ਜਲੰਧਰ: ਚੋਣ ਜ਼ਾਬਤਾ ਦੀ ਉਲੰਘਣਾ, ਕਣਕ ਵੰਡ ਰਹੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

09/18/2018 6:33:41 PM

ਕਰਤਾਰਪੁਰ— ਥਾਣਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਬੱਲਾਂ 'ਚ ਚੋਣ ਜ਼ਾਬਤਾ ਦੀ ਉਲੰਘਣਾ ਕਰਕੇ ਕਣਕ ਵੰਡ ਰਹੇ ਦੋ ਵਿਅਕਤੀਆਂ ਨੂੰ ਕਣਕ ਦੀਆਂ ਬੋਰੀਆਂ ਨਾਲ ਕਾਬੂ ਕੀਤਾ ਹੈ। ਥਾਣਾ ਕਰਤਾਰਪੁਰ ਦੀ ਚੌਕੀ ਕਿਸ਼ਨਗੜ੍ਹ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਵਾਸੀ ਰੂਬੀ ਬਲ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਪਿੰਡ ਤੋਂ ਨਿਕਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਕ ਗੱਡੀ 'ਚ ਸਵਾਰ ਹੋ ਕੇ ਦੋ ਲੋਕ ਕਣਕ ਵੰਡ ਰਹੇ ਸਨ। ਚੋਣ ਜ਼ਾਬਤਾ ਲੱਗੀ ਹੋਣ ਦੇ ਕਾਰਨ ਅਜਿਹਾ ਕਰਨਾ ਅਪਰਾਧ ਸੀ। ਅਜਿਹੇ 'ਚ ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਮੰਨੇ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਸਰਪੰਚ, ਅਕਾਲੀ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਰਾਜਕੁਮਾਰੀ ਦੇ ਪਤੀ ਸ਼ਾਦੀਲਾਲ ਅਤੇ ਹੋਰ ਲੋਕਾਂ ਨੂੰ ਜਾਣਕਾਰੀ ਦਿੱਤੀ। 

ਸ਼ਾਦੀ ਲਾਲ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ 106 ਬੋਰੀਆਂ ਕਣਕ ਦੀਆਂ ਵੰਡੀਆਂ ਜਾ ਚੁੱਕੀਆਂ ਸਨ ਅਤੇ 4 ਮੌਕੇ 'ਤੇ ਪਈਆਂ ਸਨ। ਕਣਕ ਵੰਡ ਰਹੇ ਲੋਕਾਂ ਦੇ ਕੋਲੋਂ 15 ਤਰੀਕ ਦੀਆਂ ਪਰਚੀਆਂ ਵੀ ਮਿਲੀਆਂ, ਜਿਸ 'ਚ ਸਾਬਤ ਹੁੰਦਾ ਹੈ ਕਿ ਦੋ ਦਿਨ ਪਹਿਲਾਂ ਹੀ ਕਣਕ ਵੰਡਣ ਦੀ ਤਿਆਰੀ ਕਰ ਲਈ ਗਈ ਸੀ। ਸਾਰਿਆਂ ਨੇ ਇਕੱਠੇ ਹੋ ਕੇ ਦੋਹਾਂ ਨੂੰ ਫੜ ਲਿਆ ਅਤੇ ਡਿਪਟੀ ਕਮਿਸ਼ਨਰ ਐੱਸ. ਡੀ. ਐੱਮ. ਦੇ ਕੋਲ ਵੀ ਸ਼ਿਕਾਇਤ ਦੇ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਨੂੰ ਫੜ ਲਿਆ। ਇਸ ਦੌਰਾਨ ਕਣਕ ਕੈਂਟਰ ਡਰਾਈਵਰ ਦੀ ਕੁੱਟਮਾਰ ਵੀ ਕੀਤੀ ਗਈ। ਕਾਬੂ ਕੀਤੇ ਗਏ ਵਿਅਕਤੀਆਂ ਨੇ ਆਪਣਾ ਨਾਂ ਵਰਿੰਦਰ ਸਿੰਘ ਅਤੇ ਮੁਕੇਸ਼ ਕੁਮਾਰ ਉਰਫ ਬੌਬੀ ਦੱਸਿਆ। ਦੋਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੂਡ ਸਪਲਾਈ ਵਿਭਾਗ ਦੇ ਅਫਸਰ ਦੇ ਕਹਿਣ 'ਤੇ 110 ਬੋਰੀਆਂ ਵੰਡਣੀਆਂ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਉਥੇ ਹੀ ਵਿਰੋਧੀ ਦਾ ਇਲਜ਼ਾਮ ਹੈ ਕਿ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਅਤੇ ਲੋਕਾਂ ਨੂੰ ਭਰਮਾਉਣ ਲਈ ਕਣਕ ਵੰਡੀ ਜਾ ਰਹੀ ਹੈ। ਇਸ ਸਾਰੇ ਮਾਮਲੇ ਬਾਰੇ ਜਦੋਂ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਆਦਰਸ਼ ਚੋਣ ਜ਼ਾਬਤੇ ਮੁਤਾਬਕ ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਪ੍ਰਭਾਵਿਤ ਨਹੀਂ ਹੁੰਦੀਆਂ। ਉਨ੍ਹਾਂ ਡਰਾਈਵਰ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ। ਦੱਸ ਦੇਈਏ ਕਿ 19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਚੋਣ ਜ਼ਾਬਤਾ ਲੱਗਾ ਹੋਇਆ ਹੈ।


Related News