ਦੇਸ਼ ''ਚ ਤੇਜ਼ੀ ਨਾਲ ਫੈਲ ਰਿਹਾ ਵਿਦੇਸ਼ੀ ਨਸ਼ਾ ਸਮੱਗਲਰਾਂ ਦਾ ਜਾਲ

09/05/2018 7:56:01 AM

ਦੇਸ਼ ਵਿਚ ਸਥਾਨਕ ਨਸ਼ਾ ਸਮੱਗਲਰਾਂ ਦੇ ਨਾਲ-ਨਾਲ ਵਿਦੇਸ਼ੀ ਨਸ਼ਾ ਸਮੱਗਲਰਾਂ ਦਾ ਜਾਲ ਵੀ ਲਗਾਤਾਰ ਫੈਲਦਾ ਜਾ ਰਿਹਾ ਹੈ, ਖਾਸ ਕਰਕੇ ਪੰਜਾਬ, ਹਿਮਾਚਲ ਤੇ ਹਰਿਆਣਾ ਵਰਗੇ ਉੱਤਰੀ ਸੂਬਿਆਂ ਵਿਚ ਇਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। 
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਵੱਡੀ ਗਿਣਤੀ ਵਿਚ ਵਿਦੇਸ਼ੀ ਭਾਰਤ 'ਚ ਨਸ਼ੇ ਦੇ ਕਾਰੋਬਾਰ ਤੋਂ ਪੈਸਾ ਕਮਾਉਣ ਲਈ ਹਰ ਤਰ੍ਹਾਂ ਦਾ ਖਤਰਾ ਉਠਾਉਣ ਲਈ ਤਿਆਰ ਨਜ਼ਰ ਆਉਣ ਲੱਗੇ ਹਨ। ਹਾਲ ਹੀ ਦੇ ਦਿਨਾਂ ਵਿਚ ਵੱਖ-ਵੱਖ ਸੂਬਿਆਂ 'ਚ ਵਿਦੇਸ਼ੀ ਨਸ਼ਾ ਸਮੱਗਲਰਾਂ ਦੀ ਹੋਈ ਵੱਡੀ ਗ੍ਰਿਫਤਾਰੀ ਨਾਲ ਕੁਝ ਅਜਿਹੀ ਹੀ ਤਸਵੀਰ ਸਾਹਮਣੇ ਆ ਰਹੀ ਹੈ।
ਪੰਜਾਬ ਵਿਚ ਪਿਛਲੇ ਕੁਝ ਸਮੇਂ ਦੌਰਾਨ ਇਕ ਦਰਜਨ ਦੇ ਲੱਗਭਗ ਵਿਦੇਸ਼ੀ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਤੋਂ ਬਾਅਦ ਨਸ਼ਾ ਸਮੱਗਲਰਾਂ ਦਾ ਜਾਲ ਹਿਮਾਚਲ ਪ੍ਰਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਉਥੇ ਵੀ ਵੱਡੀ ਗਿਣਤੀ ਵਿਚ ਵਿਦੇਸ਼ੀ ਸਮੱਗਲਰ ਸਰਗਰਮ ਹਨ ਤੇ ਰੋਜ਼ਾਨਾ ਲੱਗਭਗ 5 ਨਸ਼ਾ ਸਮੱਗਲਰ ਫੜੇ ਜਾ ਰਹੇ ਹਨ। ਜ਼ਿਆਦਾਤਰ ਵਿਦੇਸ਼ੀ ਨਸ਼ਾ ਸਮੱਗਲਰ ਦਿੱਲੀ ਵਿਚ ਬੈਠ ਕੇ ਆਪਰੇਟ ਕਰਦੇ ਹਨ ਅਤੇ ਸਥਾਨਕ ਨਸ਼ਾ ਸਪਲਾਇਰਾਂ ਦੇ ਜ਼ਰੀਏ ਚਿੱਟਾ ਅਤੇ ਹੋਰ ਨਸ਼ਾ ਵੇਚਦੇ ਹਨ। 
ਗ੍ਰਿਫਤਾਰ ਸਮੱਗਲਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ, ਹਿਮਾਚਲ, ਹਰਿਆਣਾ ਆਦਿ ਸੂਬਿਆਂ ਵਿਚ ਸਥਾਨਕ ਸਮੱਗਲਰਾਂ ਨਾਲ ਮਿਲ ਕੇ ਨਾਈਜੀਰੀਆ ਅਤੇ ਹੋਰ ਅਫਰੀਕੀ ਦੇਸ਼ਾਂ ਦੇ ਸਮੱਗਲਰ ਕੰਮ ਕਰਨ ਲੱਗੇ ਹੋਏ ਹਨ। ਜੇਲਾਂ ਵਿਚ ਬੰਦ ਹੋਣ ਦੇ ਬਾਵਜੂਦ ਨਸ਼ਾ ਸਮੱਗਲਰਾਂ ਦੇ ਸਰਗਣੇ ਜੇਲਾਂ ਤੋਂ ਹੀ ਆਪਰੇਟ ਕਰ ਰਹੇ ਹਨ। ਵਿਦੇਸ਼ੀ ਸਮੱਗਲਰਾਂ ਦੀਆਂ ਕੁਝ ਹੁਣੇ-ਹੁਣੇ ਹੋਈਆਂ ਗ੍ਰਿਫਤਾਰੀਆਂ ਹੇਠਾਂ ਦਰਜ ਹਨ :
* 30 ਜੂਨ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 3 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 18 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ।
* 22 ਜੁਲਾਈ ਨੂੰ ਹਿਮਾਚਲ 'ਚ ਕੁੱਲੂ ਪੁਲਸ ਨੇ ਦਿੱਲੀ ਦੇ ਹੈਰੋਇਨ ਸਪਲਾਇਰ ਵਿਦੇਸ਼ੀ ਨਾਗਰਿਕ ਨੂੰ 15 ਗ੍ਰਾਮ ਹੈਰੋਇਨ ਨਾਲ ਫੜਿਆ।
* 03 ਅਗਸਤ ਨੂੰ ਸੋਲਨ ਪੁਲਸ ਨੇ 11 ਗ੍ਰਾਮ ਚਿੱਟੇ ਨਾਲ ਫੜੇ ਗਏ ਸਮੱਗਲਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਦਿੱਲੀ ਦੇ ਦੁਆਰਕਾ ਖੇਤਰ 'ਚੋਂ ਇਕ ਵਿਦੇਸ਼ੀ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ।
* 11 ਅਗਸਤ ਨੂੰ ਸੋਲਨ ਪੁਲਸ ਨੇ ਦਿੱਲੀ ਤੋਂ ਇਕ ਵਿਦੇਸ਼ੀ ਸਮੱਗਲਰ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਹਿਮਾਚਲ ਵਿਚ ਹੈਰੋਇਨ ਸਪਲਾਈ ਕੀਤੀ ਸੀ। 
* 18 ਅਗਸਤ ਨੂੰ ਗੁਰੂਗ੍ਰਾਮ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਹੈਰੋਇਨ ਸਪਲਾਈ ਕਰਨ ਵਾਲੇ 2 ਵਿਦੇਸ਼ੀ ਸਮੱਗਲਰਾਂ ਨੂੰ ਫੜਿਆ, ਜਿਨ੍ਹਾਂ ਤੋਂ 5 ਕਰੋੜ ਰੁਪਏ ਮੁੱਲ ਦੀ ਲੱਗਭਗ 1 ਕਿਲੋ ਹੈਰੋਇਨ ਬਰਾਮਦ ਹੋਈ।
* 27 ਅਗਸਤ ਨੂੰ ਜਲੰਧਰ ਦੇ ਦਿਹਾਤੀ ਖੇਤਰ ਦੀ ਪੁਲਸ ਨੇ 150 ਗ੍ਰਾਮ ਹੈਰੋਇਨ ਨਾਲ 2 ਵਿਦੇਸ਼ੀ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ।
* 30 ਅਗਸਤ ਨੂੰ ਮੋਹਾਲੀ 'ਚ ਸਪੈਸ਼ਲ ਟਾਸਕ ਫੋਰਸ ਦੇ ਮੈਂਬਰਾਂ ਨੇ ਇਕ ਵਿਦੇਸ਼ੀ ਨਸ਼ਾ ਸਮੱਗਲਰ ਤੋਂ 5 ਕਰੋੜ ਰੁਪਏ ਦੀ 1 ਕਿਲੋ ਹੈਰੋਇਨ ਜ਼ਬਤ ਕੀਤੀ।
* 31 ਅਗਸਤ ਨੂੰ ਮੋਹਾਲੀ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਲਾਂਡਰਾ ਨੇੜੇ ਇਕ ਵਿਦੇਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ 400 ਗ੍ਰਾਮ ਹੈਰੋਇਨ ਫੜੀ।
* 31 ਅਗਸਤ ਨੂੰ ਹੀ ਇਕ ਵਿਦੇਸ਼ੀ ਨੂੰ ਸਾਂਗਾਨੇਰ ਹਵਾਈ ਅੱਡੇ ਨੇੜੇ ਇਕ ਹੋਟਲ ਤੋਂ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 10 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ। 
* 01 ਸਤੰਬਰ ਨੂੰ ਖੰਨਾ ਪੁਲਸ ਨੇ ਇਕ ਵਿਦੇਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 300 ਗ੍ਰਾਮ ਹੈਰੋਇਨ ਜ਼ਬਤ ਕੀਤੀ। 
* 02 ਸਤੰਬਰ ਨੂੰ ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਸ ਨੇ ਇਕ ਵਿਦੇਸ਼ੀ ਮਹਿਲਾ ਸਮੱਗਲਰ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। 
* 02 ਸਤੰਬਰ ਨੂੰ ਹੀ ਦਿੱਲੀ 'ਚ ਇਕ ਵਿਦੇਸ਼ੀ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਤੋਂ 3 ਕਰੋੜ ਰੁਪਏ ਮੁੱਲ ਦੀ ਕੋਕੀਨ ਦੀ ਸਮੱਗਲਿੰਗ ਦੇ ਮਾਮਲੇ ਵਿਚ ਫੜਿਆ ਗਿਆ। 
* 03 ਸਤੰਬਰ ਨੂੰ ਦਿੱਲੀ ਵਿਚ ਇਕ ਵਿਦੇਸ਼ੀ ਨਾਗਰਿਕ ਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਕੀਮਤ ਲੱਗਭਗ 20 ਲੱਖ ਰੁਪਏ ਦੱਸੀ ਜਾ ਰਹੀ ਹੈ। 
* 03 ਸਤੰਬਰ ਨੂੰ ਹੀ ਸਮਰਾਲਾ ਪੁਲਸ ਨੇ ਇਕ ਵਿਦੇਸ਼ੀ ਤੋਂ 2 ਕਿਲੋ ਹੈਰੋਇਨ, 15 ਗ੍ਰਾਮ ਕੋਕੀਨ ਅਤੇ 18 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ, ਜਿਸ ਦੀ ਕੀਮਤ ਲੱਗਭਗ 20 ਕਰੋੜ ਰੁਪਏ ਦੱਸੀ ਜਾਂਦੀ ਹੈ। 
ਨਸ਼ੀਲੇ ਪਦਾਰਥਾਂ ਦੀਆਂ ਉਕਤ ਬਰਾਮਦਗੀਆਂ ਤੋਂ ਸਪੱਸ਼ਟ ਹੈ ਕਿ ਸਾਡੇ ਦੇਸ਼ ਵਿਚ ਵਿਦੇਸ਼ੀ ਨਸ਼ਾ ਸਮੱਗਲਰ ਕਿਸ ਤਰ੍ਹਾਂ ਆਪਣੇ ਪੈਰ ਡੂੰਘਾਈ ਨਾਲ ਜਮਾਉਂਦੇ ਜਾ ਰਹੇ ਹਨ। ਇਸ ਵਿਚ ਉਨ੍ਹਾਂ ਨੂੰ ਸਥਾਨਕ ਨਸ਼ਾ ਸਮੱਗਲਰਾਂ ਦਾ ਸਹਿਯੋਗ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 
ਲਿਹਾਜ਼ਾ ਦੇਸ਼ ਵਿਚ ਸਰਗਰਮ ਸਥਾਨਕ ਨਸ਼ਾ ਸਮੱਗਲਰਾਂ ਦੇ ਨਾਲ-ਨਾਲ ਵਿਦੇਸ਼ੀ ਨਸ਼ਾ ਸਮੱਗਲਰਾਂ ਨੂੰ ਫੜ ਕੇ ਸਖਤ ਸਜ਼ਾ ਦੇਣ ਲਈ ਵਿਆਪਕ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ਇਸ ਸਮੱਸਿਆ 'ਤੇ ਛੇਤੀ ਤੋਂ ਛੇਤੀ ਕਾਬੂ ਪਾ ਕੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।          

 —ਵਿਜੇ ਕੁਮਾਰ


Related News