ਦਿੱਲੀ ਕਮੇਟੀ ਦੀਆਂ ਚੋਣਾਂ ''ਚ ਕਈ ਨੇਤਾਵਾਂ ਦੀ ਰਾਹ ਆਸਾਨ ਤੇ ਕਈਆਂ ਦੀ ਸੀਟ ਫਸੀ

02/15/2017 11:30:38 AM

ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ''ਚ ਇਸ ਵਾਰ ਸੀਟਾਂ ਦੇ ਬਦਲੇ ਭੂਗੋਲ ਨਾਲ ਸਾਰੇ ਨੇਤਾਵਾਂ ਦਾ ਗਣਿਤ ਵਿਗੜ ਗਿਆ ਹੈ। ਕਈ ਵਾਰਡਾਂ ਦਾ ਪੂਰਾ ਹਿੱਸਾ ਕੱਟਿਆ ਗਿਆ ਹੈ ਤਾਂ ਕਈ ਹਿੱਸਿਆਂ ਨੂੰ ਦੂਸਰੇ ਇਲਾਕੇ ''ਚ ਜੋੜ ਦਿੱਤਾ ਗਿਆ ਹੈ। ਨਤੀਜੇ ਵਜੋਂ ਆਊਟਗੋਇੰਗ ਮੈਂਬਰਾਂ ਲਈ ਮੁਸ਼ਕਲ ਹੋ ਗਈ ਹੈ। ਡੀ-ਲਿਮੀਟੇਸ਼ਨ ਦੇ ਕਾਰਨ ਕਈ ਨੇਤਾਵਾਂ ਦੀ ਕੁਰਸੀ ਖਤਰੇ ''ਚ ਆ ਗਈ ਹੈ, ਜਦਕਿ ਕਈ ਨੇਤਾਵਾਂ ਨੂੰ ਆਪਣੀ ਪੁਰਾਣੀ ਸੀਟ ਦੇ ਬਦਲੇ ਦੂਜੀਆਂ ਸੀਟਾਂ ''ਤੇ ਉਤਰਨਾ ਪਿਆ ਹੈ। ਇਸ ਕਾਰਨ ਕੁਝ ਨੇਤਾਵਾਂ ਨੂੰ ਤਾਂ ਚੰਗੇ ਇਲਾਕੇ ਮਿਲ ਗਏ ਹਨ, ਜਦਕਿ ਜ਼ਿਆਦਾਤਰ ਸਿਟਿੰਗ ਮੈਂਬਰਾਂ ਨੂੰ ਨਵੇਂ-ਨਵੇਂ ਇਲਾਕਿਆਂ ''ਚ ਜਾਣਾ ਪੈ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਕਰਮਪੁਰਾ ਸੀਟ ਤੋਂ ਪਿਛਲੇ ਕਈ ਸਾਲਾਂ ਤੋਂ ਚੋਣਾਂ ਲੜਦੇ ਰਹੇ ਹਨ ਪਰ ਇਸ ਵਾਰ ਚੋਣਾਂ ''ਚ ਉਨ੍ਹਾਂ ਨੂੰ ਗੁਆਂਢ ਦੀ ਤ੍ਰਿਨਗਰ ਸੀਟ ''ਤੇ ਲੜਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਪੂਰੀਆਂ ਚੋਣਾਂ ''ਚ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਪੰਜਾਬੀ ਬਾਗ 3 ਹਿੱਸਿਆਂ ''ਚ ਵੰਡੀ ਗਈ ਹੈ-ਪੰਜਾਬੀ ਬਾਗ, ਚੰਦਰ ਵਿਹਾਰ ਤੇ ਗੁਰੂ ਹਰਿਕ੍ਰਿਸ਼ਨ ਨਗਰ। ਇਸ ਵਾਰਡ ''ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਤੇ ਮੌਜੂਦਾ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਆਹਮੋ-ਸਾਹਮਣੇ ਹਨ। ਸਰਨਾ ਦੀ ਇਹ ਰਵਾਇਤੀ ਸੀਟ ਹੈ। ਇਸੇ ਤਰ੍ਹਾਂ ਚਾਂਦਨੀ ਚੌਕ, ਪਹਾੜ ਗੰਜ ਤੇ ਕਨਾਟ ਪਲੇਸ ਸੀਟ ਨੂੰ ਮਿਲਾ ਕੇ ਇਕ ਵਾਰਡ ਬਣਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਪੂਰਬੀ ਦਿੱਲੀ ''ਚ ਵਾਰਡ ਨੰਬਰ-43 ''ਚ ਦੋਗੁਣਾ ਇਲਾਕਾ ਤੇ ਵੋਟ ਜੁੜ ਗਏ ਹਨ। ਇਹ ਵਾਰਡ ਪਹਿਲਾਂ ਗੀਤਾ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਵਿਵੇਕ ਵਿਹਾਰ ਦੇ ਨਾਂ ਨਾਲ। ਇਸ ''ਚ ਵਿਵੇਕ ਵਿਹਾਰ, ਸ਼ਾਹਦਰਾ, ਕਿਸ਼ਨ ਨਗਰ, ਰਘੁਬਰਪੁਰਾ, ਗਾਂਧੀਨਗਰ, ਹਰਗੋਬਿੰਦ ਇਨਕਲੇਵ, ਆਨੰਦ ਵਿਹਾਰ ਜੁੜ ਗਿਆ ਹੈ। ਪਹਿਲੇ ਇਸ ਵਾਰਡ ''ਚ 4500 ਵੋਟ ਸਨ ਪਰ ਡੀ-ਲਿਮੀਟੇਸ਼ਨ ਦੇ ਬਾਅਦ 8500 ਵੋਟ ਹੋ ਗਏ। ਇਥੇ ਮੌਜੂਦਾ ਮੈਂਬਰ ਮਨਮੋਹਨ ਸਿੰਘ (ਸਰਨਾ ਦਲ), ਜਸਮੀਨ ਸਿੰਘ (ਅਕਾਲੀ ਦਲ) ਅਤੇ ਪ੍ਰੀਤਪਾਲ ਸਿੰਘ ਚਾਵਲਾ (ਸਿੱਖ ਸਦਭਾਵਨਾ ਦਲ) ਦੇ ਵਿਚਕਾਰ ਮੁਕਾਬਲਾ ਹੈ। ਦੱਸ ਦੇਈਏ ਕਿ 22 ਸਾਲਾਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਾਰਡਾਂ ਦਾ ਡੀ-ਲਿਮੀਟੇਸ਼ਨ ਹੋਇਆ ਹੈ। ਇਹ ਡੀ-ਲਿਮੀਟੇਸ਼ਨ ਪਿਛਲੀ ਵਾਰ 1995 ''ਚ ਹੋਇਆ ਸੀ।

Babita Marhas

News Editor

Related News