ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਾਮੇਸ਼ਵਰ ਸੰਘਾ ਨਾਲ ਖਾਸ ਗੱਲਬਾਤ (ਵੀਡੀਓ)

06/19/2018 11:55:24 AM

ਓਂਟਾਰੀਓ— ਬਰੈਂਪਟਨ ਸੈਂਟਰ ਤੋਂ ਲਿਬਰਲ ਦੇ ਸੰਸਦ ਮੈਂਬਰ ਰਾਮੇਸ਼ਵਰ ਸੰਘਾ ਨੇ ਓਂਟਾਰੀਓ ਚੋਣਾਂ 'ਚ ਲਿਬਰਲ ਪਾਰਟੀ ਦੀ ਕਰਾਰੀ ਹਾਰ ਲਈ ਫੈਸਲਿਆਂ 'ਚ ਦੇਰੀ ਨੂੰ ਜ਼ਿੰਮੇਵਾਰ ਠਹਿਰਾਇਆ। ਸੰਘਾ ਨੇ ਕਿਹਾ ਕਿ ਹਾਰ ਤੋਂ ਬਾਅਦ ਜਿਹੜੇ ਫੈਸਲੇ ਲਏ ਗਏ ਹਨ, ਜੇਕਰ ਇਹ ਫੈਸਲੇ ਪਹਿਲਾਂ ਲਏ ਜਾਂਦੇ ਤਾਂ ਸ਼ਾਇਦ ਇੰਨੀ ਬੁਰੀ ਹਾਲਤ ਨਾ ਹੁੰਦੀ। ਬਰੈਂਪਟਨ ਵਿਚ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੰਘਾ ਨੇ ਆਪਣੇ ਸਿਆਸੀ ਕਰੀਅਰ, ਕੈਨੇਡਾ 'ਚ ਆ ਰਹੇ ਸੀਰੀਆ ਦੇ ਸ਼ਰਨਾਰਥੀਆਂ, ਓਂਟਾਰੀਓ ਚੋਣਾਂ ਦੇ ਸਿਆਸੀ ਪ੍ਰਭਾਵ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਲੈ ਕੇ ਗੱਲ ਕੀਤੀ। ਪੇਸ਼ ਹੈ ਪੂਰੀ ਗੱਲਬਾਤ...
ਸਵਾਲ : ਕੈਨੇਡਾ ਦੀ ਸਿਆਸਤ 'ਚ ਤੁਹਾਡਾ ਆਉਣਾ ਕਿਵੇਂ ਹੋਇਆ?
ਜਵਾਬ : ਮੈਂ ਜਲੰਧਰ ਦੇ ਜੰਡੂਸਿੰਘਾ ਨਾਲ ਸਬੰਧ ਰੱਖਦਾ ਹਾਂ ਅਤੇ ਕੈਨੇਡਾ ਆਉਣ ਤੋਂ ਪਹਿਲਾਂ ਜਲੰਧਰ 'ਚ ਹੀ ਬਤੌਰ ਵਕੀਲ ਪ੍ਰੈਕਟਿਸ ਦੌਰਾਨ ਸਿਆਸਤ 'ਚ ਸਰਗਰਮ ਹੋ ਗਿਆ ਸੀ। ਪੰਜਾਬ 'ਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਮੈਂ ਇਥੇ ਆ ਗਿਆ। ਇਥੇ ਆ ਕੇ ਮੈਂ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਵਿਧਾਨ ਪੜ੍ਹੇ। ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਨੇੜਿਓਂ ਦੇਖਿਆ। ਕੁਝ ਸਾਲਾਂ ਤਕ ਪਾਰਟੀਆਂ 'ਤੇ ਅਧਿਐਨ ਕਰਨ ਤੋਂ ਬਾਅਦ ਲਿਬਰਲ ਪਾਰਟੀ ਮੈਨੂੰ ਆਪਣੀ ਸੋਚ ਦੇ ਨੇੜੇ ਲੱਗੀ ਅਤੇ ਮੈਂ ਇਸ ਰਾਹੀਂ ਸਿਆਸਤ 'ਚ ਐਂਟਰੀ ਕੀਤੀ। 
ਸਵਾਲ : ਐੱਨ. ਡੀ. ਪੀ. ਦੇ ਉਭਾਰ ਨੂੰ ਤੁਸੀਂ ਕਿੰਨੀ ਵੱਡੀ ਚੁਣੌਤੀ ਮੰਨਦੇ ਹੋ?
ਜਵਾਬ : ਐੱਨ. ਡੀ. ਪੀ. ਨੂੰ ਮਿਲ ਰਿਹਾ ਸਮਰਥਨ ਅਸਥਾਈ ਹੈ, ਲਿਹਾਜ਼ਾ ਇਹ ਕੋਈ ਵੱਡੀ ਚੁਣੌਤੀ ਨਹੀਂ ਹੈ। ਚੋਣਾਂ ਆਉਣ ਤਕ ਬਹੁਤ ਸਾਰੇ ਸਿਆਸੀ ਉਲਟਫੇਰ ਹੁੰਦੇ ਹਨ। ਲੋਕ ਅੰਤ 'ਚ ਪਾਰਟੀ ਦੇ ਕੰਮ, ਉਸ ਦੀ ਭਰੋਸੇਯੋਗਤਾ, ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਕਸੌਟੀ ਤੇ ਨੇਤਾਵਾਂ ਦੇ ਵਿਵਹਾਰ ਅਤੇ ਦੇਸ਼ ਦੀ ਆਰਥਿਕ ਰਫਤਾਰ ਨੂੰ ਦੇਖ ਕੇ ਵੋਟਾਂ ਪਾਉਂਦੇ ਹਨ। 
ਸਵਾਲ : ਓਂਟਾਰੀਓ ਚੋਣਾਂ 'ਚ ਲਿਬਰਲ ਦੀ ਹਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ : ਕੈਨੇਡਾ 'ਚ ਫੈਡਰਲ ਅਤੇ ਪ੍ਰੋਵੈਂਸ਼ੀਅਲ ਪੱਧਰ 'ਤੇ ਪਾਰਟੀ ਵੱਖ ਹੁੰਦੀ ਹੈ, ਹਾਲਾਂਕਿ ਦੋਵਾਂ ਦੇ ਨਾਂ ਇਕੋ ਹੀ ਹਨ ਪਰ ਸੂਬੇ ਦੀ ਪਾਰਟੀ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ ਪਰ ਫਿਰ ਵੀ ਓਂਟਾਰੀਓ ਚੋਣਾਂ 'ਚ ਹੋਈ ਇੰਨੀ ਬੁਰੀ ਹਾਲਤ ਤੋਂ ਬਚਿਆ ਜਾ ਸਕਦਾ ਸੀ। ਚੋਣਾਂ ਦੌਰਾਨ ਆਗੂਆਂ ਨੂੰ ਲੱਗ ਰਿਹਾ ਸੀ ਕਿ ਉਹ ਹਾਲਾਤ ਨੂੰ ਆਪਣੇ ਹਿਸਾਬ ਨਾਲ ਢਾਲ ਲੈਣਗੇ ਪਰ ਅਜਿਹਾ ਨਹੀਂ ਹੋ ਸਕਿਆ ਤੇ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਮੈਨੂੰ ਲੱਗਦਾ ਹੈ ਕਿ ਜਿਹੜੇ ਫੈਸਲੇ ਹਾਰ ਤੋਂ ਬਾਅਦ ਲਏ ਜਾ ਰਹੇ ਹਨ, ਜੇ ਇਹ 4-5 ਮਹੀਨੇ ਪਹਿਲਾਂ ਲਏ ਜਾਂਦੇ ਤਾਂ ਇੰਨੀ ਬੁਰੀ ਹਾਰ ਤੋਂ ਬਚਿਆ ਜਾ ਸਕਦਾ ਸੀ।
ਸਵਾਲ : ਕੀ ਓਂਟਾਰੀਓ ਚੋਣਾਂ ਦੇ ਨਤੀਜਿਆਂ ਦਾ ਫੈਡਰਲ ਚੋਣਾਂ 'ਤੇ ਅਸਰ ਪਵੇਗਾ?
ਜਵਾਬ : ਕੈਨੇਡਾ 'ਚ ਅਜਿਹਾ ਨਹੀਂ ਹੁੰਦਾ। ਫੈਡਰਲ ਚੋਣਾਂ 'ਚ ਲੋਕ ਫੈਡਰਲ ਸਰਕਾਰ ਦੇ ਕੰਮ ਅਤੇ ਨੇਤਾ ਦਾ ਚਿਹਰਾ ਦੇਖ ਕੇ ਵੋਟਾਂ ਪਾਉਂਦੇ ਹਨ। ਅਤੀਤ 'ਚ ਅਜਿਹਾ ਕਈ ਵਾਰ ਹੋਇਆ ਹੈ, ਜਦੋਂ ਸੂਬੇ ਦੀਆਂ ਚੋਣਾਂ 'ਚ ਜਿੱਤਣ ਵਾਲੀ ਪਾਰਟੀ ਫੈਡਰਲ ਚੋਣਾਂ 'ਚ ਹਾਰ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਰਾਬਰ ਦਾ ਨੇਤਾ ਫਿਲਹਾਲ ਵਿਰੋਧੀ ਪਾਰਟੀ ਕੋਲ ਨਹੀਂ ਹੈ, ਹਾਲਾਂਕਿ ਅਗਲੇ ਸਾਲ ਤਕ ਸਿਆਸੀ ਹਾਲਾਤ ਕੀ ਹੋਣਗੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਨ੍ਹਾਂ ਚੋਣਾਂ ਦਾ ਫੈਡਰਲ ਚੋਣਾਂ 'ਤੇ ਕੋਈ ਖਾਸ ਅਸਰ ਨਹੀਂ ਪੈਂਦਾ।
ਸਵਾਲ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਵਿਵਾਦਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? 
ਜਵਾਬ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ 80 ਫੀਸਦੀ ਸਫਲ ਰਿਹਾ ਹੈ। ਇਸ ਦੌਰੇ ਦੌਰਾਨ ਭਾਰਤ ਤੇ ਕੈਨੇਡਾ ਵਿਚਕਾਰ ਅਹਿਮ ਸਮਝੌਤਿਆਂ 'ਤੇ ਦਸਤਖਤ ਹੋਏ ਹਨ। ਲੰਬੀ ਮਿਆਦ 'ਚ ਇਨ੍ਹਾਂ ਸਮਝੌਤਿਆਂ ਦੇ ਫਾਇਦੇ ਸਾਹਮਣੇ ਆਉਣਗੇ। ਮੈਨੂੰ ਲੱਗਦਾ ਹੈ ਕਿ ਭਾਰਤ ਤੇ ਕੈਨੇਡਾ ਦੇ ਦੋ-ਪੱਖੀ ਸਬੰਧਾਂ 'ਚ ਮਜ਼ਬੂਤੀ ਬਹੁਤ ਜ਼ਰੂਰੀ ਹੈ ਅਤੇ ਇਸ ਮਜ਼ਬੂਤੀ ਲਈ ਲਗਾਤਾਰ ਦੋਵਾਂ ਧਿਰਾਂ ਦੀ ਗੱਲ ਹੋਣੀ ਚਾਹੀਦੀ ਹੈ। ਭਾਰਤ ਦੇ ਲੱਖਾਂ ਲੋਕ ਕੈਨੇਡਾ 'ਚ ਵਸੇ ਹੋਏ ਹਨ ਅਤੇ ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਇਥੇ ਪੜ੍ਹਾਈ ਲਈ ਆ ਰਹੇ ਹਨ, ਲਿਹਾਜ਼ਾ ਗੱਲਬਾਤ ਨੂੰ ਸਾਕਾਰਾਤਮਕ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਮੀਡੀਆ ਦਾ ਫੋਕਸ ਇਸ ਦੌਰੇ ਦੌਰਾਨ ਨਕਾਰਾਤਮਕ ਖਬਰਾਂ 'ਤੇ ਰਿਹਾ ਪਰ ਇਹ ਦੌਰਾ ਇਕ ਸਫਲ ਦੌਰਾ ਸੀ। 
ਸਵਾਲ : ਕੀ ਤੁਹਾਨੂੰ ਭਾਰਤ 'ਚ ਕੋਈ ਬਦਲਾਅ ਨਜ਼ਰ ਆਉਂਦਾ ਹੈ?
ਜਵਾਬ : ਮੈਂ ਸਾਲ ਵਿਚ ਦੋ ਜਾਂ ਤਿੰਨ ਵਾਰ ਭਾਰਤ ਜਾਂਦਾ ਹਾਂ। ਮੈਨੂੰ ਦੇਸ਼ ਵਿਚ ਕੋਈ ਬਹੁਤ ਵੱਡਾ ਬਦਲਾਅ ਨਜ਼ਰ ਨਹੀਂ ਆਉਂਦਾ। ਅਜੇ ਵੀ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਜਦੋਂ ਮੈਂ ਭਾਰਤ ਜਾਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ 80 ਦੇ ਦਹਾਕੇ 'ਚ ਕੈਨੇਡਾ ਆਉਣ ਦਾ ਮੇਰਾ ਫੈਸਲਾ ਸਹੀ ਸੀ।  
ਸਵਾਲ : ਬਤੌਰ ਸੰਸਦ ਮੈਂਬਰ ਤੁਹਾਡੀ ਕੀ ਉਪਲੱਬਧੀ ਰਹੀ ਹੈ?  
ਜਵਾਬ : ਮੈਂ ਸੰਸਦ 'ਚ ਬਿੱਲ ਨੰਬਰ-344 ਕਮਿਊਨਿਟੀ ਬੈਨੇਫਿਟ ਐਗਰੀਮੈਂਟ ਰੱਖਿਆ ਹੈ। ਇਹ ਪ੍ਰਾਈਵੇਟ ਮੈਂਬਰ ਬਿੱਲ ਹੈ। ਇਸ ਬਿੱਲ ਦੇ ਪਾਸ ਹੋਣ 'ਤੇ ਸਰਕਾਰੀ ਠੇਕੇ ਹਾਸਲ ਕਰਨ ਵਾਲੇ ਲੋਕਾਂ ਨੂੰ ਹਾਸਲ ਕੀਤੇ ਗਏ ਕੰਟਰੈਕਟ ਦਾ ਕੰਮ ਕਰਨ ਦੇ ਨਾਲ-ਨਾਲ ਉਸ ਇਲਾਕੇ 'ਚ ਕਮਿਊਨਿਟੀ ਲਈ ਵੱਖਰੇ ਤੌਰ 'ਤੇ ਇਕ ਕੰਮ ਕਰਨਾ ਪਵੇਗਾ। ਇਸ ਤੋਂ ਇਲਾਵਾ ਆਪਣੇ ਇਲਾਕੇ ਦੇ ਮੁੱਦਿਆਂ ਨੂੰ ਮੈਂ ਸਮੇਂ-ਸਮੇਂ 'ਤੇ ਸੰਸਦ 'ਚ ਚੁੱਕਦਾ ਰਿਹਾ ਹਾਂ। ਮੈਂ ਸੰਸਦ ਦੀ ਹਿਊਮਨ ਰਿਸੋਰਸ ਕਮੇਟੀ (ਹੁਮਾ) ਦਾ ਮੈਂਬਰ ਹਾਂ ਅਤੇ ਇਸ ਕਮੇਟੀ ਰਾਹੀਂ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਵੀ ਕਰਦਾ ਹਾਂ। 
ਏਜੰਟਾਂ ਦੇ ਝਾਂਸੇ 'ਚ ਨਾ ਆਉਣ ਵਿਦਿਆਰਥੀ —
ਮਾਤਾ-ਪਿਤਾ ਮਿਹਨਤ ਕਰ ਕੇ ਬੱਚਿਆਂ ਦੀ ਫੀਸ ਭਰ ਕੇ ਉਨ੍ਹਾਂ ਨੂੰ ਕੈਨੇਡਾ ਭੇਜ ਰਹੇ ਹਨ। ਇਥੇ ਆ ਰਹੇ ਵਿਦਿਆਰਥੀਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਆਪਣੇ ਪਰਿਵਾਰ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਦੇਣ ਦੇ ਨਾਲ-ਨਾਲ ਕੈਨੇਡਾ 'ਚ ਨਿਯਮਾਂ ਦਾ ਪਾਲਣ ਕਰ ਕੇ ਇਥੋਂ ਦੇ ਸਮਾਜ ਨੂੰ ਅਪਣਾਉਣਾ ਚਾਹੀਦਾ ਹੈ, ਨਾਲ ਹੀ ਮੈਂ ਪੰਜਾਬ 'ਚ ਬੈਠੇ ਵਿਦਿਆਰਥੀਆਂ ਨੂੰ ਇਹ ਅਪੀਲ ਵੀ ਕਰਾਂਗਾ ਕਿ ਉਹ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਝਾਂਸੇ 'ਚ ਨਾ ਆਉਣ। ਵਿਦਿਆਰਥੀ ਖੁਦ ਆਨਲਾਈਨ ਕੈਨੇਡਾ ਦੇ ਕਾਲਜਾਂ, ਕਾਲਜਾਂ ਵਿਚ ਕਰਵਾਏ ਜਾ ਰਹੇ ਕੋਰਸਾਂ, ਉਨ੍ਹਾਂ ਕੋਰਸਾਂ ਦੇ ਸਹਾਰੇ ਮਿਲਣ ਵਾਲੀ ਨੌਕਰੀ ਤੋਂ ਇਲਾਵਾ ਕੋਰਸ ਕਰਨ ਤੋਂ ਬਾਅਦ ਪੀ. ਆਰ. ਦੇ ਮੌਕਿਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਜੇ ਵਿਦਿਆਰਥੀ ਖੁਦ ਨਹੀਂ ਸਮਝ ਸਕਦੇ ਤਾਂ ਉਹ ਕੈਨੇਡਾ 'ਚ ਕਿਸੇ ਇਮੀਗ੍ਰੇਸ਼ਨ ਸਲਾਹਕਾਰ ਨਾਲ ਸੰਪਰਕ ਕਰਨ ਕਿਉਂਕਿ ਇਥੋਂ ਦੇ ਇਮੀਗ੍ਰੇਸ਼ਨ ਸਲਾਹਕਾਰ ਕਾਨੂੰਨ 'ਚ ਬੱਝੇ ਹੋਏ ਹਨ ਤੇ ਵਿਦਿਆਰਥੀ ਨੂੰ ਗਲਤ ਜਾਣਕਾਰੀ ਨਹੀਂ ਦੇ ਸਕਦੇ। 
ਸੀਰੀਆ ਦੇ ਸ਼ਰਨਾਰਥੀਆਂ ਪ੍ਰਤੀ ਮਾਨਵਤਾਵਾਦੀ ਰਵੱਈਆ ਜ਼ਰੂਰੀ—
ਕੈਨੇਡਾ 'ਚ ਸਾਰੇ ਲੋਕ ਬਾਹਰੋਂ ਆਏ ਹੋਏ ਹਨ। ਕੈਨੇਡਾ ਦਾ ਇਤਿਹਾਸ ਮਾਨਵਤਾਵਾਦੀ ਰਿਹਾ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਰੱਖਿਅਕ ਹੈ। ਪੰਜਾਬ ਵਿਚ ਜਦੋਂ 1980 ਦੇ ਦਹਾਕੇ ਵਿਚ ਲੋਕਾਂ 'ਤੇ ਸੰਕਟ ਆਇਆ ਸੀ ਤਾਂ ਕੈਨੇਡਾ ਨੇ ਅੱਗੇ ਵਧ ਕੇ ਉਨ੍ਹਾਂ ਦੀ ਬਾਂਹ ਫੜੀ ਸੀ ਅਤੇ ਉਨ੍ਹਾਂ ਨੂੰ ਸਹਾਰਾ ਦਿੱਤਾ ਸੀ, ਅੱਜ ਇਹੀ ਪੰਜਾਬੀ ਕੈਨੇਡਾ ਵਿਚ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ। ਮੈਨੂੰ ਲੱਗਦਾ ਹੈ ਕਿ ਇਸ ਮਸਲੇ 'ਤੇ ਸਾਨੂੰ ਮਨੁੱਖਤਾਵਾਦੀ ਰਵੱਈਆ ਅਖਤਿਆਰ ਕਰਨਾ ਚਾਹੀਦਾ ਹੈ ਕਿਉਂਕਿ ਕੈਨੇਡਾ ਨੂੰ ਵੱਖ-ਵੱਖ ਧਰਮਾਂ ਤੇ ਵਰਗਾਂ ਦੇ ਲੋਕਾਂ ਦੀ ਜ਼ਰੂਰਤ ਹੈ ਅਤੇ ਲੋਕਾਂ ਨੂੰ ਬਾਹਾਂ ਖੋਲ੍ਹ ਕੇ ਖੁੱਲ੍ਹੇ ਦਿਲੋਂ ਸ਼ਰਨਾਰਥੀਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਲੋਕ ਅੱਗੇ ਚੱਲ ਕੇ ਉੱਨਤੀ 'ਚ 
ਯੋਗਦਾਨ ਪਾਉਣਗੇ। 


Related News