ਤੰਬਾਕੂ ਨਾਲ ਦੇਸ਼ ਭਰ ''ਚ ਹਰ ਰੋਜ਼ 2200 ਜਦਕਿ ਹਰ ਸਾਲ 10 ਲੱਖ ਲੋਕਾਂ ਦੀ ਹੁੰਦੀ ਹੈ ਮੌਤ

06/19/2018 1:19:09 PM

ਮੰਡੀ ਲੱਖੇਵਾਲੀ / ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)— ਦੁਨੀਆ ਭਰ 'ਚ ਹੋ ਰਹੀਆਂ ਮੌਤਾਂ ਦਾ ਵੱਡਾ ਕਾਰਨ ਤੰਬਾਕੂ ਹੈ। ਸਿਗਰਟ, ਬੀੜੀ ਦੇ ਧੂੰਏ 'ਚ 4 ਹਜ਼ਾਰ ਕੈਮੀਕਲ, 200 ਜ਼ਹਿਰੀਲੇ ਪਦਾਰਥ ਅਤੇ 69 ਕੈਂਸਰ ਕਰਨ ਵਾਲੇ ਜ਼ਹਿਰ ਹੁੰਦੇ ਹਨ। ਤੰਬਾਕੂ ਨਾਲ ਦੇਸ਼ ਭਰ 'ਚ ਹਰ ਰੋਜ਼ 2200 ਅਤੇ ਹਰ ਸਾਲ 10 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਕੈਂਸਰ ਨਾਲ ਮਰਨ ਵਾਲੇ 100 ਲੋਕਾਂ 'ਚੋਂ 40 ਵਿਅਕਤੀ ਤੰਬਾਕੂ ਦੀ ਭੈੜੀ ਆਦਤ ਕਰਕੇ ਮਰਦੇ ਹਨ। ਲਗਭਗ 90 ਫੀਸਦੀ ਮੂੰਹ ਦੇ ਕੈਂਸਰ ਤੰਬਾਕੂ ਖਾਣ ਵਾਲੇ ਲੋਕਾਂ ਨੂੰ ਹੁੰਦੇ ਹਨ। ਤੰਬਾਕੂ ਦਾ ਸੇਵਨ ਕਰਨ ਨਾਲ ਲਕਵਾ, ਦਮਾ, ਨਿਮੋਨੀਆਂ , ਦਿਲ ਦੇ ਦੌਰੇ, ਬਾਂਝਪਨ, ਨਾਮਰਦੀ, ਵਾਰ ਵਾਰ ਗਰਭਪਾਤ ਆਦਿ ਬੀਮਾਰੀਆਂ ਲੱਗਦੀਆਂ ਹਨ ਤੇ ਗਰਭ ਦੌਰਾਨ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਦੂਜਿਆ ਲੋਕਾਂ ਦੇ ਮੁਕਾਬਲੇ ਤੰਬਾਕੂ ਵਰਤਨ ਵਾਲਿਆਂ ਦੀ ਮੌਤ 10 ਸਾਲ ਪਹਿਲਾਂ ਹੋ ਜਾਂਦੀ ਹੈ। ਸਿਗਰਟ ਪੀਣ ਵਾਲੇ 100 ਬੱਚਿਆਂ 'ਚੋਂ 50 ਬੱਚੇ ਤੰਬਾਕੂ ਨਾਲ ਹੋਣ ਵਾਲੇ ਰੋਗਾਂ ਕਾਰਨ ਭਿਆਨਕ ਬੀਮਾਰੀਆਂ ਵਿਚ ਜਕੜੇ ਜਾਂਦੇ ਹਨ ਤੇ ਕਈ ਮਰ ਜਾਂਦੇ ਹਨ। ਪਰ ਇਸ ਦੇ ਬਾਵਜੂਦ ਵੀ ਲੋਕ ਤੰਬਾਕੂ ਵਰਤਣ ਤੋਂ ਬਾਜ ਨਹੀਂ ਆਉਂਦੇ। ਜੇਕਰ ਵੇਖਿਆ ਜਾਵੇ ਤਾਂ ਲੋਕ ਅਜੇ ਵੀ ਜਰਦੇ , ਬੀੜੀ, ਸਿਗਰਟ, ਚੈਨੀ, ਖੈਨੀ ਤੇ ਹੋਰ ਤੰਬਾਕੂ ਪਦਾਰਥਾਂ ਦੀ ਵਰਤੋਂ ਵੱਡੇ ਪੱਧਰ ਤੇ ਕਰ ਰਹੇ ਹਨ। ਪਿੰਡਾਂ 'ਚ ਤਾਂ ਲੋਕ ਜਰਦੇ ਨੂੰ ਕੋਈ ਨਸ਼ਾ ਹੀ ਨਹੀਂ ਸਮਝਦੇ ।  ਜਦ ਕਿ ਸਰਕਾਰ ਅਤੇ ਸਿਹਤ ਵਿਭਾਗ ਵੀ ਇਸ ਗੱਲੋਂ ਪੂਰੀ ਤਰ੍ਹਾਂ ਫਿਕਰਮੰਦ ਹੈ ਤੇ ਤੰਬਾਕੂ ਦਾ ਖਾਤਮਾ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਜਾਰੀ ਹਨ ਕੋਟਪਾ ਐਕਟ ਅਧੀਨ ਗਤੀਵਿਧੀਆਂ
ਸਿਹਤ ਵਿਭਾਗ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਤੰਬਾਕੂ ਅਤੇ ਤੰਬਾਕੂ ਤੋਂ ਬਨਣ ਵਾਲੇ ਪਦਾਰਥਾਂ ਤੇ ਕੰਟਰੋਲ ਕਰਨ ਲਈ ਪੂਰੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਕੋਟਪਾ ਐਕਟ ਅਧੀਨ ਗਤੀਵਿਧੀਆਂ ਲਗਾਤਾਰ ਜਾਰੀ ਹਨ। ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ : ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2017 ਵਿਚ ਜ਼ਿਲੇ ਭਰ 'ਚ 703 ਵਿਅਕਤੀਆਂ ਦੇ ਚਲਾਨ ਕੱਟ ਕੇ ਉਨ੍ਹਾਂ ਨੂੰ 30 ਹਜ਼ਾਰ 870 ਰੁਪਏ ਜੁਰਮਾਨਾ ਕੀਤਾ ਗਿਆ ਸੀ। ਜਦ ਕਿ ਸਾਲ 2016 ਵਿਚ 1015 ਵਿਅਕਤੀਆਂ ਦੇ ਚਲਾਨ ਕੱਟੇ ਗਏ ਸਨ ਤੇ ਉਨ੍ਹਾਂ ਨੂੰ 38 ਹਜ਼ਾਰ 905 ਰੁਪਏ ਜੁਰਮਾਨਾਂ ਵਸੂਲਿਆ ਗਿਆ ਸੀ। ਜੇਕਰ ਅਪ੍ਰੈਲ 2011 ਤੋਂ ਸਤੰਬਰ 2017 ਤੱਕ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 4659 ਵਿਅਕਤੀਆਂ ਦੇ ਚਲਾਨ ਕੱਟ ਕੇ 2 ਲੱਖ 22 ਹਜ਼ਾਰ 434 ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਜ਼ਿਲੇ ਭਰ ਵਿਚ ਜਨਤਕ ਥਾਂਵਾਂ ਅਤੇ ਦੁਕਾਨਾਂ ਆਦਿ ਤੇ ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਤੇ ਇਸ ਦੇ ਮਾੜੇ ਪ੍ਰਭਾਵ ਵਾਲੇ 1160 ਚਿਤਾਵਨੀ ਬੋਰਡ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ  ਸਿਹਤ ਵਿਭਾਗ ਵੱਲੋਂ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਨੂੰ 200 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਜਦ ਕਿ ਐਕਟ 2003 ਅਧੀਨ ਉਲੰਘਣਾ ਕਰਨ ਤੇ 1000 ਰੁਪਏ ਜੁਰਮਾਨਾ ਤੇ 2 ਸਾਲ ਦੀ ਕੈਦ ਅਤੇ ਦੁਆਰਾ ਉਲੰਘਣਾ ਕਰਨ ਵਾਲਿਆਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਅਤੇ 5 ਸਾਲ ਤੱਕ ਕੈਦ ਕੀਤੀ ਜਾ ਸਕਦੀ ਹੈ। ਕਿਸੇ ਵੀ ਵਿੱਦਿਅਕ ਸੰਸਥਾ ਤੋਂ 100 ਗਜ਼ ਦੇ ਘੇਰੇ ਵਿਚ ਤੰਬਾਕੂ ਵੇਚਣ ਵਾਲਿਆਂ ਨੂੰ ਜੂਵੈਨਾਈਲ ਜਸਟਿਸ ਐਕਟ ਅਧੀਨ ਬੱਚਿਆਂ ਨੂੰ ਤੰਬਾਕੂ ਪੇਸ਼ ਕਰਨ ਤੇ 1 ਲੱਖ ਰੁਪਏ ਤੱਕ ਜੁਰਮਾਨਾਂ ਤੇ 7 ਸਾਲ ਦੀ ਕੈਦ ਹੋ ਸਕਦੀ ਹੈ। 
ਜਿਲੇ ਦੇ 75 ਪਿੰਡ ਹੋਏ ਹਨ ਤੰਬਾਕੂ ਮੁਕਤ
ਜ਼ਿਲਾ ਸਿਹਤ ਇੰਸਪੈਕਟਰ ਭਗਵਾਨ ਦਾਸ ਨੇ ਦੱਸਿਆ ਕਿ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਂਵਾਂ ਦੇ ਸਹਿਯੋਗ ਨਾਲ ਜ਼ਿਲੇ ਦੇ ਕੁੱਲ 241 ਪਿੰਡਾਂ 'ਚੋਂ 75 ਪਿੰਡਾਂ ਨੂੰ ਸਿਹਤ ਵਿਭਾਗ ਵੱਲੋਂ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ ਵਿਚ ਦੋ ਵਾਰ 1 ਨਵੰਬਰ ਅਤੇ 1 ਮਈ ਨੂੰ ਨੋ ਤੰਬਾਕੂ ਦਿਵਸ ਮਨਾਇਆ ਜਾਂਦਾ ਹੈ।


Related News