72 ਲੱਖ ਰੁਪਏ ਦੀ ਲਾਗਤ ਨਾਲ ਵਿਧਾਇਕ ਪਿੰਕੀ ਨੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ

06/18/2018 1:25:03 PM

ਫਿਰੋਜ਼ਪੁਰ (ਕੁਮਾਰ, ਮਨਦੀਪ) - ਸਰਹੱਦੀ ਪਿੰਡ ਦੁਲਚੀਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ 72 ਲੱਖ ਰੁਪਏ ਦੀ ਗ੍ਰਾਂਟ ਨਾਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਐਤਵਾਰ ਨੂੰ ਕੰਮ ਸ਼ੁਰੂ ਕਰਵਾ ਦਿੱਤੇ ਹਨ। ਇਸ ਮੌਕੇ ਪਿੰਕੀ ਨੇ ਕਿਹਾ ਕਿ ਇਸ ਗ੍ਰਾਂਟ 'ਚੋਂ 20 ਲੱਖ ਰੁਪਏ ਪਿੰਡ ਦੇ ਛੱਪੜ ਦੀ ਸਫਾਈ, ਇਸ ਨੂੰ ਪੱਕਾ ਕਰਨ ਲਈ ਅਤੇ ਆਧੁਨਿਕ ਪਾਰਕ ਬਣਾਉਣ ਲਈ 10 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਪਾਰਕ 'ਚ ਸ਼ਾਨਦਾਰ ਪੌਦੇ ਲਾਉਣ ਦੇ ਨਾਲ-ਨਾਲ ਓਪਨ ਗਾਰਡਨ ਜਿੰਮ, ਝੂਲੇ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। 
ਪਿੰਕੀ ਨੇ ਕਿਹਾ ਕਿ ਇਸ ਪਿੰਡ 'ਚ 22 ਲੱਖ ਰੁਪਏ ਦੀ ਲਾਗਤ ਨਾਲ ਮਨਰੇਗਾ ਸਕੀਮ ਦੇ ਅਧੀਨ ਵੱਖ-ਵੱਖ ਵਿਕਾਸ ਦੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਪਿੰਡ ਦੀ ਕੋਈ ਵੀ ਗਲੀ ਜਾਂ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਹਰ ਗਲੀ, ਚੌਕ ਚੌਰਾਹੇ 'ਤੇ ਸੋਲਰ ਲਾਈਟਾਂ ਲਗਵਾਈਆਂ ਜਾਣਗੀਆਂ ਤੇ ਪਿੰਡ ਦੁਲਚੀਕੇ ਨੂੰ ਇਕ ਮਾਡਲ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ ਬਣੇ ਨਵੇਂ ਕਮਿਊਨਟੀ ਹਾਲ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਵਿਧਾਇਕ ਪਿੰਕੀ ਨੇ ਪਿੰਡ ਦੇ 55 ਲਾਭਪਾਤਰੀ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਕਾਗਜ਼ ਸੌਂਪੇ। ਉਨ੍ਹਾਂ ਆਖਿਆ ਕਿ ਪਿੰਡ 'ਚ 20 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਨਾਲ ਹੋਰ ਵੀ ਕਈ ਕੰਮ ਕਰਵਾਏ ਜਾਣਗੇ।
ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸੀ ਆਗੂ ਅਵਤਾਰ ਸਿੰਘ ਦੁਲਚੀਕੇ, ਦਲਜੀਤ ਸਿੰਘ ਦੁਲਚੀਕੇ, ਹਰਦਿਆਲ ਸਿੰਘ ਵਿਰਕ, ਅਮਰੀਕ ਸਿੰਘ ਵਿਰਕ ਆਦਿ ਹੋਰ ਪਾਰਟੀ ਦੇ ਵਰਕਰ ਸ਼ਾਮਲ ਸਨ।


Related News