ਪੀਡ਼ਤ ਪਰਿਵਾਰ ਦਾ ਮਕਾਨ ਢਾਇਅਾ

06/19/2018 6:23:10 AM

ਚਵਿੰਡਾ ਦੇਵੀ,   (ਬਲਜੀਤ)–  ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਮੱਲੂਵਾਲ ਵਿਖੇ ਇਕ ਗਰੀਬ ਪਰਿਵਾਰ ਦਾ ਮਕਾਨ ਢਾਹੁਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਿਨ-ਦਿਹਾਡ਼ੇ ਪਿੰਡ ਦੇ ਕੁਝ ਵਿਅਕਤੀਅਾਂ ਵੱਲੋਂ ਮਜ਼ਦੂਰ ਕੁਲਵਿੰਦਰ ਸਿੰਘ ਪੁੱਤਰ ਲੱਖਾ ਸਿੰਘ ਦਾ ਮਕਾਨ ਢਾਹ ਦਿੱਤਾ ਗਿਆ। ਇਸ ’ਤੇ ਪੀਡ਼ਤ ਕੁਲਵਿੰਦਰ ਸਿੰਘ ਨੇ ਦੋਸ਼ ਲਇਆ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਰੰਜਿਸ਼ ਤਹਿਤ ਸਾਡਾ ਘਰ ਢਹਿ ਢੇਰੀ ਕਰ ਦਿੱਤਾ ਅਤੇ ਸਾਡੇ ਘਰ ਦਾ ਸਾਮਾਨ ਬਾਹਰ ਬਾਜ਼ਾਰ ਵਿਚ ਕੱਢ ਕੇ ਰੱਖ ਦਿੱਤਾ, ਇਸ ਸੰਬੰਧੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਘਰੋਂ ਮਜ਼ੂਦਰੀ ਵਾਸਤੇ ਗਿਆ ਸੀ ਤੇ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਮੇਰਾ ਸਾਰਾ ਘਰ ਢਹਿ ਢੇਰੀ ਘਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਮਕਾਨ ਵਿਚ ਪਰਿਵਾਰ ਸਮੇਤ ਰਹਿ ਰਿਹਾ ਸੀ ਪਰ ਜ਼ਿਮੀਦਾਰਾਂ ਵੱਲੋਂ ਮੇਰੇ ਮਕਾਨ ਢਾਹ ਕੇ ਜਗ੍ਹਾ ’ਤੇ ਕਬਜ਼ਾ ਕਰ ਲਿਆ ਗਿਆ। ਇਸ ਸਬੰਧੀ ਦੂਜੀ ਧਿਰ ਗੁਰਦਿਆਲ ਸਿੰਘ ਅਤੇ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਉਨ੍ਹਾਂ ਪਿੰਡ ਦੇ ਹੀ ਰਹਿਣ ਵਾਲੇ ਮਹਿੰਦਰ ਸਿੰਘ ਪੁੱਤਰ ਮੰਗਲ ਸਿੰਘ ਪਾਸੋਂ ਖਰੀਦੀ ਸੀ, ਜਿਸ ਵਿਚ ਕੁਲਵਿੰਦਰ ਸਿੰਘ ਜੋ ਕਿ ਮੇਰੇ ਘਰ ਮਜ਼ਦੂਰੀ ਕਰਦਾ ਸੀ ਪਰਿਵਾਰ ਸਮੇਤ ਰਹਿ ਰਿਹਾ ਸੀ ਪਰ ਹੁਣ ਕੁਲਵਿੰਦਰ ਸਿੰਘ ਕੰਮ ਛੱਡ ਕੇ ਹੋਰ ਜਗ੍ਹਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁਲਵਿੰਦਰ ਸਿੰਘ ਪਾਸੋਂ ਪੈਸੇ ਲੈਣੇ ਹਨ, ਜਿਸ ਲਈ ਉਲਟਾ ਕੁਲਵਿੰਦਰ ਸਿੰਘ ਸਾਡੇ ’ਤੇ ਝੂਠੇ ਦੋਸ਼ ਲਾ ਰਿਹਾ ਹੈ ਤੇ ਸਾਨੂੰ ਧਮਕੀਅਾਂ ਦੇ ਰਿਹਾ ਹੈ। ਇਸ ਸਬੰਧੀ ਪੁਲਸ ਚੌਕੀ ਸੋਹੀਆ ਕਲਾਂ ਦੇ ਇੰਚਾਰਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦਰਖਾਸਤ ਮਿਲ ਚੁੱਕੀ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
 
 


Related News