ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਰਿਪੋਰਡ ਕਾਰਡ

12/28/2016 1:13:35 PM

ਕੋਟਕਪੂਰਾ— ਕੋਟਕਪੂਰਾ ਦੇ ਤਿੰਨ ਵਾਰ ਬਣੇ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਲਾਕਾ ਵਾਸੀਆਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੇਂਡੂ ਹਲਕਿਆਂ ''ਚ ਖੇਤੀਬਾੜੀ ਲਈ ਜਮੀਨਦੋਜ਼ ਪਾਈਪਾਂ, ਖਾਲੇ ਪੱਕੇ ਕਰਵਾਉਣ, ਮਾਰਕਿਟ ਕਮੇਟੀ ਦੇ ਸਹਿਯੋਗ ਨਾਲ ਸੰਪਰਕ ਸੜਕਾਂ, ਬਿਜਲੀ ਦੇ ਨਵੇਂ ਗਰਿਡ ਆਦਿ ਕੰਮ ਕਰਵਾਉਣ ਦੇ ਵਾਅਦੇ ਪੂਰੇ ਕਰਨ ਤੋਂ ਇਲਾਵਾ ਕੋਟਕਪੂਰਾ ਸ਼ਹਿਰ ਲਈ 17 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ, 12 ਕਰੋੜ ਦੀ ਲਾਗਤ ਨਾਲ ਗਲੀਆਂ ਨਾਲੀਆਂ ਬਣਵਾਈਆਂ, 115 ਕਰੋੜ ਦੀ ਲਾਗਤ ਨਾਲ ਸੀਵਰੇਜ ਤੇ ਸਟਰੀਟ ਲਾਈਟ ਦਾ ਕੰਮ ਕਰਵਾਇਆ, 9.50 ਕਰੋੜ ਦੀ ਲਾਗਤ ਨਾਲ ਸ਼ਹਿਰ ਦੀ ਬਿਜਲੀ ਸਪਲਾਈ ਦਾ ਨਵੀਨੀਕਰਨ ਆਦਿ ਕੰਮ ਕਰਵਾਉਣ ਤੋਂ ਇਲਾਵਾ ਮਦਰ ਐਂਡ ਚਾਈਲਡ ਹਸਪਤਾਲ, ਲੜਕੀਆਂ ਦੀ ਆਈ. ਟੀ. ਆਈ. ਸਮੇਤ ਅਨੇਕਾਂ ਕੰਮ ਕਰਵਾਏ ਗਏ ਹਨ। 
ਵਾਅਦੇ ਜੋ ਪੂਰੇ ਹੋਏ
1. ਕੋਟਕਪੂਰਾ ਤਹਿਸੀਲ ਬਣਿਆ
2. ਫਰੀਦਕੋਟ ਰੋਡ ''ਤੇ ਰੇਲਵੇ ਲਾਈਨਾਂ ''ਤੇ ਓਵਰ ਬਰਿੱਜ ਦਾ ਕੰਮ ਸ਼ੁਰੂ  
3. ਸ਼ਹਿਰ ਅੰਦਰ 100 ਫੀਸਦੀ ਸੀਵਰੇਜ ਦਾ ਕੰਮ ਚੱਲ ਰਿਹਾ
4. ਲੜਕੀਆਂ ਦੀ ਆਈ. ਟੀ. ਆਈ. ਦੀ ਨਵੀਂ ਇਮਾਰਤ ਬਣਾਈ
5. ਪੂਰੇ ਹਲਕੇ ਅੰਦਰ ਪਿੰਡਾਂ ਦੀਆਂ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ
ਵਾਅਦੇ ਜੋ ਪੂਰੇ ਨਹੀਂ ਹੋਏ 
1. ਇਲਾਕੇ ਅੰਦਰ ਵੱਡੀ ਇੰਡਸਟਰੀ ਦਾ ਨਾ ਲੱਗਣਾ
2. ਬਹੁ ਮੰਤਵੀ ਸਟੇਡੀਅਮ ਦੀ ਘਾਟ 
3. ਬੱਸ ਸਟੈਂਡ ਦੀ ਖਸਤਾ ਹਾਲਤ ''ਚ ਸੁਧਾਰ ਨਾ ਹੋਣਾ  
ਦਾਅਵਿਆਂ ਦੀ ਹਕੀਕਤ 
ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਸੁਰਿੰਦਰ ਦਿਵੇਦੀ ਦਾ ਕਹਿਣਾ ਹੈ ਕਿ ਹਲਕੇ ਅੰਦਰ ਕੀਤੇ ਗਏ ਕੰਮ ਸਿਰਫ ਚੋਣਾਂ ਸਿਰ ''ਤੇ ਆਉਣ ਮੌਕੇ ਹੀ ਕੀਤੇ ਗਏ ਹਨ। ਸ਼ਹਿਰ ਦੀ ਸਾਫ-ਸਫਾਈ ਤੋਂ ਇਲਾਵਾ ਛੱਪੜਾਂ ''ਚ ਗੰਦਗੀ ਭਰੀ ਪਈ ਹੈ ਜੋ ਖਾਸ ਕਰਕੇ ਬਾਰਸ਼ਾਂ ਦੇ ਦਿਨਾਂ ''ਚ ਸ਼ਹਿਰ ਵਾਸੀਆਂ ਨੂੰ ਮੁਸੀਬਤਾਂ ''ਚ ਪਾਉਂਦੀ ਹੈ। ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਕੋਈ ਵੱਡੀ ਇੰਡਸਟਰੀ ਇਲਾਕੇ ''ਚ ਨਹੀਂ ਲੱਗੀ। ਉਨ੍ਹਾਂ ਨੇ ਫੈਲੇ ਭ੍ਰਿਸ਼ਟਾਚਾਰ ਦੀ ਵੀ ਦਿਲ ਖੋਲ੍ਹ ਕੇ ਗੱਲ ਕੀਤੀ। 
ਲੋਕਾਂ ਨੇ ਇੰਝ ਪ੍ਰਗਟਾਈ ਆਪਣੀ ਪ੍ਰਤੀਕਿਰਿਆ
ਸਿਟੀ ਕਲੱਬ ਕੋਟਕਪੂਰਾ ਦੇ ਪ੍ਰਧਾਨ ਅਤੇ ਖੂਨਦਾਨ ਦੇ ਖੇਤਰ ''ਚ ਸਟਾਰ ਡੋਨਰ ਦਵਿੰਦਰ ਨੀਟੂ ਨੇ ਕਿਹਾ ਕਿ ਥੋੜੀ ਜਿਹੀ ਦੇਰੀ ਜ਼ਰੂਰ ਹੋਈ ਹੈ ਪਰ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਇਲਾਕੇ ਦਾ ਰੱਜਵਾਂ ਵਿਕਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਤੋਂ ਇਲਾਵਾ ਸ਼ਹਿਰ ''ਚ ਗਲੀਆਂ, ਨਾਲੀਆਂ, ਸੜਕਾਂ, ਸਟਰੀਟ ਲਾਈਟ ਅਤੇ ਵਾਟਰ ਵਰਕਸ ਆਦਿ ਦੇ ਭਰਪੂਰ ਕੰਮ ਹੋਏ ਹਨ। 
ਅਮਨਦੀਪ ਕੌਰ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਔਰਤਾਂ ਲਈ ਵੱਖਰੇ ਪਾਰਕ, ਬੱਚਿਆਂ ਅਤੇ ਔਰਤਾਂ ਲਈ ਵੱਖਰੇ ਇਨਡੋਰ ਸਟੇਡੀਅਮ ਆਦਿ ਬਣਾਉਣ ਲਈ ਕੁੱਝ ਵੀ ਨਹੀਂ ਕੀਤਾ ਗਿਆ। ਸ਼ਹਿਰ ਅੰਦਰ ਵੱਖ-ਵੱਖ ਇਲਾਕਿਆਂ ''ਚ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਲਾਇਬ੍ਰੇਰੀਆਂ ਖੋਲਣੀਆਂ ਚਾਹੀਦੀਆਂ ਸਨ ਪਰ ਪਹਿਲਾਂ ਬਣੀਆਂ ਇਕ-ਦੋ ਲਾਇਬ੍ਰੇਰੀਆਂ ਵੀ ਕਰੀਬ-ਕਰੀਬ ਆਪਣੀ ਹੋਂਦ ਗਵਾ ਚੁੱਕੀਆਂ ਹਨ। 
ਚੌਧਰੀ ਹਰੀ ਕ੍ਰਿਸ਼ਨ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰੀ ਇਲਾਕਿਆਂ ਦੀ ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 
ਸੋਨੂੰ ਗਿੱਲ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਟਰੈਫਿਕ ਸਮੱਸਿਆ ਲਗਾਤਾਰ ਗੰਭੀਰ ਹੋ ਰਹੀ ਹੈ। ਲੰਮੇਂ ਸਮੇਂ ਤੋਂ ਸ਼ਹਿਰ ਦੇ ਆਲੇ-ਦੁਆਲੇ ਬਾਈਪਾਸ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅਨੇਕਾਂ ਪਾਰਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਿੱਥੇ ਇਨਸਾਨਾਂ ਦੀ ਥਾਂ ਪਸ਼ੂਆਂ ਨੇ ਡੇਰੇ ਲਾਏ ਹੋਏ ਹਨ।

Related News