ਸਵੀਟਸ ਸ਼ਾਪ ''ਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ

06/18/2018 1:20:45 AM

ਬੱਸੀ ਪਠਾਣਾਂ,   (ਰਾਜਕਮਲ)-  ਬੱਸੀ ਪਠਾਣਾਂ ਦੇ ਮੋਟੇ ਵਾਲੇ ਚੌਕ ਵਿਚ ਮੋਟਾ ਸਵੀਟਸ ਨਾਂ ਦੀ ਦੁਕਾਨ 'ਤੇ ਹੋਏ ਅਗਨੀਕਾਂਡ ਵਿਚ ਜਿੱਥੇ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਉਥੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ, ਜਿਸ ਦੀ ਸ਼ਹਿਰ ਵਿਚ ਖੂਬ ਚਰਚਾ ਹੈ। ਇਸ ਸਬੰਧੀ ਦੁਕਾਨ ਦੇ ਮਾਲਕ ਨਿਤਿਨ ਗੁਪਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਲਗਭਗ 11 ਵਜੇ ਦੇ ਕਰੀਬ ਦੁਕਾਨ ਬੰਦ ਕਰ ਕੇ ਗਏ ਸਨ ਕਿ ਰਾਤ ਦੋ ਵਜੇ ਦੇ ਕਰੀਬ ਨੌਕਰ ਨੇ ਜਾਣਕਾਰੀ ਦਿੱਤੀ ਕਿ ਦੁਕਾਨ ਵਿਚ ਅੱਗ ਲੱਗ ਗਈ ਹੈ ਜਦੋਂ ਉਹ ਦੁਕਾਨ 'ਤੇ ਪਹੁੰਚੇ ਤਾਂ ਉਨ੍ਹਾਂ ਵਲੋਂ ਦੁਕਾਨ ਦਾ ਸ਼ਟਰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼ਟਰ ਤਾਂ ਨਹੀਂ ਚੁੱਕਿਆ ਗਿਆ ਪਰ ਉਨ੍ਹਾਂ ਦੇਖਿਆ ਕਿ ਦੁਕਾਨ ਦੇ ਅੰਦਰ ਲੱਗੀ ਅੱਗ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਰਹੀ ਹੈ ਤਾਂ ਤੁਰੰਤ ਉਨ੍ਹਾਂ ਜਿੱਥੇ ਮੁਹੱਲਾ ਵਾਸੀਆਂ ਨੂੰ ਮੱਦਦ ਲਈ ਆਵਾਜ਼ ਦਿੱਤੀ, ਉਥੇ ਨੇੜੇ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾਈਆਂ, ਜਿਨ੍ਹਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਕਰੀਬ 3 ਘੰਟਿਆਂ ਦੇ ਯਤਨਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਦੋਂ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨ ਵਿਚ ਮੌਜੂਦ 10 ਵੱਡੇ ਫਰਿੱਜ, 3 ਏ. ਸੀ., ਕੈਸ਼ ਕਾਊਂਟਰ, ਪੱਖੇ ਅਤੇ ਫਰਿੱਜਾਂ ਵਿਚ ਮੌਜੂਦ ਕੋਲਡ ਡਰਿੰਕਸ, ਫਰਨੀਚਰ, ਮਠਿਆਈਆਂ ਅਤੇ ਦੁਕਾਨ ਦੀ ਪੂਰੀ ਫਿਟਿੰਗ ਸੜ ਕੇ ਸੁਆਹ ਹੋ ਚੁੱਕੀ ਸੀ, ਜਿਨ੍ਹਾਂ ਦੀ ਕੀਮਤ ਕਰੀਬ 25 ਤੋਂ 30 ਲੱਖ ਦੇ ਕਰੀਬ ਬਣਦੀ ਹੈ। ਨਿਤਿਨ ਨੇ ਦੱਸਿਆ ਕਿ ਅੱਗ ਲੱਗਣ ਦਾ ਕੀ ਕਾਰਨ ਹੈ ਉਸ ਸਬੰਧੀ ਤਾਂ ਉਹ ਕੁੱਝ ਵੀ ਨਹੀਂ ਆਖ ਸਕਦੇ ਪਰ ਉਹ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਏ ਹਨ ਅਤੇ ਮੌਜੂਦਾ ਸਮੇਂ ਵਿਚ ਉਹ ਜਿੱਥੇ ਬੇਰੋਜ਼ਗਾਰ ਹੋ ਗਏ ਹਨ, ਉਥੇ ਉਹ ਲੱਖਾਂ ਦੇ ਕਰਜ਼ੇ ਹੇਠਾਂ ਵੀ ਦੱਬ ਗਏ ਹਨ।
ਜੇਕਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਹੋ ਸਕਦਾ ਸੀ ਵੱਡਾ ਹਾਦਸਾ
ਜੇਕਰ ਸਮਾਂ ਰਹਿੰਦੇ ਨੌਕਰ ਵਲੋਂ ਮਾਲਕਾਂ ਨੂੰ ਜਾਣਕਾਰੀ ਨਾ ਦਿੱਤੀ ਜਾਂਦੀ ਅਤੇ ਮੁਹੱਲਾ ਵਾਸੀ ਮੱਦਦ ਲਈ ਅੱਗੇ ਨਾ ਆਉਂਦੇ ਤਾਂ ਦੁਕਾਨ ਵਿਚ ਪਏ 7 ਗੈਸ ਸਿਲੰਡਰਾਂ ਨਾਲ ਵੀ ਇਕ ਖਤਰਨਾਕ ਹਾਦਸਾ ਵਾਪਰ ਸਕਦਾ ਸੀ ਅਤੇ ਦੁਕਾਨ ਦੇ ਨੇੜੇ ਰਹਿਣ ਵਾਲੇ ਮੁਹੱਲਾ ਵਾਸੀਆਂ ਦੀ ਜਿੱਥੇ ਜਾਨ ਤੱਕ ਜਾ ਸਕਦੀ ਸੀ, ਉਥੇ ਸਵੀਟਸ ਸ਼ਾਪ ਦੇ ਨਾਲ ਲੱਗਦੀ ਦੁਕਾਨ ਵੀ ਨੁਕਸਾਨੀ ਜਾ ਸਕਦੀ ਸੀ।


Related News