ਸ਼ਹਿਰ ਦੇ ਵਿਕਾਸ ਕਾਰਜਾਂ ’ਚ ਤਿੰਨ ਵਾਰਡ ਫਿਰ ਰਹਿਣਗੇ ‘ਫਾਡੀ’

06/19/2018 3:44:53 AM

ਮੋਗਾ, (ਗੋਪੀ ਰਾਊਕੇ)- ਇਕ ਪਾਸੇ ਜਿੱਥੇ ਲੰਮੀ ਉਡੀਕ ਮਗਰੋਂ ਮੋਗਾ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਹੋਣ ਨਾਲ ਸ਼ਹਿਰ ਵਾਸੀ ਖੁਸ਼ ਹਨ, ਉੱਥੇ  ਹੀ ਦੂਜੇ ਪਾਸੇ ਨਿਗਮ ਵੱਲੋਂ ਲਾਏ ਗਏ ਦੋ ਦਫ਼ਾ ਟੈਂਡਰਾਂ ’ਚ ਵੀ ਸ਼ਹਿਰ ਦੇ ਤਿੰਨ ਵਾਰਡਾਂ 3, 24 ਤੇ 40 ਦਾ ਕੋਈ ਵਿਕਾਸ ਕਾਰਜ ਨਾ ਹੋਣ ਕਰ ਕੇ ਇਨ੍ਹਾਂ ਵਾਰਡਾਂ ਦੇ ਵਸਨੀਕ ‘ਖਫ਼ਾ’ ਹੋਣ ਲੱਗੇ ਹਨ। ਵਿਭਾਗੀ ਸੂਤਰਾਂ ਦਾ ਦੱਸਣਾ ਹੈ ਕਿ 24 ਨੰਬਰ ਵਾਰਡ ਦਾ ਕੋਈ ਵਿਕਾਸ ਹੈ ਹੀ ਨਹੀਂ ਸੀ ਅਤੇ 40 ਨੰਬਰ ਵਾਰਡ ਦੇ ਵਿਕਾਸ ਕਾਰਜ ਰਹਿ ਗਏ ਹਨ, ਜਿਨ੍ਹਾਂ ਨੂੰ ਭਵਿੱਖ ਵਿਚ ਜਾਰੀ ਹੋਣ ਵਾਲੀ ਸੂਚੀ ਵਿਚ ਸ਼ਾਮਲ ਕਰਨ ਦੀ ਤਜਵੀਜ਼ ਹੈ ਪਰ 3 ਨੰਬਰ ਵਾਰਡ ਦੇ ਵਿਕਾਸ ਕਾਰਜ ਨਿਗਮ ਹਾਊਸ ਵੱਲੋਂ ਪਾਸ ਕਰਵਾਉਣ ਦੇ ਬਾਵਜੂਦ ਟੈਂਡਰ ਨਾ ਲੱਗਣ ਕਰ ਕੇ ਭਡ਼ਕੇ ਕੌਂਸਲਰ ਅਤੇ ਐਂਟੀ ਕੁਰੱਪਸ਼ਨ ਅਵੇਅਰਨੈੱਸ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਦਾ ਗੁੱਸਾ ਸੱਤਵੇਂ ਅਾਸਮਾਨ ’ਤੇ ਪੁੱਜ ਗਿਆ ਹੈ। ਦੱਸਣਾ ਬਣਦਾ ਹੈ ਕਿ ਸਚਦੇਵਾ ਉਹ ਕੌਂਸਲਰ ਹਨ, ਜਿਨ੍ਹਾਂ ਨੇ ਲੰਮਾ ਸਮਾਂ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਨਾ ਹੋਣ ਕਾਰਨ ‘ਬੂਟ ਪਾਲਿਸ਼’ ਮੁਹਿੰਮ ਚਲਾ ਕੇ ਨਿਵੇਕਲੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਉਦੋਂ ਇਹ ਆਸ ਬੱਝੀ ਸੀ ਕਿ ਹੁਣ ਜਲਦੀ ਹੀ ਸ਼ਹਿਰ ਦੇ ‘ਠੱਪ’ ਵਿਕਾਸ ਕਾਰਜ ਸ਼ੁਰੂ ਹੋਣਗੇ ਪਰ ਹੈਰਾਨੀ ਦੀ ਗੱਲ ਹੈ  ਤਾਂ  ਇਹ  ਹੈ ਕਿ ਉਨ੍ਹਾਂ ਦੇ ਆਪਣੇ ਵਾਰਡ ਦੇ ਵਿਕਾਸ ਕਾਰਜ ਸ਼ੁਰੂ ਨਹੀਂ ਹੋਏ, ਜਿਸ ਕਰ ਕੇ ਤਰ੍ਹਾਂ-ਤਰ੍ਹਾਂ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।
ਕੀ ਕਹਿਣੈ ਕੌਂਸਲਰ ਸਚਦੇਵਾ ਦਾ 
ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਮੋਗਾ ਦੇ ਕੌਂਸਲਰ ਤੇ ਐਂਟੀ ਕੁਰੱਪਸ਼ਨ ਅਵੇਅਰਨੈੱਸ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਦਾ ਕਹਿਣਾ ਸੀ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਕਥਿਤ ਤੌਰ ’ਤੇ ਜਾਣ-ਬੁੱਝ ਕੇ ਮੇਰੇ ਵਾਰਡ ਨਾਲ ਪੱਖ-ਪਾਤ ਵਾਲਾ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਗਮ ਹਾਊੁਸ ਵੱਲੋਂ ਮੀਟਿੰਗ ਵਿਚ ਪਾਸ ਕੀਤੇ  ਗਏ ਵਿਕਾਸ ਕਾਰਜਾਂ ਨੂੰ ਨਿਗਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਟੈਂਡਰ ਲਾ ਕੇ ਸ਼ੁਰੂ ਕਰਵਾਉਣਾ ਹੁੰਦਾ ਹੈ ਪਰ ਸਾਰੇ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਕਾਰਜ ਇਕ-ਇਕ ਕਰ ਕੇ ਸ਼ੁਰੂ ਹੋ ਰਹੇ ਹਨ  ਤੇ ਮੇਰੇ ਵਾਰਡ ਦੇ ਵਿਕਾਸ ਕਾਰਜ ਇਸ ਕਰ ਕੇ ਸ਼ੁਰੂ ਨਹੀਂ ਕਰਵਾਏ ਜਾ ਰਹੇ ਤਾਂ ਕਿ ਮੈਨੂੰ ਜਨਤਕ ਸੰਘਰਸ਼ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇਹ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਵਾਰਡ ਵਾਸੀਆਂ ਅਤੇ ਐਂਟੀ ਕੁਰੱਪਸ਼ਨ ਅਵੇਅਰਨੈੱਸ ਦੇ ਨੁਮਾਇੰਦਿਆਂ ਤੇ ਹੋਰ ਸਮਾਜਿਕ ਆਗੂੁਆਂ ਨਾਲ ਹੰਗਾਮੀ ਮੀਟਿੰਗ ਕਰ ਕੇ ਭਵਿੱਖ ਦੀ ਰਣਨੀਤੀ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਨਗਰ ਨਿਗਮ ਮੋਗਾ ਦੇ ਕਮਿਸ਼ਨਰ, ਸੀਨੀਅਰ ਡਿਪਟੀ ਮੇਅਰ ਅਤੇ ਐੱਫ ਐਂਡ ਸੀ. ਸੀ. ਕਮੇਟੀ ਦੇ ਮੈਂਬਰਾਂ ਦੇ ਧਿਆਨ ’ਚ ਵੀ ਲਿਆ ਦਿੱਤਾ ਹੈ। 

 ਨਗਰ ਨਿਗਮ ਮੋਗਾ ਦੇ ਕਮਿਸ਼ਨਰ ਦਾ ਪੱਖ
 ਇਸ ਮਾਮਲੇ ਸਬੰਧੀ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸੇ ਵੀ ਵਾਰਡ ਨਾਲ ਕੋਈ ਪੱਖ-ਪਾਤ ਨਹੀਂ ਹੋ ਰਿਹਾ। ਮੈਂ ਅਤੇ ਜੁਆਇੰਟ ਕਮਿਸ਼ਨਰ ਵੀ ਵਾਰਡ ਨੰਬਰ-3 ਵਿਚ ਹੀ ਰਹਿੰਦੇ ਹਾਂ। ਉਨ੍ਹਾਂ ਆਖਿਆ  ਕਿ ਕੌਂਸਲਰ ਸਚਦੇਵਾ ਜਾਣ-ਬੁੱਝ ਕੇ ਅਜਿਹੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਦਰਅਸਲ ਅਸਲੀਅਤ ਇਹ ਹੈ ਕਿ ਕੌਂਸਲਰ ਸਚਦੇਵਾ ਵੱਲੋਂ ਬਣਾਈਆਂ   ਗਈਆਂ ਕੁੱਝ ਇਮਾਰਤਾਂ ਦੀ ਜਾਂਚ ਚੱਲ ਰਹੀ ਹੈ, ਜਿਸ ਨੂੰ ਪ੍ਰਭਾਵਿਤ ਕਰਨ ਲਈ ਉਹ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਦੇ ਵਿਕਾਸ ਕਾਰਜ ਇਕੋ ਰਫ਼ਤਾਰ ਨਾਲ ਕਰਵਾਏ ਜਾ ਰਹੇ ਹਨ। 
 


Related News