ਪੈਟਰੋਲ ਪੰਪ 'ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ, 2 ਦੀ ਮੌਤ (ਵੀਡੀਓ)

06/18/2018 12:06:47 PM

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ 'ਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆ। ਇਸੇ ਕੜੀ ਤਹਿਤ ਇੱਥੇ ਪੈਟਰੋਲ ਪੰਪ 'ਤੇ ਲੁਟੇਰਿਆਂ ਵਲੋਂ 2 ਲੋਕਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਥਾਣਾ ਬਹਾਦਰਗੜ੍ਹ 'ਚ ਸਥਿਤ ਪਿੰਡ ਚਮਾਰਹੇੜੀ ਵਿਖੇ ਬਣੇ ਫੀਲਿੰਗ ਸਟੇਸ਼ਨ 'ਤੇ ਦੇਰ ਰਾਤ ਲੁੱਟ ਦੀ ਵਾਰਦਾਤ ਵਾਪਰੀ। ਲੁਟੇਰਿਆਂ ਨੇ ਜਦੋਂ ਪੈਟਰੋਲ ਪੰਪ ਦੇ ਕਰਮਚਾਰੀਆਂ ਕੋਲੋਂ ਪੈਸੇ ਮੰਗੇ ਤਾਂ ਨਾਲ ਦੇ ਹੀ ਪਿੰਡ ਦੇ ਟਰੱਕ ਡਰਾਈਵਰ ਕੁਲਦੀਪ ਸਿੰਘ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੇ ਢਿੱਡ 'ਚ ਗੋਲੀ ਮਾਰ ਦਿੱਤੀ। 
ਜਦੋਂ ਗੋਲੀ ਦੀ ਆਵਾਜ਼ ਸੁਣ ਕੇ ਨਾਲ ਵਾਲੇ ਢਾਬੇ 'ਚੋਂ ਕੁਝ ਲੋਕ ਬਾਹਰ ਨਿਕਲੇ ਤਾਂ ਉਨ੍ਹਾਂ 'ਚੋਂ ਦਵਿੰਦਰ ਸਿੰਘ ਨਾਂ ਦੇ ਵਿਅਕਤੀ 'ਤੇ ਵੀ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਲੁਟੇਰੇ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। 


Related News