ਵਿਵਾਦਪੂਰਨ ਬਿਆਨ ਦੇ ਕੇ ਕੁਝ ਭਾਜਪਾ ਨੇਤਾ ਵਿਗਾੜ ਰਹੇ ਮਾਹੌਲ

06/07/2018 12:58:03 AM

ਅੱਜ ਇਕ ਪਾਸੇ ਦੇਸ਼ 'ਚ ਲਾ-ਕਾਨੂੰਨੀ, ਅਪਰਾਧਾਂ, ਦੰਗਿਆਂ ਆਦਿ ਕਾਰਨ ਮਾਹੌਲ ਅਸ਼ਾਂਤ ਹੋ ਰਿਹਾ ਹੈ ਤਾਂ ਦੂਜੇ ਪਾਸੇ ਸਮਾਜ ਦੇ ਰਾਹ-ਦਸੇਰੇ ਕਹੇ ਜਾਣ ਵਾਲੇ ਸਾਡੇ ਜਨ-ਪ੍ਰਤੀਨਿਧੀ ਬਿਨਾਂ ਸੋਚੇ-ਵਿਚਾਰੇ ਵਿਵਾਦਪੂਰਨ  ਬਿਆਨ ਦੇ ਕੇ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ। ਸਿਰਫ ਪਿਛਲੇ 10 ਦਿਨਾਂ 'ਚ ਭਾਜਪਾ ਨੇਤਾਵਾਂ ਦੇ 3 ਅਜਿਹੇ ਬਿਆਨ ਆਏ ਹਨ, ਜਿਨ੍ਹਾਂ ਕਾਰਨ ਬੇਲੋੜੇ ਵਿਵਾਦ ਪੈਦਾ ਹੋ ਰਹੇ ਹਨ :
* 27 ਮਈ ਨੂੰ ਰਾਜਸਥਾਨ ਦੇ ਅਲਵਰ ਤੋਂ ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਅਜੀਬੋ-ਗਰੀਬ ਬਿਆਨ ਦਿੰਦਿਆਂ ਦਾਅਵਾ ਕੀਤਾ ਕਿ ''ਭਗਵਾਨ ਹਨੂਮਾਨ ਦੁਨੀਆ ਦੇ ਪਹਿਲੇ ਆਦੀਵਾਸੀ ਸਨ। ਦੇਸ਼ ਦੇ ਆਦੀਵਾਸੀ ਇਨ੍ਹਾਂ ਦੀ ਬਹੁਤ ਸਨਮਾਨ ਨਾਲ ਪੂਜਾ ਕਰਦੇ ਹਨ ਕਿਉਂਕਿ ਇਨ੍ਹਾਂ ਨੇ ਆਦੀਵਾਸੀਆਂ ਨੂੰ ਇਕੱਠ ਕਰ ਕੇ ਇਕ ਸੈਨਾ ਬਣਾਈ ਸੀ, ਜਿਸ ਨੂੰ ਭਗਵਾਨ ਰਾਮ ਨੇ ਖੁਦ ਸਿੱਖਿਅਤ ਕੀਤਾ ਤੇ ਯੁੱਧ ਦੀ ਕਲਾ ਸਿਖਾਈ।''
* 30-31 ਮਈ ਨੂੰ ਯੂ. ਪੀ. ਦੇ ਉਪ-ਮੁੱਖ ਮੰਤਰੀ ਦਿਨੇਸ਼ ਸ਼ਰਮਾ ਲਖਨਊ 'ਚ ਇਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਸੀਤਾ ਜੀ ਦੇ ਜਨਮ ਨੂੰ 'ਟੈਸਟ ਟਿਊਬ ਤਕਨੀਕ' ਨਾਲ ਜੋੜ ਕੇ ਵਿਵਾਦਾਂ 'ਚ ਘਿਰ ਗਏ।
ਉਨ੍ਹਾਂ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ''ਰਾਜਾ ਜਨਕ ਨੇ ਹਲ ਚਲਾਇਆ, ਜੋ ਇਕ ਘੜੇ ਨਾਲ ਟਕਰਾਇਆ। ਘੜੇ 'ਚੋਂ ਇਕ ਬੱਚੀ ਨਿਕਲੀ ਤੇ ਉਹੀ ਬੱਚੀ ਸੀਤਾ ਜੀ ਬਣੀ। ਇਹ ਤਕਨੀਕ ਅੱਜ ਦੀ ਟੈਸਟ ਟਿਊਬ ਬੇਬੀ ਤਕਨੀਕ ਵਰਗੀ ਹੀ ਰਹੀ ਹੋਵੇਗੀ ਤੇ ਜ਼ਰੂਰ ਉਦੋਂ ਵੀ ਟੈਸਟ ਟਿਊਬ ਬੇਬੀ ਵਰਗਾ ਕੋਈ ਪ੍ਰਾਜੈਕਟ ਚੱਲ ਰਿਹਾ ਹੋਵੇਗਾ।''
ਯੂ. ਪੀ. ਦੇ ਭਾਜਪਾ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਤਾਂ ਸ਼ਰਮਾ ਦੇ ਉਕਤ ਬਿਆਨ ਦਾ ਸਮਰਥਨ ਕੀਤਾ ਹੈ ਪਰ ਹੋਰਨਾਂ ਲੋਕਾਂ ਨੇ ਇਸ ਦੀ ਆਲੋਚਨਾ ਹੀ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਹਦਾਇਤ 'ਤੇ ਸ਼ਰਮਾ ਨਾਲ ਫੋਨ 'ਤੇ ਗੱਲ ਕਰ ਕੇ ਉਨ੍ਹਾਂ ਦੇ ਬਿਆਨ 'ਤੇ ਸਖਤ ਇਤਰਾਜ਼ ਵੀ ਪ੍ਰਗਟਾਇਆ ਹੈ।
ਇਸੇ ਤਰ੍ਹਾਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ਹੈ ਕਿ ''ਸਤਿਕਾਰਯੋਗ ਭਾਜਪਾਈਓ, ਸੀਤਾ ਮਾਤਾ ਨੂੰ ਤਾਂ ਆਪਣੀ ਸਿਆਸਤ ਦਾ ਸ਼ਿਕਾਰ ਨਾ ਬਣਾਓ। ਪਹਿਲਾਂ ਤਾਂ ਸੰਸਦ 'ਚ ਸੀਤਾ ਮਾਤਾ ਦੀ ਹੋਂਦ ਨਕਾਰ ਰਹੇ ਸੀ ਤੇ ਹੁਣ ਝੂਠੀ ਰਮਾਇਣ ਪੜ੍ਹਾ ਰਹੇ ਹੋ। ਇਹ ਦੇਸ਼ਵਾਸੀਆਂ ਦੀ ਆਸਥਾ ਦਾ ਮਜ਼ਾਕ ਹੈ।''
* ਉਕਤ ਦੋਹਾਂ ਬਿਆਨਾਂ ਤੋਂ ਇਲਾਵਾ 30 ਮਈ ਨੂੰ ਹੀ ਰਾਜਸਥਾਨ 'ਚ ਬਿਲਾਰਾ ਦੇ ਭਾਜਪਾ ਵਿਧਾਇਕ ਅਰਜੁਨ ਲਾਲ ਗਰਗ ਦਾ ਇਕ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਛੱਡ ਕੇ ਇਸ ਦੀ ਥਾਂ ਸੋਨੇ ਦੀ ਸਮੱਗਲਿੰਗ ਕਰਨ ਦੀ ਸਲਾਹ ਦੇ ਦਿੱਤੀ ਹੈ।
ਇਸ ਵੀਡੀਓ 'ਚ ਗਰਗ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ''ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ 'ਚ ਫੜੇ ਜਾਣ ਦੀ ਬਜਾਏ ਸੋਨੇ ਦੀ ਸਮੱਗਲਿੰਗ ਕਰਦਿਆਂ ਫੜੇ ਜਾਣ ਦੀ ਸਥਿਤੀ 'ਚ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਨਿਕਲਣਾ ਸੌਖਾ ਹੈ। ਇਹੋ ਨਹੀਂ, ਸੋਨੇ ਦੀ ਸਮੱਗਲਿੰਗ 'ਚ ਗ੍ਰਿਫਤਾਰ ਹੋਣਾ ਮਾਣ ਵਾਲੀ ਗੱਲ ਹੋਵੇਗੀ।''
'ਦੇਵਾਸੀ' ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਜੋਧਪੁਰ ਜੇਲ 'ਚ ਨਸ਼ੇ ਵਾਲੀਆਂ ਦਵਾਈਆਂ ਵਿਰੁੱਧ ਬਣੇ ਕਾਨੂੰਨ (ਐੱਨ. ਡੀ. ਪੀ. ਐੱਸ.) ਦੇ ਤਹਿਤ ਬੰਦ ਲੋਕਾਂ 'ਚ ਵੱਡੀ ਗਿਣਤੀ 'ਦੇਵਾਸੀਆਂ' ਦੀ ਹੈ।
ਗਰਗ ਨੇ ਕਿਹਾ ''ਦੇਵਾਸੀ ਭਾਈਚਾਰੇ ਨੇ ਨਸ਼ੇ ਵਾਲੇ ਪਦਾਰਥਾਂ ਦੇ ਕਾਰੋਬਾਰ 'ਚ ਹੋਰਨਾਂ ਭਾਈਚਾਰਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਜੇ ਤੁਸੀਂ ਸੱਚਮੁੱਚ ਕੋਈ ਨਾਜਾਇਜ਼ ਧੰਦਾ ਕਰਨਾ ਚਾਹੁੰਦੇ ਹੋ ਤਾਂ ਸੋਨੇ ਦੀ ਸਮੱਗਲਿੰਗ ਕਰੋ। ਦੋਹਾਂ ਦੀਆਂ ਕੀਮਤਾਂ ਇਕੋ ਜਿਹੀਆਂ ਹਨ ਪਰ ਨਸ਼ਿਆਂ ਦੇ ਧੰਦੇ ਦੇ ਮੁਕਾਬਲੇ ਸੋਨੇ ਦਾ ਧੰਦਾ ਕਰਨਾ ਸੁਰੱਖਿਅਤ ਹੈ।''
ਦੱਸਿਆ ਜਾਂਦਾ ਹੈ ਕਿ ਇਹ ਵੀਡੀਓ 7 ਮਈ ਨੂੰ ਬਿਲਾਰਾ ਦੇ ਜਯੰਤਾ ਵਾਸ ਪਿੰਡ ਦੇ ਇਕ ਮੰਦਿਰ 'ਚ ਆਯੋਜਿਤ ਸਮਾਗਮ ਦੌਰਾਨ ਰਿਕਾਰਡ ਕੀਤਾ ਗਿਆ ਸੀ।
ਦੇਵਾਸੀ ਭਾਈਚਾਰੇ ਦੇ ਮੈਂਬਰਾਂ ਨੇ ਇਸ 'ਤੇ ਹੈਰਾਨੀ ਪ੍ਰਗਟਾਈ  ਹੈ ਅਤੇ ਰਾਇਕਾ ਮਹਾਸਭਾ ਦੇ ਜ਼ਿਲਾ ਸਕੱਤਰ ਸੁਖਦੇਵ ਦੇਵਾਸੀ ਨੇ ਇਸ 'ਤੇ ਕਿਹਾ ਹੈ ਕਿ ''ਮੈਂ ਇਹ ਗੱਲ ਨਹੀਂ ਮੰਨ ਸਕਦਾ ਕਿ ਜੋਧਪੁਰ ਜੇਲ 'ਚ ਬੰਦ ਕੈਦੀਆਂ ਵਿਚ ਵੱਡੀ ਗਿਣਤੀ ਦੇਵਾਸੀਆਂ ਦੀ ਹੈ ਅਤੇ ਸਮੱਗਲਿੰਗ ਚਾਹੇ ਕਿਸੇ ਵੀ ਚੀਜ਼ ਦੀ ਹੋਵੇ, ਇਹ ਇਕ ਅਪਰਾਧ ਹੈ।''
ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਪਾਰਟੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਬਿਨਾਂ ਸੋਚੇ ਸਮਝੇ ਬਿਆਨ ਜਾਰੀ ਨਾ ਕਰਨ ਦੀ ਨਸੀਹਤ ਦਿੱਤੀ ਸੀ ਅਤੇ ਇਸ ਸਾਲ 22 ਅਪ੍ਰੈਲ ਨੂੰ ਵੀ ਉਨ੍ਹਾਂ ਨੇ ਇਹੋ ਨਸੀਹਤ ਦੁਹਰਾਈ ਪਰ ਲੱਗਦਾ ਹੈ ਕਿ ਭਾਜਪਾ ਆਗੂਆਂ 'ਤੇ ਉਨ੍ਹਾਂ ਦੀ ਨਸੀਹਤ ਦਾ ਕੋਈ ਅਸਰ ਨਹੀਂ ਹੋਇਆ।
ਅਜਿਹੇ ਬੜਬੋਲੇ ਆਗੂ ਲਗਾਤਾਰ ਵਿਵਾਦਪੂਰਨ ਬਿਆਨ ਦੇ ਕੇ ਪਾਰਟੀ ਲਈ ਦੁਚਿੱਤੀ ਵਾਲੀ ਸਥਿਤੀ ਪੈਦਾ ਕਰ ਰਹੇ ਹਨ ਅਤੇ ਇਸ ਦਾ ਅਕਸ ਧੁੰਦਲਾ ਕਰ ਰਹੇ ਹਨ।                  
                                                                    —ਵਿਜੇ ਕੁਮਾਰ


Related News