ਨਾਰਾਇਣਮੂਰਤੀ ਦੀ ਸਲਾਹ ਦੇਸ਼ ’ਚ ਘੱਟ ਪੜ੍ਹੇ-ਲਿਖੇ ਅਤੇ ਅਨਪੜ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ

09/07/2018 6:25:37 AM

ਮੈਸੂਰ ’ਚ 20.8.1946 ਨੂੰ ਜਨਮੇ ‘ਸ਼੍ਰੀ ਨਾਗਵਾਰ ਰਾਮਾਰਾਓ ਨਾਰਾਇਣਮੂਰਤੀ’ ਭਾਰਤ ਦੀ ਪ੍ਰਸਿੱਧ ਸਾਫਟਵੇਅਰ ਕੰਪਨੀ ‘ਇਨਫੋਸਿਸ ਟੈਕਨਾਲੋਜੀਜ਼’ ਦੇ ਬਾਨੀ ਹਨ। ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਖਰਚਾ ਚੁੱਕਣ ’ਚ ਅਸਮਰੱਥ ਸਨ, ਜਿਸ ਨੂੰ ਦੇਖਦਿਅਾਂ ਇਕ ਦਿਆਲੂ ਅਧਿਆਪਕ ਡਾ. ਕ੍ਰਿਸ਼ਨਾਮੂਰਤੀ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਦੀ ਸਹਾਇਤਾ ਕੀਤੀ। 
ਉਨ੍ਹਾਂ ਦੀ ਸਫਲਤਾ ਦੀ ਕਹਾਣੀ 1981 ’ਚ ਉਦੋਂ ਸ਼ੁਰੂ ਹੋਈ, ਜਦੋਂ ਉਨ੍ਹਾਂ ਨੇ ਬੰਬਈ (ਮੁੰਬਈ) ਦੇ ਇਕ ਕਮਰੇ ’ਚ ਆਪਣੇ 6 ਦੋਸਤਾਂ ਨਾਲ ਮਿਲ ਕੇ ਸਿਰਫ 10,000 ਰੁਪਏ ਦੀ ਪੂੰਜੀ ਨਾਲ ‘ਇਨਫੋਸਿਸ’ ਕੰਪਨੀ ਦੀ ਸਥਾਪਨਾ ਕੀਤੀ। 
ਸਫਲਤਾ ਦੀਅਾਂ ਪੌੜੀਅਾਂ ਚੜ੍ਹਦਿਅਾਂ 1991 ’ਚ ਉਨ੍ਹਾਂ ਨੇ ਇਸ ਨੂੰ ‘ਪਬਲਿਕ ਲਿਮਟਿਡ’ ਕੰਪਨੀ ’ਚ ਬਦਲ ਦਿੱਤਾ ਤੇ ਇਸ ਤੋਂ ਬਾਅਦ ਦੀ ਕਹਾਣੀ ਸਾਰੀ ਦੁਨੀਆ ਜਾਣਦੀ ਹੈ। ਉਨ੍ਹਾਂ ਦੀ ਕੰਪਨੀ ਦੇ ਸ਼ੇਅਰਾਂ ਦੀ ਬਦੌਲਤ ਕਈ ਲੋਕ ਮਾਲਾਮਾਲ ਹੋ ਗਏ ਅਤੇ ਉਨ੍ਹਾਂ ’ਚੋਂ ਕਈ ਸ਼੍ਰੀ ਨਾਰਾਇਣਮੂਰਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਭਗਵਾਨ ਵਾਂਗ ਪੂਜਦੇ ਹਨ। 
ਸੰਨ 2005 ’ਚ ਉਨ੍ਹਾਂ ਨੂੰ ਦੁਨੀਆ ਦਾ 8ਵਾਂ ਸਭ ਤੋਂ ਵਧੀਆ ਪ੍ਰਬੰਧਕ ਚੁਣਿਆ ਗਿਆ। ਦੇਸ਼-ਵਿਦੇਸ਼ ਦੇ ਕਈ ਚੋਟੀ ਦੇ ਸਨਮਾਨਾਂ ਨਾਲ ਸਨਮਾਨਿਤ ਨਾਰਾਇਣਮੂਰਤੀ ਨੂੰ ‘ਫਾਰਚਿਊਨ’ ਰਸਾਲੇ ਵਲੋਂ ਅੱਜ ਦੇ ਦੌਰ ਦੇ 12 ਮਹਾਨ ਉੱਦਮੀਅਾਂ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਅਤੇ ਭਾਰਤ ’ਚ ਆਊਟਸੋਰਸਿੰਗ  ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਲਈ ‘ਟਾਈਮ’ ਰਸਾਲੇ ਨੇ ਉਨ੍ਹਾਂ ਨੂੰ ਭਾਰਤੀ ਆਈ. ਟੀ. ਸੈਕਟਰ ਦਾ ‘ਪਿਤਾ’ ਕਰਾਰ ਦਿੱਤਾ ਸੀ। 
ਸ਼੍ਰੀ ਨਾਰਾਇਣਮੂਰਤੀ ਨੂੰ ‘ਫੋਰਬਸ ਏਸ਼ੀਆ’ ਵਲੋਂ ਜਾਰੀ ਚੋਟੀ ਦੇ ਦਾਨਵੀਰਾਂ ਦੀ ਸੂਚੀ ’ਚ ਵੀ ਸ਼ਾਮਿਲ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੇ ਆਪਣੀ 2.25 ਬਿਲੀਅਨ ਡਾਲਰ ਜਾਇਦਾਦ ’ਚੋਂ ਅੱਧੀ ਜਾਇਦਾਦ ਲੋਕ-ਭਲਾਈ ਦੇ ਕੰਮਾਂ ਲਈ ਦਾਨ ਕਰ ਦਿੱਤੀ ਹੈ। ਸਿੱਖਿਆ ਦੇ ਖੇਤਰ ’ਚ ਭਾਰੀ ਯੋਗਦਾਨ ਪਾਉਣ ਤੋਂ ਇਲਾਵਾ ਨਾਰਾਇਣਮੂਰਤੀ ਨੇ ਪੜ੍ਹਨ ’ਚ ਉਨ੍ਹਾਂ ਦੀ ਮਦਦ ਕਰਨ ਵਾਲੇ ਡਾ. ਕ੍ਰਿਸ਼ਨਾਮੂਰਤੀ ਦੇ ਨਾਂ ’ਤੇ ਇਕ ਸਕਾਲਰਸ਼ਿਪ ਵੀ ਜਾਰੀ ਕੀਤੀ ਹੈ।  
ਉਹ ਭਾਰਤ ’ਚ ਵਧ ਰਹੀ ਆਰਥਿਕ ਨਾਬਰਾਬਰੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਕਤੀਸ਼ਾਲੀ ਅਤੇ ਅਮੀਰ ਲੋਕਾਂ ਨੂੰ ਇਸ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਤਾਂ ਕਿ ਦੇਸ਼ ’ਚ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ ਅਤੇ ਅਜਿਹਾ ਨਾ ਕਰਨ ’ਤੇ ਦੇਸ਼ ’ਚ ਹਿੰਸਾ ਵਧੇਗੀ। 
ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ’ਚ ਨਾਰਾਇਣਮੂਰਤੀ ਨੇ ਕਿਹਾ ਕਿ ‘‘ਦੇਸ਼ ’ਚ ਅਮੀਰ, ਤਾਕਤਵਰ ਅਤੇ ਉੱਚ ਵਰਗ ਦੇ ਲੋਕ ਉਮੀਦ ਜਗਾ ਸਕਦੇ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਮੀਦ ਨੂੂੰ ਜ਼ਿੰਦਾ ਰੱਖਣ। ਜੇਕਰ ਅਮੀਰ, ਤਾਕਤਵਰ ਤੇ ਉੱਚ ਵਰਗ ਦੇ ਲੋਕ ਇਹ ਜ਼ਿੰਮੇਵਾਰੀ ਨਹੀਂ ਲੈਣਗੇ ਤਾਂ ਦੇਸ਼ ’ਚ ਹਿੰਸਾ ਪੈਦਾ ਹੋਵੇਗੀ।’’
‘‘ਪੂੰਜੀਵਾਦ ਦੇ ਨੇਤਾਵਾਂ ਨੂੰ ਵੀ ਖ਼ੁਦ ਨੂੰ ਅਤੇ ਆਪਣੇ ਮਿੱਤਰਾਂ ਨੂੰ ਵੱਖ-ਵੱਖ ਲਾਭ ਪ੍ਰਦਾਨ ਕਰਨ ’ਚ ਸੰਜਮ ਵਰਤਣ ਦੀ ਲੋੜ ਹੈ। ਜੇ ਅਜਿਹਾ ਨਹੀਂ ਹੋਵੇਗਾ ਤਾਂ ਸਮਾਜ ’ਚ ਸ਼ਾਂਤੀ ਅਤੇ ਸਦਭਾਵਨਾ ਪੈਦਾ ਨਹੀਂ ਹੋ ਸਕੇਗੀ। ਕੁਝ ਮਾਮਲਿਅਾਂ ’ਚ ਅਜਿਹਾ ਨਹੀਂ ਹੋਇਆ ਹੈ। ਮੈਂ ਉਮੀਦ ਕਰਦਾ ਹਾਂ ਕਿ ਲੋਕਾਂ ’ਚ ਸਦਬੁੱਧੀ ਪੈਦਾ ਹੋਵੇਗੀ।’’
ਨਾਰਾਇਣਮੂਰਤੀ ਅਤੀਤ ’ਚ ਜਨਤਕ ਤੌਰ ’ਤੇ ‘ਇਨਫੋਸਿਸ’ ਸਮੇਤ ਵੱਖ-ਵੱਖ ਉੱਦਮਾਂ ’ਚ ਉੱਚ ਸੀਨੀਅਰ ਮੈਨੇਜਮੈਂਟ ਅਤੇ ਬੇਸਿਕ ਲੈਵਲ ’ਤੇ ਤਨਖਾਹਾਂ ਅਤੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ’ਚ ਨਾਬਰਾਬਰੀ ’ਤੇ ਨਾਖੁਸ਼ੀ ਜ਼ਾਹਿਰ ਕਰ ਚੁੱਕੇ ਹਨ। 
ਉਨ੍ਹਾਂ ਦਾ ਕਹਿਣਾ ਹੈ, ‘‘ਉਤਪਾਦਕਤਾ ਦੀਅਾਂ ਤਕਨੀਕਾਂ ’ਚ ਸੁਧਾਰ ਕਾਰਨ ਵੀ ਰੋਜ਼ਗਾਰਾਂ ’ਚ ਕਮੀ ਆਈ ਹੈ, ਜਿਸ ਨਾਲ ਰੋਜ਼ਗਾਰ ਦੇ ਮੋਰਚੇ ’ਤੇ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ। ਭਾਰਤ ਵਰਗੇ ਜਿਸ ਦੇਸ਼ ’ਚ 40 ਕਰੋੜ ਘੱਟ ਪੜ੍ਹੇ-ਲਿਖੇ ਅਤੇ 40 ਕਰੋੜ ਅਨਪੜ੍ਹ ਹੋਣ, ਉਥੇ ਨਿਰਮਾਣ ਅਤੇ ਘੱਟ ਤਕਨੀਕੀ ਸੇਵਾਵਾਂ ਵਾਲੇ ਖੇਤਰਾਂ ’ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ।’’
‘‘ਪ੍ਰਧਾਨ ਮੰਤਰੀ ਵਲੋਂ ‘ਮੇਕ ਇਨ ਇੰਡੀਆ’ ਉਤੇ ਜ਼ੋਰ ਦੇਣਾ ਅਤੇ ਦੇਸੀ-ਵਿਦੇਸ਼ੀ ਸਹਿਯੋਗ ਨਾਲ ਉਦਯੋਗ ਲਗਾਉਣਾ ਚੰਗੀ ਗੱਲ ਹੈ ਪਰ ਸਾਨੂੰ ਦੇਸ਼ ’ਚ ਅਜਿਹੇ ਉਦਯੋਗ ਵੀ ਲਾਉਣੇ ਪੈਣਗੇ, ਜਿਨ੍ਹਾਂ ’ਚ ਘੱਟ ਪੜ੍ਹੇ-ਲਿਖੇ ਅਤੇ ਅਨਪੜ੍ਹ ਲੋਕਾਂ ਨੂੰ ਖਪਾਇਆ ਜਾ ਸਕੇ।’’
‘‘ਇਸੇ ਸੰਦਰਭ ’ਚ ਅਫਸਰਸ਼ਾਹੀ ਨੂੰ ਫੈਕਟਰੀ ਇੰਸਪੈਕਟਰਾਂ ਦੀ ਤਾਨਾਸ਼ਾਹੀ ਨੂੰ ਖਤਮ ਕਰਨ ਅਤੇ ਜੀ. ਅੈੱਸ. ਟੀ. ਤੇ ਹੋਰਨਾਂ ਮੁੱਦਿਅਾਂ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਨ ਦੀ ਲੋੜ ਹੈ। ਇਸ ਨਾਲ ਉੱਦਮਤਾ ’ਚ ਵਾਧਾ ਹੋਵੇਗਾ।’’
‘‘ਇਸ ਲਈ ਸਿਆਸਤਦਾਨਾਂ, ਅਫਸਰਸ਼ਾਹਾਂ ਅਤੇ ਵਪਾਰਕ ਲੀਡਰਾਂ ਲਈ ਜ਼ਰੂਰੀ ਹੈ ਕਿ ਉਹ ਮਿਲ ਕੇ ਬੈਠਣ ਅਤੇ ਇਸ ਗੱਲ ’ਤੇ ਵਿਚਾਰ ਕਰਨ ਕਿ ਕਿਸ ਤਰ੍ਹਾਂ ਵਿਕਾਸ ’ਚ ਤੇਜ਼ੀ ਅਤੇ ਰੋਜ਼ਗਾਰ ਦੇ ਜ਼ਿਆਦਾ ਮੌਕਿਆਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ।’’
ਸ਼੍ਰੀ ਨਾਰਾਇਣਮੂਰਤੀ ਇਕ ਛੋਟੇ ਪੱਧਰ ਤੋਂ ਅਤੇ ਬਿਲਕੁਲ ਹੇਠੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਕੇ ਸਫਲਤਾ ਦੇ ਸਿਖਰ ’ਤੇ ਪਹੁੰਚੇ, ਜਿਸ ਦੇ ਲਈ ਉਨ੍ਹਾਂ ਨੂੰ ਦੇਸ਼-ਵਿਦੇਸ਼ ’ਚ ਭਰਪੂਰ ਸਨਮਾਨ ਮਿਲਿਆ। ਇੰਨੀ ਉੱਚ ਸਮਰੱਥਾ ਵਾਲੇ ਵਿਅਕਤੀ ਦੇ ਮਸ਼ਵਰੇ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।
ਇਸ ਲਈ ਸਿਆਸਤਦਾਨਾਂ, ਅਫਸਰਸ਼ਾਹਾਂ ਅਤੇ ਵਪਾਰਕ ਲੀਡਰਾਂ ਨੂੰ ਆਪਸ ’ਚ ਮਿਲ-ਬੈਠ ਕੇ ਅਤੇ ਛੇਤੀ ਤੋਂ ਛੇਤੀ ਉਨ੍ਹਾਂ ਦੇ ਸੁਝਾਵਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਸਮਾਜਿਕ ਨਾਬਰਾਬਰੀ ਬਣੀ ਰਹਿਣ ਕਰਕੇ ਦੇਸ਼ ’ਚ ਹਿੰਸਾ ਪੈਦਾ ਹੋਣ ਦੇ ਖਦਸ਼ੇ ਨੂੰ ਰੱਦ ਨਹੀਂ ਕੀਤਾ ਜਾ ਸਕਦਾ।                                 –ਵਿਜੇ ਕੁਮਾਰ


Related News