ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਬਣ ਕੇ ਆਈ ਬਾਰਿਸ਼

06/18/2018 7:31:20 AM

ਸੁਲਤਾਨਪੁਰ ਲੋਧੀ, (ਧੀਰ)- ਬੀਤੇ ਕੁਝ ਦਿਨਾਂ ਤੋਂ ਰਾਜਸਥਾਨ ਤੋਂ ਆ ਰਹੀ ਧੂੜ ਮਿਟੀ ਕਾਰਨ ਜਿਥੇ ਦਿਨ 'ਚ ਹੀ ਮੌਸਮ 'ਚ ਗੁਬਾਰ ਛਾਇਆ ਰਿਹਾ ਸੀ ਤੇ ਸਾਹ ਲੈਣ ਨੂੰ ਤਰਸ ਰਹੇ ਪਵਿੱਤਰ ਨਗਰੀ ਨਿਵਾਸੀਆਂ ਨੂੰ ਸ਼ਨੀਵਾਰ ਦੇਰ ਰਾਤ ਉਸ ਸਮੇਂ ਰਾਹਤ ਮਿਲੀ, ਜਦੋਂ ਤੇਜ਼ ਬਾਰਿਸ਼ ਨੇ ਜਿਥੇ ਵਾਤਾਵਰਣ 'ਚ ਛਾਈ ਸਾਰੀ ਗਰਦ ਧੋ ਦਿੱਤੀ, ਉਥੇ ਮੌਸਮ ਨੂੰ ਵੀ ਕੂਲ ਕੂਲ ਬਣਾ ਕੇ ਤਾਪਮਾਨ 'ਚ ਗਿਰਾਵਟ ਲਿਆ ਦਿੱਤੀ। ਰਾਤ 9 ਵਜੇ ਤੋਂ ਬਾਅਦ ਸ਼ੁਰੂ ਹੋਇਆ ਮੀਂਹ ਸਾਰੀ ਰਾਤ ਰੁਕ-ਰੁਕ ਕੇ ਪੈਂਦਾ ਰਿਹਾ ਤੇ ਸਵੇਰੇ ਲੋਕਾਂ ਨੂੰ ਤਾਜ਼ੀ ਹਵਾ ਨਾਲ ਠੰਡਕ ਭਰਿਆ ਮੌਸਮ ਮਿਲਿਆ। ਹਾਲਾਂਕਿ ਬਾਅਦ ਦੁਪਹਿਰ ਤਕ ਹਵਾ 'ਚ ਨਮੀ ਦੀ ਮਾਤਰਾ ਫਿਰ ਤਂੋ ਵਧਣ ਕਾਰਨ ਤੇਜ਼ ਤਿਖੀ ਧੁੱਪ ਨਾਲ ਵੀ ਵਧੀ ਹੁੰਮਸ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਬਾਰਿਸ਼ ਨੇ ਜਿਥੇ ਆਮ ਲੋਕਾਂ ਨੂੰ ਰਾਹਤ ਪਹੁੰਚਾਈ, ਉਥੇ ਇਹ ਮੱਕੀ ਦੀ ਫਸਲ ਲੈ ਕੇ ਮੰਡੀਆਂ 'ਚ ਬੈਠੇ ਕਿਸਾਨਾਂ ਲਈ ਮੁਸੀਬਤਾਂ ਵੀ ਲੈ ਕੇ ਆਈ।
ਬੀਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ
ਬਾਰਿਸ਼ ਨਾਲ ਜਿਥੇ ਬੀਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਉਥੇ ਸਿਹਤ ਮਾਹਿਰਾਂ ਦੇ ਅਨੁਸਾਰ ਆਸਮਾਨ 'ਚ ਚੜ੍ਹੀ ਧੂੜ ਕਾਰਨ ਖਾਸ ਤੌਰ 'ਤੇ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਕਾਫੀ ਪ੍ਰੇਸ਼ਾਨੀ ਵਾਲਾ ਸਮਾਂ ਆ ਗਿਆ ਸੀ ਪਰ ਬੀਤੀ ਰਾਤ ਪਈ ਬਾਰਿਸ਼ ਨਾਲ ਇਸ ਤੋਂ ਰਾਹਤ ਮਿਲੀ।
ਪਾਣੀ 'ਚ ਰੁੜ੍ਹੀ ਫਸਲPunjabKesari
ਬਾਰਿਸ਼ ਨਾਲ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੇ ਵੀ ਬਾਰਿਸ਼ ਪੈਣ ਨਾਲ ਸੁੱਖ ਦਾ ਸਾਹ ਲਿਆ, ਉਥੇ ਹੀ ਮੱਕੀ ਦੀ ਫਸਲ ਵਾਲੇ ਕਿਸਾਨਾਂ 'ਚ ਮਾਯੂਸੀ ਛਾਈ ਹੋਈ ਹੈ। ਕਿਉਂਕਿ ਪਹਿਲਾਂ ਤਾਂ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਮੱਕੀ ਦੀ ਫਸਲ ਨੂੰ ਕੱਟਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਬਾਰਿਸ਼ ਪੈਣ ਕਾਰਨ ਹਾਲੇ 1, 2 ਦਿਨ ਕਟਾਈ ਰੋਕਣੀ ਪਵੇਗੀ, ਉਥੇ ਮੰਡੀ 'ਚ ਮੱਕੀ ਦੀ ਫਸਲ ਲੈਕੇ ਆਏ ਕਿਸਾਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨ ਪੈ ਰਿਹਾ ਹੈ। ਦੇਰ ਰਾਤ ਮੀਂਹ ਤੋਂ ਬਚਾਉਣ ਲਈ ਫਸਲ ਨੂੰ ਤਰਪਾਲ ਨਾਲ ਢੱਕਣ ਦੇ ਬਾਵਜੂਦ ਕਈ ਕਿਸਾਨਾਂ ਦੀ ਫਸਲ ਬਾਰਿਸ਼ ਦੇ ਪਾਣੀ 'ਚ ਰੁੜ੍ਹ ਗਈ। ਜਿਸ ਕਾਰਨ ਪਹਿਲਾਂ ਹੀ ਮੱਕੀ ਦੇ ਰੇਟ ਦੀ ਮੰਦੀ ਝੇਲ ਰਹੇ ਕਿਸਾਨਾਂ ਨੂੰ ਹੋਰ ਆਰਥਿਕ ਨੁਕਸਾਨ ਹੋਵੇਗਾ। 
ਮੱਕੀ ਦੀ ਫਸਲ ਦੀ ਕੁਆਲਿਟੀ ਹੋਈ ਡਾਊਨ
ਬਾਰਿਸ਼ ਨਾਲ ਮੱਕੀ ਦੀ ਫਸਲ ਦੀ ਕੁਆਲਿਟੀ ਵੀ ਪ੍ਰਭਾਵਿਤ ਹੋਈ ਹੈ। ਪਹਿਲਾਂ ਜੋ ਮੱਕੀ 760 ਰੁਪਏ ਤਕ ਵਿਕ ਰਹੀ ਸੀ ਉਸ ਦਾ ਰੇਟ ਅੱਜ ਇਕ ਦਮ ਘੱਟ ਕੇ 660 ਤੋਂ 675 ਰੁਪਏ ਤਕ ਰਹਿ ਗਿਆ। ਮੱਕੀ ਦੀ ਫਸਲ ਖਰੀਦਣ ਵਾਲੀ ਮੁੱਖ ਕੰਪਨੀ ਗੋਦਰੇਜ ਮੁਤਾਬਿਕ ਜੇ ਕੁਆਲਿਟੀ ਇੰਝ ਹੀ ਜਾਰੀ ਰਹੀ ਤਾਂ ਰੇਟ ਹੋਰ ਵੀ ਘੱਟ ਸਕਦਾ ਹੈ।
ਮਜ਼ਦੂਰ ਵੀ ਹੋਏ ਪ੍ਰੇਸ਼ਾਨ 
ਪਹਿਲਾਂ ਦੇਰ ਰਾਤ ਤੇਜ਼ ਮੀਂਹ ਤੋਂ ਬਚਾਉਣ ਲਈ ਸੁਕਣ ਨੂੰ ਪਾਈ ਮੱਕੀ ਨੂੰ ਮਜ਼ਦੂਰਾਂ ਨੂੰ ਜਲਦੀ-ਜਲਦੀ ਇਕੱਠੀ ਕਰਨ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਥੇ ਸਵੇਰੇ ਬਾਰਿਸ਼ ਦੇ ਪਾਣੀ 'ਚ ਡੁੱਬੀ ਫਸਲ ਨੂੰ ਬਚਾਉਣ ਲਈ ਮਜ਼ਦੂਰ ਫੜ੍ਹਾਂ ਵਿਚੋਂ ਪਾਣੀ ਕੱਢਦੇ ਬਾਹਰ ਵਿਖਾਈ ਦਿੱਤੇ। ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਿਲਾ, ਜੀਤ ਸਵਾਲ ਨੇ ਦੱਸਿਆ ਬਾਰਿਸ਼ ਕਾਰਨ ਮਜ਼ਦੂਰਾਂ ਨੂੰ ਦੁਗਣੀ ਮਿਹਨਤ ਕਰਨੀ ਪੈ ਰਹੀ ਹੈ। 
ਕੀ ਕਹਿਣੈ ਕਿਸਾਨਾਂ ਦਾ?PunjabKesari
ਬਾਰਿਸ਼ ਕਾਰਨ ਮੱਕੀ ਦੀ ਫਸਲ ਦਾ ਰੇਟ ਘੱਟ ਹੋਣ ਕਾਰਨ ਕਿਸਾਨਾਂ 'ਚ ਮਾਯੂਸੀ ਛਾ ਗਈ। ਕਿਸਾਨ ਸੁਖਵਿੰਦਰ ਸਿੰਘ, ਬਲਦੇਵ ਸਿੰਘ ਮੰਗਾ, ਬਚਿਤਰ ਸਿੰਘ ਅਨੁਸਾਰ ਪਹਿਲਾਂ ਹੀ ਕਿਸਾਨ ਆਰਥਿਕ ਪੱਖੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਰਹੀ ਸਹੀ ਕਸਰ ਹੁਣ ਮੱਕੀ ਦੀ ਫਸਲ ਨੇ ਵੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਬਜ਼ੀਆਂ ਤੇ ਮੱਕੀ ਦੇ ਰੇਟ ਘੱਟ ਸੀ ਤੇ ਹੁਣ ਆਸਦੀ ਕਿਰਨ ਵਿਖਾਈ ਦੇ ਰਹੀ ਮੱਕੀ ਨੇ ਵੀ ਉਸ ਦੀਆਂ ਉਮੀਦਾਂ ਨੂੰ ਬਾਰਿਸ਼ 'ਚ ਧੋ ਦਿੱਤਾ ਹੈ। ਫਸਲਾਂ 'ਚ ਵਿਭਿੰਨਤਾ ਦਾ ਨਾਰਾ ਦੇ ਰਹੀ ਸਰਕਾਰ ਨੂੰ ਇਸ ਬਾਰੇ ਜ਼ਰੂਰ ਕੁਝ ਸੋਚਣਾ ਚਾਹੀਦਾ ਹੈ ਨਹੀਂ ਤਾਂ ਦੇਸ਼ ਦਾ ਅੰਨਦਾਤਾ ਕਿਸਾਨ ਹੋਰ ਕਮਜ਼ੋਰ ਹੋ ਜਾਵੇਗਾ।
ਥਾਂ-ਥਾਂ 'ਤੇ ਖੜ੍ਹਾ ਪਾਣੀ
ਬਾਰਿਸ਼ ਕਾਰਨ ਖੜ੍ਹੇ ਪਾਣੀ ਨੇ ਜਿਥੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਹਰੇਕ ਰਾਹਗੀਰ ਦੀਆਂ ਮੁਸੀਬਤਾਂ ਨੂੰ ਵਧਾਇਆ ਉਥੇ ਮੁੱਖ ਦਾਣਾ ਮੰਡੀ 'ਚ ਕਈ ਥਾਵਾਂ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਆਈ, ਉਥੇ ਕਈ ਆੜ੍ਹਤੀਆਂ ਨੂੰ ਵੀ ਦੁਕਾਨਾਂ ਦੇ ਅੱਗੇ ਪਾਣੀ ਖੜ੍ਹਾ ਹੋਣ ਕਾਰਨ ਦੁਕਾਨ 'ਚ ਜਾਣ 'ਚ ਮੁਸ਼ਕਲ ਆਈ।


Related News