ਦਰਜ ਕਰ ਲਏ ਗਏ ਹਨ।


Related News