ਵਿਰੋਧੀਆਂ ਦੀ ਦਖਲ-ਅੰਦਾਜ਼ੀ ਕਾਰਨ ਸਰਕਾਰੀ ਹੱਥਾਂ ''ਚ ਵੀ ਜਾ ਸਕਦੈ ਦੀਵਾਨ ਦਾ ਪ੍ਰਬੰਧ

06/19/2018 1:33:09 PM

ਅੰਮ੍ਰਿਤਸਰ (ਮਮਤਾ) : ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਨੂੰ ਕਿਸੇ ਵੇਲੇ ਬੁੱਧੀਜੀਵੀਆਂ, ਪੰਥ ਸੇਵਕਾਂ ਦੀ ਸੰਸਥਾ ਮੰਨਿਆ ਜਾਂਦਾ ਸੀ ਪਰ ਹੁਣ ਵੱਖ-ਵੱਖ ਵਿਵਾਦਾਂ ਕਾਰਨ ਇਹ ਨਿਘਾਰ ਵਲ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ 16 ਜੂਨ ਨੂੰ ਮੀਟਿੰਗ ਦੌਰਾਨ ਹੋਏ ਹੰਗਾਮੇ ਨੇ ਜਿਥੇ ਸਾਰੀਆਂ ਹੱਦਾਂ ਪਾਰ ਕੀਤੀਆਂ ਅਤੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਮਜਬੂਰ ਹੋ ਕੇ ਅਸਤੀਫਾ ਦੇ ਕੇ ਵਾਪਸ ਲੈਣ ਦਾ ਵੀ ਐਲਾਨ ਕਰਨਾ ਪਿਆ, ਉਥੇ ਹੀ ਦੀਵਾਨ ਦੀਆਂ ਵਿਰੋਧੀ ਤਾਕਤਾਂ ਨੂੰ ਇਕ ਵਾਰ ਫਿਰ ਤੋਂ ਇਸ ਵਿਚ ਦਖਲ-ਅੰਦਾਜ਼ੀ ਕਰਨ ਦਾ ਮੌਕਾ ਵੀ ਮਿਲ ਗਿਆ। ਦੀਵਾਨ ਵਿਚ ਚਲ ਰਹੇ ਅਜਿਹੇ ਹਾਲਾਤ ਕਾਰਨ ਕਦੀ ਵੀ ਇਸ ਸੰਸਥਾ ਦਾ ਪ੍ਰਬੰਧ ਸਰਕਾਰੀ ਹੱਥਾਂ ਵਿਚ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਚੱਢਾ ਦੀ ਪ੍ਰਧਾਨਗੀ ਵੇਲੇ ਸ਼ੁਰੂ ਹੋਈ ਦੀਵਾਨ ਦੀ ਅਧੋਗਤੀ
ਚੀਫ ਖਾਲਸਾ ਦੀਵਾਨ ਦਾ ਪ੍ਰਬੰਧ ਕਿਸੇ ਵੇਲੇ ਧਾਰਮਿਕ ਬਿਰਤੀ ਅਤੇ ਦੀਵਾਨ ਦੀ ਮਰਿਆਦਾ ਅਤੇ ਸਿਧਾਂਤ 'ਤੇ ਖਰੇ ਉਤਰਨ ਵਾਲੇ ਬੁੱਧੀਜੀਵੀਆਂ ਦੇ ਹੱਥਾਂ ਵਿਚ ਰਿਹਾ, ਜਿਨ੍ਹਾਂ ਦਾ ਮੁੱਖ ਟੀਚਾ ਸਾਰੀਆਂ ਸੁੱਖ-ਸਹੂਲਤਾਂ ਛੱਡ ਕੇ ਦੀਵਾਨ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਅਤੇ ਨਾਲ ਹੀ ਇਸ ਪ੍ਰਬੰਧ ਹੇਠ ਚੱਲਦੇ ਯਤੀਮਖਾਨੇ ਦੇ ਵਿਕਾਸ ਲਈ ਵੀ ਕੰਮ ਕਰਨਾ ਸੀ। ਦੀਵਾਨ ਦੇ ਸੂਤਰਾਂ ਅਨੁਸਾਰ 21ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਦੀਵਾਨ ਦੀ ਅਧੋਗਤੀ ਉਸ ਵੇਲੇ ਸ਼ੁਰੂ ਹੋ ਗਈ, ਜਦੋਂ ਦੀਵਾਨ ਉੱਪਰ ਸ਼ਰਾਬ ਮਾਫੀਆ, ਲੈਂਡ ਮਾਫੀਆ ਤੇ ਸੈਂਡ ਮਾਫੀਆ ਦੇ ਸਰਗਣੇ ਚਰਨਜੀਤ ਸਿੰਘ ਚੱਢਾ ਵਰਗੇ ਵਿਅਕਤੀ ਕਾਬਜ਼ ਹੋ ਗਏ ਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਗ ਸਿੰਘ ਅਣਖੀ ਤੇ ਇਕ ਬੌਧਿਕਤਾਵਾਦੀ ਤੇ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਕਾਬਲੀਅਤ ਰੱਖਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਸਿੱਖਾਂ ਦੀ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਹਰਭਜਨ ਸਿੰਘ ਸੋਚ ਨੂੰ ਦੀਵਾਨ ਤੋਂ ਬਾਹਰ ਕੀਤਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਕਾਮਯਾਬ ਸਕੱਤਰ ਰਹੇ ਮਹਿੰਦਰ ਸਿੰਘ ਦੇ ਬੇਟੇ ਅਵਤਾਰ ਸਿੰਘ ਨੂੰ ਇਸ ਕਰਕੇ ਬਾਹਰ ਕਰ ਦਿੱਤਾ ਕਿਉਂਕਿ ਉਹ ਚੱਢਾ ਦੀਆਂ ਆਪਹੁਦਰੀਆਂ ਨੂੰ ਜਨਤਕ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ।
ਚੱਢਾ ਧੜੇ ਦੇ ਡਾ. ਸੰਤੋਖ ਸਿੰਘ ਦਾ ਵਿਰੋਧ ਵੀ ਲਗਾਤਾਰ ਜਾਰੀ
ਬੀਤੇ ਸਾਲ ਸਤੰਬਰ ਮਹੀਨੇ ਦੀ 27 ਤਰੀਕ ਨੂੰ ਚੱਢਾ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ, ਜਿਹੜੀ ਅਜਿਹਾ ਕੁਝ ਬਿਆਨ ਕਰ ਗਈ, ਜਿਹੜਾ ਦੀਵਾਨ ਦੀਆਂ ਰਹੁ-ਰੀਤਾਂ ਤੋਂ ਕੋਹਾਂ ਦੂਰ ਸੀ ਤੇ ਚੱਢਾ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਤੇ ਦੀਵਾਨ ਦੀ ਕਾਰਜ ਸਾਧਕ ਕਮੇਟੀ ਨੇ ਉਸ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਇਸ ਨਾਲ ਚੱਢਾ ਦੇ ਤਾਨਸ਼ਾਹੀ ਸਾਮਰਾਜ ਪ੍ਰਬੰਧ ਦਾ ਪਤਨ ਤਾਂ ਹੋ ਗਿਆ ਪਰ ਸੂਤਰਾਂ ਅਨੁਸਾਰ ਚੱਢਾ ਧੜੇ ਦੇ ਹੀ ਅਹੁਦੇਦਾਰ ਡਾ. ਸੰਤੋਖ ਸਿੰਘ ਪ੍ਰਧਾਨ ਬਣਨ ਵਿਚ ਕਾਮਯਾਬ ਹੋ ਗਏ। 
ਹਾਲਾਂਕਿ ਵਿਰੋਧੀ ਧਿਰ ਵਲੋਂ ਡਾ. ਸੰਤੋਖ ਸਿੰਘ ਦਾ ਵਿਰੋਧ ਜਾਰੀ ਰਿਹਾ, ਜੋ ਕਿ 16 ਜੂਨ ਦੀ ਮੀਟਿੰਗ ਵਿਚ ਖੁੱਲ੍ਹ ਕੇ ਸਾਹਮਣੇ ਆਇਆ। ਡਾ. ਸੰਤੋਖ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਲਗਾਤਾਰ ਹੋ ਰਹੇ ਵਿਰੋਧ ਤੇ ਬਜਟ ਪਾਸ ਨਾ ਹੋਣ ਕਾਰਨ ਹੁਣ ਇਸ ਦਾ ਪ੍ਰਭਾਵ ਦੀਵਾਨ ਵਿਚ ਕੰਮ ਕਰ ਰਹੇ ਲਗਭਗ 20 ਹਜ਼ਾਰ ਕਰਮਚਾਰੀਆਂ 'ਤੇ ਵੀ ਪੈ ਸਕਦਾ ਹੈ।
ਸਪੈਸ਼ਲ ਇਨਵਾਇਟੀ ਮੈਂਬਰਾਂ ਦਾ ਮੁੱਦਾ ਪਾ ਰਿਹੈ ਮੀਟਿੰਗਾਂ 'ਚ ਰੁਕਾਵਟ
ਦੀਵਾਨ ਦੀਆਂ ਮੀਟਿੰਗਾਂ ਵਿਚ ਅੱਜ ਸਿਰਫ ਇਕ ਹੀ ਮੁੱਦਾ ਹੈ ਕਿ ਸਪੈਸ਼ਲ ਇਨਵਾਇਟੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਦੀਵਾਨ ਦੇ ਸੰਵਿਧਾਨ ਵਿਚ ਸਪੈਸ਼ਲ ਇਨਵਾਇਟੀ ਦੀ ਕੋਈ ਮਦ ਨਹੀਂ ਹੈ ਪਰ ਚੱਢਾ ਦੇ ਸਾਮਰਾਜ ਸਮੇਂ ਉਹ ਲੋਕ ਸਪੈਸ਼ਲ ਇਨਵਾਇਟੀ ਸ਼ਾਮਲ ਕੀਤੇ ਗਏ, ਜਿਹੜੇ ਚੱਢਾ ਦੇ ਤਾਅਬੇਦਾਰ ਸਨ। ਹਾਲਾਂਕਿ ਸਪੈਸ਼ਲ ਇਨਵਾਇਟੀ ਦਾ ਫਲਸਫਾ ਚੱਢਾ ਸਾਮਰਾਜ ਦੇ ਨਾਲ ਹੀ ਖਤਮ ਹੋ ਗਿਆ ਕਿਉਂਕਿ ਦੀਵਾਨ ਦਾ ਵਿਧਾਨ ਅਜਿਹੇ ਕਿਸੇ ਵੀ ਮੈਂਬਰ ਦੀ ਨਿਯੁਕਤੀ ਦੀ ਇਜਾਜ਼ਤ ਨਹੀਂ ਦਿੰਦਾ। ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੀਵਾਨ ਦੀ ਕਾਰਜ ਸਾਧਕ ਕਮੇਟੀ ਵਿਚ ਜਿਸ ਤਰੀਕੇ ਨਾਲ ਰੌਲਾ-ਰੱਪਾ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ, ਉਨ੍ਹਾਂ ਤੋਂ ਸਪੱਸ਼ਟ ਹੈ ਕਿ ਕੁਝ ਲੋਕ ਦੀਵਾਨ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ। 
ਜਾਣਕਾਰੀ ਮੁਤਾਬਕ ਜੇਕਰ 20 ਜੂਨ ਨੂੰ ਹੋਣ ਵਾਲੀ ਮੀਟਿੰਗ ਵਿਚ ਫਿਰ ਅਜਿਹਾ ਖੱਪਖਾਨਾ ਪੈਂਦਾ ਹੈ ਤਾਂ ਉਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ ਤੇ ਇਕ ਵਾਰੀ ਫਿਰ ਦੀਵਾਨ ਦੇ ਸਰਕਾਰੀ ਹੱਥਾਂ ਵਿਚ ਜਾਣ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ। ਫਿਰ ਨਾ ਕਿਸੇ ਨੇ ਕਾਰਜ ਸਾਧਕ ਕਮੇਟੀ ਨੂੰ ਪੁੱਛਣਾ ਹੈ ਤੇ ਨਾ ਹੀ ਸਪੈਸ਼ਲ ਇਨਵਾਇਟੀ ਲੱਭਣੇ ਹਨ।
ਕੁਝ ਲੋਕ ਮਾਹੌਲ ਖਰਾਬ ਕਰ ਰਹੇ ਹਨ : ਡਾ. ਸੰਤੋਖ ਸਿੰਘ
ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਸ਼ੁਰੂ ਹੁੰਦਿਆਂ ਹੀ ਸਪੈਸ਼ਲ ਇਨਵਾਇਟੀਆਂ ਵਲੋਂ ਰੌਲਾ ਪਾਉਣ ਨਾਲ ਮਾਹੌਲ ਵਿਗੜਿਆ, ਜੋ ਬਰਦਾਸ਼ਤ ਤੋਂ ਬਾਹਰ ਸੀ। ਉਨ੍ਹਾਂ ਕਿਹਾ ਕਿ ਸਪੈਸ਼ਲ ਇਨਵਾਇਟੀ ਦੀ ਦੀਵਾਨ ਦੇ ਸੰਵਿਧਾਨ ਵਿਚ ਕੋਈ ਵਿਵਸਥਾ ਨਹੀਂ ਹੈ ਪਰ ਪਤਾ ਨਹੀਂ ਕਿਉਂ ਕੁਝ ਲੋਕ ਦੀਵਾਨ ਦਾ ਜਾਣ-ਬੁੱਝ ਕੇ ਨੁਕਸਾਨ ਕਰਨ ਲਈ ਬਿਨਾਂ ਸੱਦੇ ਹੀ ਮੀਟਿੰਗ ਵਿਚ ਆ ਵੜਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੀਵਾਨ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ।
 


Related News