ਸੂਬਾ ਸਰਕਾਰ ਸਿੱਖਿਆ ਸੁਧਾਰ ਲਈ ਖਰਚ ਕਰੇਗੀ 1 ਹਜ਼ਾਰ ਕਰੋੜ

09/18/2018 8:16:28 AM

ਅੰਮ੍ਰਿਤਸਰ (ਕਮਲ)-ਰਾਜ ਸਰਕਾਰ ਸਿੱਖਿਆ, ਸਿਹਤ ਤੇ ਵਾਤਾਵਰਣ ਸੁਧਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ ਪਰ ਲੋੜ ਹੈ ਕਿ ਰਾਜ ਦੇ ਸਨਅਤਕਾਰ ਵੀ ਇਨ੍ਹਾਂ ਨੇਕ ਕੰਮਾਂ ਵਿਚ ਸਰਕਾਰ ਦਾ ਸਾਥ ਦੇਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਤੇ ਵਾਤਾਵਰਣ ਮੰਤਰੀ ਓਮ. ਪ੍ਰਕਾਸ਼ ਸੋਨੀ ਨੇ ਸਨਅਤਕਾਰਾਂ ਦੀ ਸੰਸਥਾ ਸੀ. ਆਈ. ਆਈ. ਦੀ ਪੰਜਾਬ ਸਟੇਟ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।  ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਾਲ ਇਕ ਹਜ਼ਾਰ ਕਰੋੜ ਰੁਪਏ ਸਿੱਖਿਆ ਢਾਂਚੇ ਦੀ ਬਿਹਤਰੀ ਲਈ ਨਿਵੇਸ਼ ਕਰ ਰਹੀ ਹੈ, ਇਸ ਤੋਂ ਇਲਾਵਾ 4000 ਤੋਂ ਵੱਧ ਸਕੂਲਾਂ ਵਿਚ ਸਮਾਰਟ ਕਲਾਸਾਂ ਬਣਾਈਆਂ ਜਾ ਰਹੀਆਂ ਹਨ ਅਤੇ ਸਕੂਲਾਂ ਵਿਚ 4760 ਕਮਰਿਆਂ ਦਾ ਨਿਰਮਾਣ ਇਸ ਸਾਲ  ਵਿਚ ਕਰਵਾਇਆ ਜਾ ਰਿਹਾ ਹੈ ਪਰ ਅਜੇ ਵੀ ਸਿੱਖਿਆ ਢਾਂਚੇ ਨੂੰ ਲੀਹ ’ਤੇ ਲਿਆਉਣ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ ਕਿਉਂਕਿ ਪਿਛਲੇ 10 ਸਾਲਾਂ ਵਿਚ ਇਹ ਖੇਤਰ ਬਹੁਤ ਪਿਛੜ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪ੍ਰਤੀ ਮਹੀਨਾ ਇਕ ਵਿਦਿਆਰਥੀ ’ਤੇ 3000 ਰੁਪਏ ਖਰਚ ਕਰ ਰਹੀ ਹੈ ਅਤੇ ਅਧਿਆਪਕਾਂ ਦੀਆਂ ਤਨਖਾਹਾਂ ’ਤੇ ਸਾਲਾਨਾ 9 ਹਜ਼ਾਰ ਕਰੋੜ ਰੁਪਏ ਖਰਚ ਹੁੰਦਾ ਹੈ ਪਰ ਨਤੀਜਾ ਆਸ ਅਨੁਸਾਰ ਨਹੀਂ ਆ ਰਿਹਾ।


ਉਨ੍ਹਾਂ ਕਿਹਾ ਕਿ ਇਸ ਢਾਂਚੇ ਵਿਚ ਤਬਦੀਲੀ ਲਈ ਵੱਡੇ ਪੱਧਰ ’ਤੇ ਯਤਨ ਜਾਰੀ ਹਨ ਅਤੇ ਮੁੱਖ ਮੰਤਰੀ ਪੰਜਾਬ ਦੀ ਇੱਛਾ ਹੈ ਕਿ ਰਾਜ ਦੀ ਸਿਹਤ ਤੇ ਸਿੱਖਿਆ ਵਿਚ ਵਿਆਪਕ ਤਬਦੀਲੀ ਲਿਆਂਦੀ ਜਾ ਸਕੇ। ਉਨ੍ਹਾਂ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ-ਆਪਣੇ ਖੇਤਰ ਵਿਚ ਘੱਟੋ-ਘੱਟ ਇਕ-ਇਕ ਸਰਕਾਰੀ ਸਕੂਲ ਗੋਦ ਲੈ ਕੇ ਉਥੋਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਮਦਦ ਕਰਨ ਤਾਂ ਇਹ ਵੱਡੀ ਸਮਾਜ ਸੇਵਾ ਹੋਵੇਗੀ। ਵਾਤਾਵਰਣ ਸੁਧਾਰ ਦੀ ਗੱਲ ਕਰਦੇ  ਸੋਨੀ ਨੇ ਦੱਸਿਆ ਕਿ ਲੁਧਿਆਣਾ ਦੇ ਬੁੱਢੇ ਨਾਲੇ ਦਾ ਹੱਲ ਇਕ ਸਾਲ ਵਿਚ ਕਰ ਦਿੱਤਾ ਜਾਵੇਗਾ ਅਤੇ ਇਸ ਨਾਲ ਸ਼ਹਿਰ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਨਅਤਕਾਰ ਵਾਤਾਵਰਣ ਨੂੰ ਬਚਾਉਣ ਲਈ ਆਪਣੇ ਯੂਨਿਟਾਂ ਵਿਚ ਟਰੀਟਮੈਂਟ ਪਲਾਂਟ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਸਾਡੀ ਇੱਛਾ ਹੈ ਕਿ ਸਨਅਤ ਵਧੇ ਫੁੱਲੇ ਤੇ ਰਾਜ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਨਾਲ-ਨਾਲ ਆਮਦਨੀ ਵੀ ਵਧੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਤੁਹਾਡੀ ਸਲਾਹ ਨਾਲ ਸਨਅਤ ਨੀਤੀ  ਬਣਾਈ ਹੈ ਅਤੇ ਆਸ ਹੈ ਕਿ ਇਹ ਤੁਹਾਨੂੰ ਪਸੰਦ ਆਵੇਗੀ ਅਤੇ ਤੁਸੀਂ ਤਰੱਕੀ ਕਰੋਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਰਜੀਤ ਸਮਰਾ,  ਵਿਰੇਨ ਪੋਪਲੀ, ਪਿਆਰੇ ਲਾਲ ਸੇਠ, ਸ. ਇਬਾਦਿਤ ਸਿੰਘ ਤੇ ਹੋਰ ਸਨਅਤਕਾਰਾਂ ਨੇ ਵੀ ਸੰਬੋਧਨ ਕੀਤਾ। 
 


Related News