''ਪੰਜਾਬ ਕੇਸਰੀ'' ਦਾ 54ਵੇਂ ਸਾਲ ''ਚ ਦਾਖਲਾ ''ਪਾਠਕਾਂ ਦਾ ਦਿਲੋਂ ਧੰਨਵਾਦ''

06/13/2018 1:33:57 AM

'ਪੰਜਾਬ ਕੇਸਰੀ' ਦਾ ਜਨਮ 13 ਜੂਨ 1965 ਨੂੰ ਹੋਇਆ। ਅੱਜ ਜਦੋਂ ਇਹ ਅੰਕ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ, ਅਸੀਂ ਆਪਣੇ 54ਵੇਂ ਸਾਲ ਵਿਚ ਦਾਖਲ ਹੋ ਰਹੇ ਹਾਂ ਅਤੇ ਮੇਰੇ ਮਨ ਵਿਚ ਅਤੀਤ ਦੀਆਂ ਅਨੇਕ ਯਾਦਾਂ ਤਾਜ਼ਾ ਹੋ ਰਹੀਆਂ ਹਨ।
ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ 4 ਮਈ 1948 ਨੂੰ ਉਰਦੂ ਰੋਜ਼ਾਨਾ 'ਹਿੰਦ ਸਮਾਚਾਰ' ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਉਸ ਸਮੇਂ ਉਰਦੂ ਦੇ ਸਮਾਚਾਰ ਪੱਤਰ ਵਧੇਰੇ ਲੋਕਪ੍ਰਿਯ ਸਨ ਕਿਉਂਕਿ ਸਮੇਂ ਦੇ ਨਾਲ ਹਿੰਦੀ ਦਾ ਪਾਠਕ ਵਰਗ ਵਧ ਰਿਹਾ ਸੀ ਅਤੇ ਉਰਦੂ ਸਮਾਚਾਰ ਪੱਤਰਾਂ ਦੀ ਪ੍ਰਸਾਰ ਗਿਣਤੀ ਸਥਿਰ ਹੁੰਦੀ ਜਾ ਰਹੀ ਸੀ, ਇਸ ਲਈ ਉਰਦੂ 'ਪ੍ਰਤਾਪ' ਦੇ ਵੀਰੇਂਦਰ ਜੀ ਨੇ ਹਿੰਦੀ ਵਿਚ 'ਵੀਰ ਪ੍ਰਤਾਪ' ਅਤੇ Àੁਰਦੂ 'ਮਿਲਾਪ' ਦੇ ਯਸ਼ ਜੀ ਨੇ 'ਹਿੰਦੀ ਮਿਲਾਪ' ਦਾ ਪ੍ਰਕਾਸ਼ਨ ਸ਼ੁਰੂ ਕਰ ਦਿੱਤਾ। ਇਸ ਲਈ ਪੂਜਨੀਕ ਪਿਤਾ ਜੀ ਨੇ ਵੀ ਹਿੰਦੀ ਰੋਜ਼ਾਨਾ ਦੇ ਪ੍ਰਕਾਸ਼ਨ ਦਾ ਫੈਸਲਾ ਕਰ ਲਿਆ।
ਹਾਲਾਂਕਿ ਸਾਡੇ ਕੋਲ ਉਸ ਸਮੇਂ ਜਗ੍ਹਾ, ਮਸ਼ੀਨਰੀ ਅਤੇ ਸਾਧਨਾਂ ਦੀ ਕੁਝ ਘਾਟ ਜ਼ਰੂਰ ਸੀ ਪਰ ਪਿਤਾ ਜੀ ਦੇ ਜ਼ੋਰ ਦੇਣ 'ਤੇ ਅਖੀਰ 13 ਜੂਨ 1965 ਨੂੰ ਨਿਰਪੱਖ ਪੱਤਰਕਾਰਿਤਾ ਦੇ ਸੰਕਲਪ ਨਾਲ 'ਪੰਜਾਬ ਕੇਸਰੀ' ਹਿੰਦੀ  ਦਾ ਪ੍ਰਕਾਸ਼ਨ ਸ਼ੁਰੂ ਕਰ ਦਿੱਤਾ ਗਿਆ। 
ਇਸ ਦੇ ਕੁਝ ਹੀ ਸਮੇਂ ਬਾਅਦ ਪਾਕਿਸਤਾਨ ਨਾਲ ਜੰਗ ਛਿੜ ਗਈ। ਉਨ੍ਹੀਂ ਦਿਨੀਂ ਪਿਤਾ ਜੀ ਰਾਜ ਸਭਾ ਦੇ ਆਜ਼ਾਦ ਮੈਂਬਰ ਸਨ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਸਵਰਗੀ ਲਾਲ ਬਹਾਦੁਰ ਸ਼ਾਸਤਰੀ ਨੇ ਪਿਤਾ ਜੀ ਦੀ ਸਰਹੱਦ ਦਾ ਦੌਰਾ ਕਰਨ ਦੀ ਡਿਊਟੀ ਲਗਾ ਦਿੱਤੀ।
ਇਸ ਤੋਂ ਬਾਅਦ ਅਸੀਂ ਦੋਵੇਂ ਭਰਾ ਮੈਂ ਤੇ ਰਮੇਸ਼ ਚੰਦਰ ਜੀ ਵਾਰੀ-ਵਾਰੀ ਉਨ੍ਹਾਂ ਦੇ ਨਾਲ ਯੁੱਧ ਭੂਮੀ ਵਿਚ ਜਾ ਕੇ ਉਥੋਂ ਫੋਟੋਆਂ ਖਿੱਚ ਕੇ ਲਿਆਉਂਦੇ। ਇਸ ਦੌਰਾਨ ਕਦੇ-ਕਦੇ ਸਾਨੂੰ ਬੰਕਰਾਂ ਵਿਚ ਵੀ ਲੁਕਣਾ ਪਿਆ।
ਸਰਹੱਦੀ ਇਲਾਕਿਆਂ ਦੀਆਂ ਦਿਹਾਤੀ ਔਰਤਾਂ ਫੌਜੀ ਭਰਾਵਾਂ ਲਈ ਸਿਰ 'ਤੇ ਖਾਣ-ਪੀਣ ਦਾ ਸਾਮਾਨ ਲੈ ਕੇ ਜਾਂਦੀਆਂ ਨਜ਼ਰ ਆਉਂਦੀਆਂ ਅਤੇ ਨਾਈ ਜਾ ਕੇ ਫੌਜੀ ਭਰਾਵਾਂ ਦੀ ਹਜਾਮਤ ਕਰਦੇ ਹੁੰਦੇ ਸਨ। ਹੋਰ ਲੋਕ ਵੀ ਫੌਜੀ ਭਰਾਵਾਂ ਲਈ ਕੋਈ ਨਾ ਕੋਈ ਸਾਮਾਨ ਲੈ ਕੇ ਜਾਂਦੇ ਅਕਸਰ ਦਿਖਾਈ ਦੇ ਜਾਂਦੇ।
ਪਿਤਾ ਜੀ ਜੰਗ ਦੇ ਖੇਤਰ ਦੇ ਹਾਲਾਤ ਲਿਖਦੇ ਅਤੇ ਸਾਡੇ ਖਿੱਚੇ ਹੋਏ ਚਿੱਤਰ 'ਹਿੰਦ ਸਮਾਚਾਰ' ਅਤੇ 'ਪੰਜਾਬ ਕੇਸਰੀ' ਵਿਚ ਮੁੱਖ ਸਫੇ 'ਤੇ ਪ੍ਰਕਾਸ਼ਤ ਕੀਤੇ ਜਾਂਦੇ। ਇਹ 'ਪੰਜਾਬ ਕੇਸਰੀ' ਦੀ ਸ਼ੁਰੂਆਤ ਸੀ ਜਿਸ ਦੀ ਸਫਲਤਾ ਨੇ ਸਾਨੂੰ ਕਾਫੀ ਹੌਸਲਾ ਦਿੱਤਾ। ਉਸ ਸਮੇਂ ਇਸ ਦੇ 8-10 ਸਫੇ ਹੁੰਦੇ ਸਨ ਅਤੇ ਕੀਮਤ 15 ਪੈਸੇ ਸੀ।
ਹੌਲੀ-ਹੌਲੀ 'ਪੰਜਾਬ ਕੇਸਰੀ' ਪਾਠਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਂਦਾ ਚਲਾ ਗਿਆ ਪਰ ਕਿਉਂਕਿ ਪੂਜਨੀਕ ਪਿਤਾ ਜੀ 1954 ਵਿਚ ਕਾਂਗਰਸ ਛੱਡ ਚੁੱਕੇ ਸਨ ਅਤੇ ਅਖਬਾਰ ਨਿਰਪੱਖ ਸੀ। ਅਜਿਹੇ ਵਿਚ ਉਸ ਦੌਰ ਦੀ ਲਗਭਗ ਹਰ ਸਰਕਾਰ ਨੇ 'ਹਿੰਦ ਸਮਾਚਾਰ' ਅਤੇ 'ਪੰਜਾਬ ਕੇਸਰੀ' ਵਲੋਂ ਆਲੋਚਨਾ ਕਰਨ 'ਤੇ ਇਨ੍ਹਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਇਆ।
1974 ਵਿਚ ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਉਨ੍ਹਾਂ ਨੇ ਹਿੰਦ ਸਮਾਚਾਰ' ਅਤੇ 'ਪੰਜਾਬ ਕੇਸਰੀ' ਦੀ ਨਿਰਪੱਖ ਆਵਾਜ਼ ਦਬਾਉਣ ਲਈ ਪਹਿਲਾਂ ਤਾਂ ਦੋਵਾਂ ਅਖਬਾਰਾਂ ਦੇ ਇਸ਼ਤਿਹਾਰ ਬੰਦ ਕੀਤੇ ਅਤੇ ਬਾਅਦ ਵਿਚ ਬਿਜਲੀ ਕੱਟ ਦਿੱਤੀ ਜਿਸ ਕਾਰਨ ਸਾਨੂੰ ਆਪਣੇ ਦੋਵੇਂ ਅਖਬਾਰ ਟਰੈਕਟਰ ਦੀ ਸਹਾਇਤਾ ਨਾਲ ਛਾਪਣੇ ਪਏ।
ਹਰਿਆਣਾ ਦੀ ਤੱਤਕਾਲੀ ਚੌ. ਬੰਸੀ ਲਾਲ ਅਤੇ ਜੰਮੂ-ਕਸ਼ਮੀਰ ਦੀ ਸ਼ੇਖ ਅਬਦੁੱਲਾ ਸਰਕਾਰਾਂ ਨੇ ਵੀ ਸਾਡੀ ਨਿਰਪੱਖ ਆਵਾਜ਼ ਦਬਾਉਣ ਲਈ ਸਾਡੇ 'ਤੇ ਬੈਨ ਲਗਾਇਆ ਪਰ ਇਸ ਕਦਮ ਨਾਲ 'ਹਿੰਦ ਸਮਾਚਾਰ' ਅਤੇ 'ਪੰਜਾਬ ਕੇਸਰੀ' ਦੋਵੇਂ ਸੂਬਿਆਂ ਵਿਚ ਹੋਰ ਵੀ ਲੋਕਪ੍ਰਿਯ ਹੋਏ ਅਤੇ ਸੁਪਰੀਮ ਕੋਰਟ ਦੇ ਹੁਕਮ 'ਤੇ ਸਰਕਾਰ ਨੂੰ ਕੁਝ ਦਿਨਾਂ ਵਿਚ ਹੀ ਪਾਬੰਦੀ ਹਟਾਉਣੀ ਪਈ।
ਆਪਣੀ ਇਸ ਸੰਘਰਸ਼ ਯਾਤਰਾ ਦੌਰਾਨ 'ਹਿੰਦ ਸਮਾਚਾਰ' ਗਰੁੱਪ ਨੇ ਅੱਤਵਾਦ ਦੇ ਵਿਰੁੱਧ ਵੀ ਲੜਾਈ ਲੜੀ ਅਤੇ ਆਪਣੇ 2 ਮੁੱਖ ਸੰਪਾਦਕਾਂ ਪੂਜਨੀਕ ਪਿਤਾ ਲਾਲ ਜਗਤ ਨਾਰਾਇਣ ਅਤੇ ਸ਼੍ਰੀ ਰਮੇਸ਼ ਚੰਦਰ, 2 ਸਮਾਚਾਰ ਸੰਪਾਦਕਾਂ ਅਤੇ ਉਪ ਸੰਪਾਦਕਾਂ ਦੇ ਇਲਾਵਾ 69 ਹੋਰ ਰਿਪੋਰਟਰਾਂ, ਫੋਟੋਗ੍ਰਾਫਰਾਂ, ਡਰਾਈਵਰਾਂ, ਏਜੰਟਾਂ ਅਤੇ ਹਾਕਰਾਂ ਨੂੰ ਗੁਆਇਆ।
ਇਸ ਤਰ੍ਹਾਂ ਦੇ ਮੁਸ਼ਕਲ ਦੌਰ ਵਿਚੋਂ ਲੰਘਦੇ ਹੋਏ, 'ਪੰਜਾਬ ਕੇਸਰੀ' ਦੀ ਪ੍ਰਸਾਰ ਗਿਣਤੀ ਏ. ਬੀ. ਸੀ. ਦੇ ਅੰਕੜਿਆਂ ਅਨੁਸਾਰ  ਅੱਜ 7,43,283 ਕਾਪੀਆਂ ਤਕ ਪਹੁੰਚ ਗਈ ਹੈ ਅਤੇ ਹੁਣ ਇਹ ਜਲੰਧਰ ਦੇ ਇਲਾਵਾ 9 ਹੋਰ ਕੇਂਦਰਾਂ ਤੋਂ ਪ੍ਰਕਾਸ਼ਤ ਹੋ ਰਿਹਾ ਹੈ।
ਅੱਜ ਪੂਜਨੀਕ ਪਿਤਾ ਜੀ ਅਤੇ ਰਮੇਸ਼ ਜੀ ਸਾਡੇ ਵਿਚਾਲੇ ਨਹੀਂ ਹਨ ਪਰ ਲਾਲਾ ਜੀ ਦੇ ਪੋਤਿਆਂ ਨੇ ਕੰਮ ਚੰਗੀ ਤਰ੍ਹਾਂ ਸੰਭਾਲਿਆ ਹੈ ਅਤੇ ਦਿੱਲੀ ਤੋਂ 'ਨਵੋਦਯਾ ਟਾਈਮਜ਼' ਦਾ ਪ੍ਰਕਾਸ਼ਨ ਵੀ ਸ਼ੁਰੂ ਕੀਤਾ ਹੋਇਆ ਹੈ ਜਿਸ ਦੀ ਪ੍ਰਸਾਰ ਗਿਣਤੀ ਏ. ਬੀ. ਸੀ. ਦੇ ਅਨੁਸਾਰ 1.34 ਲੱਖ ਕਾਪੀਆਂ ਰੋਜ਼ਾਨਾ ਹੈ। ਅੱਜ ਨਵੋਦਯਾ  ਟਾਈਮਜ਼ ਸਮੇਤ ਹਿੰਦ ਸਮਾਚਾਰ, ਪੰਜਾਬ ਕੇਸਰੀ ਅਤੇ ਜਗ ਬਾਣੀ ਦੀ ਸੰਯੁਕਤ ਪ੍ਰਕਾਸ਼ਨ ਗਿਣਤੀ 12 ਲੱਖ 4 ਹਜ਼ਾਰ ਕਾਪੀਆਂ ਹਨ ਅਤੇ ਗਰੁੱਪ ਦੇ ਇਕ ਕਰੋੜ 64 ਲੱਖ ਤੋਂ ਵੱਧ ਪਾਠਕ ਹਨ। ਇਹੀ ਨਹੀਂ :
* 'ਪੰਜਾਬ ਕੇਸਰੀ ਗਰੁੱਪ' ਵਲੋਂ ਆਪਣੇ ਪਾਠਕਾਂ ਦੇ ਸਹਿਯੋਗ ਨਾਲ ਅੱਤਵਾਦ ਪੀੜਤ ਪਰਿਵਾਰਾਂ ਲਈ ਚਲਾਏ ਜਾ ਰਹੇ 'ਸ਼ਹੀਦ ਪਰਿਵਾਰ ਫੰਡ' ਦੇ ਅਧੀਨ ਹੁਣ ਤਕ 13 ਕਰੋੜ 43 ਲੱਖ ਰੁਪਏ ਦੀ ਸਹਾਇਤਾ 9624 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡੀ ਜਾ ਚੁੱਕੀ ਹੈ।
* ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਦੇ ਜ਼ਰੂਰਤਮੰਦ ਲੋਕਾਂ ਲਈ ਪਾਠਕਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਦੇ 475 ਟਰੱਕ ਵੰਡੇ ਜਾ ਚੁੱਕੇ ਹਨ।
* ਵੱਖ-ਵੱਖ ਰਾਹਤ ਫੰਡਾਂ ਅਧੀਨ 61 ਕਰੋੜ ਰੁਪਏ ਤੋਂ ਵੱਧ ਧਨ ਰਾਸ਼ੀ ਪ੍ਰਧਾਨ ਮੰਤਰੀ ਰਾਹਤ ਫੰਡ ਅਤੇ ਹੋਰਨਾਂ ਰਾਹਤ ਫੰਡਾਂ ਵਿਚ ਦਿੱਤੀ ਗਈ ਹੈ।
ਸਾਡੀਆਂ ਇਨ੍ਹਾਂ ਉਪਲਬਧੀਆਂ ਲਈ ਅਸਲੀ ਸਿਹਰੇ ਦੇ ਪਾਤਰ ਤਾਂ ਪਾਠਕ ਹੀ ਹਨ ਜਿਸ ਦੇ ਲਈ ਅਸੀਂ ਪਾਠਕਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਇਸੇ ਤਰ੍ਹਾਂ ਨਿਰਪੱਖ ਪੱਤਰਕਾਰਿਤਾ, ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਸੰਕਲਪ ਲੈਂਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਡੇ ਇਸ ਯਤਨ ਵਿਚ ਪਾਠਕਾਂ ਦਾ ਸਹਿਯੋਗ ਬਣਿਆ ਰਹੇਗਾ।           
-ਵਿਜੇ ਕੁਮਾਰ


Vijay Kumar Chopra

Chief Editor

Related News