Asia Cup : ਭਾਰਤ ਨੇ ਹਾਂਗਕਾਂਗ ਨੂੰ 26 ਦੌੜਾਂ ਨਾਲ ਹਰਾਇਆ

09/19/2018 2:40:48 AM

ਦੁਬਈ— ਸ਼ਿਖਰ ਧਵਨ ਦੇ ਸੈਂਕੜੇ ਨਾਲ ਚੁਣੌਤੀਪੂਰਨ ਸਕੋਰ ਤਕ ਪਹੁੰਚਣ ਦੇ ਬਾਵਜੂਦ ਭਾਰਤ ਨੂੰ ਏਸ਼ੀਆ ਕੱਪ ਗਰੁੱਪ-ਏ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ ਕਮਜ਼ੋਰ ਹਾਂਗਕਾਂਗ 'ਤੇ 26 ਦੌੜਾਂ ਨਾਲ ਜਿੱਤ ਦਰਜ ਕਰਨ ਲਈ ਪਸੀਨਾ ਵਹਾਉਣਾ ਪਿਆ।

PunjabKesari
ਇੰਗਲੈਂਡ ਵਿਚ ਟੈਸਟ ਸੀਰੀਜ਼ ਵਿਚ ਦੌੜਾਂ ਲਈ ਤਰਸ ਰਹੇ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੇ ਹਾਂਗਕਾਂਗ ਦੇ ਗੇਂਦਬਾਜ਼ਾਂ ਦੀ ਬੇਰਹਿਮੀ ਨਾਲ ਧੁਆਈ ਕਰਦਿਆਂ ਸਿਰਫ 120 ਗੇਂਦਾਂ 'ਤੇ 127 ਦੌੜਾਂ ਬਣਾਈਆਂ, ਜਿਨ੍ਹਾਂ ਦੀ ਬਦੌਲਤ ਭਾਰਤ ਨੇ50 ਓਵਰਾਂ ਵਿਚ 7 ਵਿਕਟਾਂ 'ਤੇ 285 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਹਾਂਗਕਾਂਗ ਦੀ ਟੀਮ ਹਾਲਾਂਕਿ ਵਧੇ ਮਨੋਬਲ ਨਾਲ ਵਤਨ ਪਰਤੇਗੀ ਕਿਉਂਕਿ ਉਸਦੇ ਸਾਹਮਣੇ ਮੌਜੂਦਾ ਚੈਂਪੀਅਨ ਤੇ ਦੁਨੀਆ ਦੀ ਨੰਬਰ ਦੋ ਟੀਮ ਨੂੰ ਜਿੱਤ ਲਈ ਸੰਘਰਸ਼ ਕਰਨਾ ਪਿਆ।
ਨਿਜ਼ਾਕਤ ਤੇ ਅੰਸ਼ੁਮਨ ਨੇ ਜਿਸ ਸਬਰ ਤੇ ਆਤਮਵਿਸ਼ਵਾਸ ਨਾਲ ਭਾਰਤ ਦੇ ਤੇਜ਼ ਤੇ ਸਪਿਨ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ, ਉਸ ਤੋਂ ਰੋਹਿਤ ਸ਼ਰਮਾ ਤੇ ਉਸਦੇ ਸਾਥੀਆਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਸਨ। ਪਹਿਲੇ 10 ਓਵਰਾਂ ਵਿਚ ਜਦੋਂ ਤਿੰਨੇ ਗੇਂਦਬਾਜ਼ ਨਹੀਂ ਚੱਲੇ ਤਾਂ ਰੋਹਿਤ ਨੇ ਯੁਜਵੇਂਦਰ ਚਾਹਲ (46 ਦੌੜਾਂ 'ਤੇ 3 ਵਿਕਟਾਂ)  ਦੇ ਰੂਪ ਵਿਚ ਸਪਿਨ ਹਮਲਾ ਲਾਇਆ। ਉਸ ਨੇ ਆਪਣੀ ਹੀ ਗੇਂਦ 'ਤੇ ਅੰਸ਼ੂਮਨ ਦਾ ਕੈਚ ਛੱਡਿਆ। ਚਾਹਲ ਤੇ ਕੁਲਦੀਪ ਯਾਦਵ (42 ਦੌੜਾਂ 'ਤੇ 2 ਵਿਕਟਾਂ) ਦੇ ਇਲਾਵਾ ਕੇਦਾਰ ਯਾਦਵ ਨੇ ਵਿਚਾਲੇ ਦੇ ਓਵਰਾਂ ਵਿਚ ਦੌੜਾਂ 'ਤੇ ਰੋਕ ਲਾਈ। ਕੁਲਦੀਪ ਨੇ ਮੈਚ ਦੌਰਾਨ ਵਨ ਡੇ ਵਿਚ 50 ਵਿਕਟਾਂ ਵੀ  ਪੂਰੀਆਂ ਕੀਤੀਆਂ। 
ਨਿਜ਼ਾਕਤ ਤੇ ਅੰਸ਼ੂਮਨ ਨੇ ਪਹਿਲੀ ਵਿਕਟ ਲਈ 174 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਜਿਵੇਂ ਹੀ ਇਹ ਸਾਂਝੇਦਾਰੀ ਟੁੱਟੀ ਤਾਂ ਭਾਰਤ ਨੇ ਇਸ ਤੋਂ ਬਾਅਦ ਕਿਸੇ ਵੀ ਬੱਲੇਬਾਜ਼ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ ਤੇ ਰਨ ਰੇਟ ਵਧਣ ਕਾਰਨ ਬਾਕੀ ਬੱਲੇਬਾਜ਼ ਘੱਟ ਤਜਰਬੇ ਤੇ ਦਬਾਅ ਕਾਰਨ ਚੱਲਦੇ ਬਣੇ। ਅੰਤ ਉਹ 50 ਓਵਰਾਂ ਵਿਚ 8 ਵਿਕਟਾਂ 259 ਦੌੜਾਂ ਹੀ ਬਣਾ ਸਕੇ ਪਰ ਇਸ ਪੂਰੇ ਮੈਚ ਦੌਰਾਨ ਹਾਂਗਕਾਂਗ ਦੇ ਖਿਡਾਰੀਆਂ ਨੇ ਜਿਹੜਾ ਜਜਬਾ ਦਿਖਾਇਆ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸ਼ਿਖਰ ਨੇ 127 ਦੌੜਾਂ ਦੀ ਆਪਣੀ ਪਾਰੀ ਵਿਚ 15 ਚੌਕੇ ਤੇ 2 ਛੱਕੇ ਲਾਏ। ਸ਼ਿਖਰ ਨੂੰ ਇੰਗਲੈਂਡ ਵਿਚ ਟੈਸਟ ਸੀਰੀਜ਼ ਵਿਚ ਦੌੜਾਂ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ਪਰ ਆਪਣੀਆਂ ਪਸੰਦੀਦਾ ਪਿੱਚਾਂ 'ਤੇ ਪਰਤਦੇ ਹੀ ਉਸਦੇ ਬੱਲੇ ਨੇ ਦੌੜਾਂ ਉਗਲੀਆਂ ਤੇ ਸ਼ਿਖਰ ਨੇ ਆਪਣਾ 14ਵਾਂ ਸੈਂਕੜਾ ਬਣਾ ਦਿੱਤਾ।
ਇਸ ਤੋਂ ਪਹਿਲਾਂ ਭਾਰਤ ਦੇ ਖੱਬੇ ਹੱਥ ਦੇ ਓਪਨਰ ਨੇ ਆਪਣਾ ਪਿਛਲਾ ਸੈਂਕੜਾ ਇਸੇ ਸਾਲ ਫਰਵਰੀ ਵਿਚ ਜੌਹਾਨਸਬਰਗ ਵਿਚ ਦੱਖਣੀ ਅਫਰੀਕਾ ਵਿਰੁੱਧ ਬਣਾਇਆ ਸੀ। ਉਸ ਤੋਂ ਬਅਦ ਅਗਲੀਆਂ ਪੰਜ ਵਨ ਡੇ ਪਾਰੀਆਂ ਵਿਚ ਉਹ ਕੋਈ ਅਰਧ ਸੈਂਕੜਾ ਵੀ ਨਹੀਂ ਬਣਾ ਸਕਿਆ ਸੀ ਪਰ ਏਸ਼ੀਆ ਕੱਪ ਵਿਚ ਭਾਰਤ ਦੇ ਪਹਿਲੇ ਮੁਕਾਬਲੇ ਵਿਚ ਉਸ ਨੇ ਆਪਣਾ ਜਲਵਾ ਦਿਖਾਉਂਦਿਆਂ ਸੈਂਕੜਾ ਬਣਾ ਦਿੱਤਾ। ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ ਕਪਤਾਨ ਰੋਹਿਤ ਸ਼ਰਮਾ (23) ਨਾਲ 45 ਦੌੜਾਂ, ਅੰਬਾਤੀ ਰਾਇਡੂ (60) ਨਾਲ ਦੂਜੀ ਵਿਕਟ ਲਈ 116 ਦੌੜਾਂ ਤੇ ਦਿਨੇਸ਼ ਕਾਰਤਿਕ (33) ਨਾਲ ਤੀਜੀ ਵਿਕਟ ਲਈ 79 ਦੌੜਾਂ ਜੋੜੀਆਂ। ਸ਼ਿਖਰ 41ਵੇਂ ਓਵਰ ਵਿਚ ਆਊਟ ਹੋਇਆ, ਜਿਸ ਤੋਂ ਬਾਅਦ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ ਨੂੰ 300 ਤਕ ਨਹੀਂ ਪਹੁੰਚਣ ਦਿੱਤਾ।


Related News