ਸਿਹਤ ਵਿਭਾਗ ਦੀ ਟੀਮ ਵਲੋਂ ਬੇਕਰੀਆਂ ਤੇ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ

06/19/2018 6:19:31 AM

ਮੋਹਾਲੀ, (ਨਿਆਮੀਆਂ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਟੀਚੇ ਨਾਲ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਲਈ ਖਾਣ-ਪੀਣ ਦੀਆਂ ਮਿਆਰੀ ਵਸਤਾਂ ਦੀ ਵਿਕਰੀ ਯਕੀਨੀ ਬਣਾਉਣ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵਲੋਂ ਮੋਹਾਲੀ ਦੀਆਂ ਵੱਖ-ਵੱਖ ਥਾਵਾਂ 'ਤੇ ਸਥਿਤ ਬੇਕਰੀਆਂ ਤੇ ਖਾਣ-ਪੀਣ ਦੀਆਂ ਦੁਕਾਨਾਂ 'ਤੇ ਛਾਪੇ ਮਾਰੇ ਗਏ । ਇਹ ਜਾਣਕਾਰੀ ਜ਼ਿਲਾ ਸਿਹਤ ਅਫ਼ਸਰ ਆਰ. ਐੱਸ. ਕੰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਬਲੌਂਗੀ ਸਮੇਤ ਮੋਹਾਲੀ ਦੀਆਂ ਵੱਖ-ਵੱਖ ਥਾਵਾਂ 'ਤੇ ਸਥਿਤ ਬੇਕਰੀਆਂ ਦੀ ਚੈਕਿੰਗ ਕੀਤੀ ਗਈ। ਕਈ ਥਾਵਾਂ 'ਤੇ ਸਫਾਈ ਦੀ ਕਾਫੀ ਘਾਟ ਸੀ ਜਿਸ ਸਬੰਧੀ ਬੇਕਰੀਆਂ ਦੇ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਕੰਧਾਂ ਨੂੰ ਠੀਕ ਢੰਗ ਨਾਲ ਰੰਗ ਕਰਵਾਉਣ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਜੇਕਰ ਮਾਲਕਾਂ ਵਲੋਂ ਸਫਾਈ ਸਬੰਧੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਸਬੰਧਤ ਬੇਕਰੀ ਮਾਲਕਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜ਼ਿਲਾ ਸਿਹਤ ਅਫਸਰ ਨੇ ਦੱਸਿਆ ਕਿ ਬੇਕਰੀਆਂ ਵਾਲਿਆਂ ਨੂੰ ਐੱਫ. ਐੱਸ. ਐੱਸ. ਏ. ਆਈ. ਤੋਂ ਲਾਇਸੰਸ ਲੈਣ ਲਈ ਵੀ ਕਿਹਾ ਗਿਆ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਦਾ ਮਿਆਰ ਪਰਖਣ ਲਈ ਪੰਜ ਸੈਂਪਲ ਵੀ ਲਏ ਗਏ ਹਨ। ਚੈਕਿੰਗ ਕਰਨ ਵਾਲੀ ਟੀਮ ਵਿਚ ਸਿਹਤ ਵਿਭਾਗ ਦੇ ਹੋਰਨਾਂ ਮੁਲਾਜ਼ਮਾਂ ਦੇ ਨਾਲ-ਨਾਲ ਫੂਡ ਸੇਫਟੀ ਅਫਸਰ ਰਾਖੀ ਵਿਨਾਇਕ ਵੀ ਸ਼ਾਮਲ ਸਨ।
ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ
ਮੋਰਿੰਡਾ, (ਖੁਰਾਣਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਰੂਪਨਗਰ ਜ਼ਿਲੇ ਵਿਚ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਸਹਾਇਕ ਕਮਿਸ਼ਨਰ (ਜ) ਦੀ ਅਗਵਾਈ ਹੇਠ 10 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜ) ਨੇ ਦੱਸਿਆ ਕਿ ਉਨ੍ਹਾਂ ਨਾਲ ਅੱਜ ਮਨਪ੍ਰੀਤ ਕੌਰ ਤੇ ਅਮਿਤ ਲਖਨਪਾਲ ਡਰੱਗ ਕੰਟਰੋਲ ਅਫਸਰ ਮੌਹਾਲੀ ਨਾਲ ਸਨ। ਉਨ੍ਹਾਂ ਦੱਸਿਆ ਕਿ ਬਲਰਾਮ ਲੂਥਰਾ ਡਰੱਗ ਕੰੰਟਰੋਲ ਅਫਸਰ ਰੂਪਨਗਰ ਤੇ ਤੇਜਿੰਦਰ ਸਿੰਘ ਡਰੱਗ ਕੰੰਟਰੋਲ ਅਫਸਰ ਐੱਸ. ਬੀ. ਐੱਸ. ਨਗਰ ਅਧਾਰਿਤ ਦੂਸਰੀ ਟੀਮ ਵਲੋਂ ਨੰਗਲ ਸ਼ਹਿਰ ਦੇ 4 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 4 ਮੈਡੀਕਲ ਸਟੋਰਾਂ ਦਾ ਰਿਕਾਰਡ ਅਪ ਟੂ ਡੇਟ ਨਹੀਂ ਸੀ ਜੋ ਕਿ ਡਰੱਗ ਤੇ ਕਾਸਮੈਟਿਕ ਉਲੰਘਣਾ ਅਧੀਨ ਆਉਂਦੀ ਹੈ ਤੇ ਇਸ ਬਾਰੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਅਗਲੇਰੀ ਕਾਰਵਾਈ ਹਿੱਤ ਲਿਖ ਦਿੱਤਾ ਗਿਆ ਹੈ। ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ ਇਹ ਚੈਕਿੰਗ ਤੰਦਰੁਸਤ ਮੁਹਿੰਮ ਅਧੀਨ ਭਵਿੱਖ ਵਿਚ ਜਾਰੀ ਰਹੇਗੀ ਤੇ ਕਿਸੇ ਵੀ ਮੈਡੀਕਲ ਸਟੋਰ ਮਾਲਕ ਨੂੰ ਐੱਨ. ਡੀ. ਪੀ. ਐੱਸ. ਐਕਟ ਅਧੀਨ ਆਉਂਦੀਆਂ ਦਵਾਈਆਂ ਤੇ ਗੈਰ-ਮਿਆਰੀ ਦਵਾਈਆਂ ਦੀ ਵਿਕਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


Related News