ਆਸਟ੍ਰੇਲੀਆ : ਭਾਰਤੀ 'ਤੇ ਨਸਲੀ ਟਿੱਪਣੀ, ਨੋਟ 'ਤੇ ਲਿਖਿਆ— 'ਇੰਡੀਅਨਜ਼ ਗੋਅ ਬੈਕ ਹੋਮ ਨਾਓ'

09/13/2018 5:48:05 PM

ਮੈਲਬੌਰਨ (ਏਜੰਸੀ)— ਵਿਦੇਸ਼ੀ ਧਰਤੀ 'ਤੇ ਆਏ ਦਿਨ ਭਾਰਤੀ ਭਾਈਚਾਰੇ ਦੇ ਲੋਕ ਨਸਲੀ ਹਮਲੇ ਦੇ ਸ਼ਿਕਾਰ ਬਣ ਰਹੇ ਹਨ। ਭਾਰਤੀਆਂ 'ਤੇ ਨਫਰਤ ਅਪਰਾਧ ਕਾਰਨ ਕੁੱਟਮਾਰ ਤੇ ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ, ਬਸ ਇੰਨਾ ਹੀ ਨਹੀਂ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਧਮਕੀਆਂ ਤਕ ਦਿੱਤੀਆਂ ਜਾਂਦੀਆਂ ਹਨ। ਤਾਜ਼ਾ ਮਾਮਲਾ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸਾਹਮਣੇ ਆਇਆ ਹੈ, ਜਿੱਥੇ ਇਕ 24 ਸਾਲਾ ਭਾਰਤੀ ਨੌਜਵਾਨ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਹੈ। ਇਸ ਭਾਰਤੀ ਨੌਜਵਾਨ ਦਾ ਨਾਂ ਹੈ ਓਂਕਾਰ ਸਿੰਘ, ਜੋ ਕਿ ਮੈਲਬੌਰਨ ਦੇ ਦੱਖਣੀ-ਪੂਰਬੀ ਇਲਾਕੇ ਮੈਂਟੋਨ ਦੇ ਇਕ ਸ਼ਾਪਿੰਗ ਸੈਂਟਰ ਦੇ ਫਾਸਟ ਫੂਡ ਰੈਸਟੋਰੈਂਟ 'ਚ ਕੰਮ ਕਰਦਾ ਹੈ। ਓਂਕਾਰ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਜਦੋਂ ਉਹ ਆਪਣੀ ਸ਼ਿਫਟ ਖਤਮ ਕਰਨ ਮਗਰੋਂ ਘਰ ਜਾਨ ਲੱਗਾ ਸੀ ਤਾਂ ਉਸ ਨੇ ਆਪਣੀ ਕਾਰ 'ਤੇ ਇਕ ਨੋਟ ਦੇਖਿਆ ਜਿਸ ਨੂੰ ਦੇਖ ਕੇ ਉਹ ਹੈਰਾਨ ਰਿਹਾ ਗਿਆ। ਇਸ ਨੋਟ 'ਤੇ ਨਸਲੀ ਟਿੱਪਣੀ ਲਿਖੀ ਹੋਈ ਸੀ। ਨੋਟ 'ਤੇ ਲਿਖਿਆ ਸੀ, ''ਇੰਡੀਅਨਜ਼ ਗੋਅ ਬੈਕ ਹੋਮ ਨਾਓ।''

PunjabKesari

ਓਂਕਾਰ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਨੋਟ ਨੂੰ ਦੇਖਿਆ ਤਾਂ ਪਹਿਲਾਂ ਸਮਝਿਆ ਕਿ ਇਹ ਕੋਈ ਪਾਰਕਿੰਗ ਟਿਕਟ ਹੈ ਪਰ ਇਹ ਨੋਟ ਮੇਰੇ ਲਈ ਕਾਫੀ ਹੈਰਾਨ ਕਰਨ ਵਾਲਾ ਸੀ। ਉਸ ਨੇ ਕਿਹਾ ਕਿ ਅੱਜ ਮੇਰੀ ਗੱਡੀ 'ਤੇ ਨੋਟ ਮਿਲਿਆ ਹੈ, ਹੋ ਸਕਦਾ ਹੈ ਕਿ ਕੱਲ ਨੂੰ ਮੇਰੀ ਗੱਡੀ ਨੂੰ ਜਾਂ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਉਸ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ ਪਰ ਅਜਿਹੀ ਟਿੱਪਣੀ ਕਰਨ ਵਾਲਾ ਜੋ ਕੋਈ ਵੀ ਹੈ, ਉਸ ਨੂੰ ਮੇਰੇ ਬਾਰੇ ਪਤਾ ਹੈ ਕਿ ਮੈਂ ਇਕ ਭਾਰਤੀ ਹਾਂ। ਓਂਕਾਰ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਵਿਕਟੋਰੀਆ ਪੁਲਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਹੈ। ਪੁਲਸ ਸ਼ਾਪਿੰਗ ਸੈਂਟਰ ਦੇ ਬਾਹਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਇਸ ਸਾਲ ਫਰਵਰੀ ਮਹੀਨੇ ਮੈਂਟੋਨ ਨਾਲ ਲੱਗਦੇ ਮਾਰਬਿਨ ਇਲਾਕੇ 'ਚ ਇਕ ਭਾਰਤੀ ਪ੍ਰਵਾਸੀ ਦੀ ਕਾਰ 'ਤੇ ਅਜਿਹਾ ਹੀ ਨੋਟ ਚਿਪਕਾਇਆ ਗਿਆ ਸੀ, ਜਿਸ 'ਤੇ ਲਿਖਿਆ ਸੀ, ''ਏਸ਼ੀਅਨ ਆਊਟ, ਇੰਡੀਅਨਜ਼ ਆਊਟ, ਆਸਟ੍ਰੇਲੀਆ ਇਜ਼ ਫੁੱਲ।'' ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਨੋਟ 'ਤੇ ਲਿਖੀ ਗਈ ਲਿਖਾਈ ਓਂਕਾਰ ਦੀ ਕਾਰ 'ਤੇ ਮਿਲੇ ਨੋਟ ਨਾਲ ਹੂ-ਬ-ਹੂ ਮਿਲਦੀ ਹੈ। ਇਸ ਨਸਲੀ ਟਿੱਪਣੀ ਦੀ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਸੀ।


Related News