ਰਾਜਸਥਾਨ ਵਿਰੁੱਧ ਜਿੱਤ ਦੀ ਲੈਅ ਜਾਰੀ ਰੱਖਣਾ ਚਾਹੇਗੀ ਮੁੰਬਈ

04/22/2018 4:15:00 AM

ਜੈਪੁਰ— ਜਿੱਤ ਦੀ ਲੈਅ ਹਾਸਲ ਕਰਨ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਟੀਮ ਇਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਮੇਜ਼ਬਾਨ ਰਾਜਸਥਾਨ ਰਾਇਲਜ਼ ਵਿਰੁੱਧ ਮੁਕਾਬਲੇ ਵਿਚ ਵੀ ਇਸ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। 3 ਵਾਰ ਦੀ ਚੈਂਪੀਅਨ ਮੁੰਬਈ ਦੀ ਸ਼ੁਰੂਆਤ ਇਸ ਸੈਸ਼ਨ ਵਿਚ ਕਾਫੀ ਖਰਾਬ ਰਹੀ ਤੇ ਉਸ ਨੂੰ ਲਗਾਤਾਰ ਤਿੰਨ ਮੈਚਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਪਰ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਕਪਤਾਨ ਰੋਹਿਤ ਸ਼ਰਮਾ ਨੇ 94 ਦੌੜਾਂ ਦੀ ਹਮਲਾਵਰ ਪਾਰੀ ਖੇਡੀ, ਜਿਸ ਨਾਲ ਟੀਮ 46 ਦੌੜਾਂ ਦੀ ਜਿੱਤ ਦਰਜ ਕਰਨ 'ਚ ਸਫਲ ਰਹੀ।
ਇਸ ਜਿੱਤ ਨਾਲ ਖਿਡਾਰੀਆਂ ਦਾ ਮਨੋਬਲ ਵਧਿਆ ਹੋਇਆ ਹੈ ਅਤੇ ਮੁੰਬਈ ਕੱਲ ਸਵਾਈ ਮਾਨਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਵਿਰੁੱਧ ਇਸੇ ਤਰ੍ਹਾਂ ਦਾ ਨਤੀਜਾ ਹਾਸਲ ਕਰਨਾ ਚਾਹੇਗੀ। ਰੋਹਿਤ ਨੇ ਟੀਮ ਦੀ ਹਾਰ ਦੀ ਲੈਅ ਤੋੜੀ ਤੇ ਉਹ ਫਿਰ ਤੋਂ ਮੁੰਬਈ ਲਈ ਅਹਿਮ ਖਿਡਾਰੀ ਹੋਵੇਗਾ।  ਮੁੰਬਈ ਦੇ ਹੁਣ 4 ਮੈਚਾਂ 'ਚੋਂ 3 ਹਾਰ ਨਾਲ 2 ਅੰਕ ਹਨ, ਜਿਸ ਨਾਲ ਉਹ ਛੇਵੇਂ ਸਥਾਨ 'ਤੇ ਬਣੀ ਹੋਈ ਹੈ ਪਰ ਉਸ ਦੇ ਲਈ ਇਹ ਚੀਜ਼ ਕੋਈ ਨਵੀਂ ਨਹੀਂ ਹੈ ਕਿਉਂਕਿ ਉਹ ਪਹਿਲਾਂ ਵੀ ਪਿਛੜਨ ਦੇ ਬਾਵਜੂਦ ਨਾਟਕੀ ਢੰਗ ਨਾਲ ਵਾਪਸੀ ਕਰ ਚੁੱਕੀ ਹੈ। ਉਥੇ ਹੀ ਮੇਜ਼ਬਾਨ ਟੀਮ ਨੂੰ ਬੀਤੀ ਰਾਤ ਸ਼ੇਨ ਵਾਟਸਨ ਦੇ ਸੈਂਕੜੇ ਨਾਲ ਕਰਾਰਾ ਝਟਕਾ ਲੱਗਾ ਕਿਉਂਕਿ ਇਸ ਨਾਲ ਉਸ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਕਰਾਰੀ ਹਾਰ ਤੋਂ ਉੱਭਰਨ ਦਾ ਮੌਕਾ ਹੀ ਨਹੀਂ ਮਿਲ ਸਕਿਆ।  ਕਪਤਾਨ ਅਜਿੰਕਯ ਰਹਾਨੇ ਨੂੰ ਉਦਾਹਰਣ ਪੇਸ਼ ਕਰਨ ਦੀ ਲੋੜ ਹੈ ਤਾਂ ਕਿ ਉਹ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਸਕੇ। ਇਸ ਤੋਂ ਇਲਾਵਾ ਉਸ ਨੂੰ ਆਪਣੇ ਖਿਡਾਰੀਆਂ ਨੂੰ ਬਿਹਤਰ ਢੰਗ ਨਾਲ ਇਸਤੇਮਾਲ ਕਰਨਾ ਪਵੇਗਾ।

 


Related News