ਕੇਜਰੀਵਾਲ ਦੇ ਦੋ ਮੁੰਹੇ ਚਿਹਰੇ ਦਾ ਖੁਲਾਸਾ ਪਾਰਟੀ ਪਹਿਲਾਂ ਹੀ ਕਰ ਚੁੱਕੀ ਹੈ : ਛੋਟੇਪੁਰ

03/23/2018 2:25:08 PM

ਬੁਢਲਾਡਾ (ਬਾਂਸਲ) : ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ, ਪੰਜਾਬੀਅਤ ਅਤੇ ਦੇਸ਼ ਦੀ ਜਨਤਾ ਨੂੰ ਸਸਤੀ ਸ਼ੋਹਰਤ ਹਾਸਲ ਕਰਨ ਲਈ ਗੁੰਮਰਾਹ ਕਰ ਰਿਹਾ ਹੈ। ਇਹ ਸ਼ਬਦ ਅੱਜ ਇਥੇ ਆਪਣਾ ਪੰਜਾਬ ਪਾਰਟੀ ਦੇ ਮੁਖੀ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਕਹੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।|ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਝੂਠ ਦੇ ਪੁਲੰਦੇ ਰਾਹੀਂ ਸਟੇਜਾਂ ਤੋਂ ਨਸ਼ਿਆਂ ਦੇ ਮੁੱਦਿਆਂ 'ਤੇ ਵਿਰੋਧੀਆਂ ਨੂੰ ਲਲਕਾਰਿਆ ਜਿਸ 'ਤੇ ਕਰੋੜਾਂ ਰੁਪਏ ਖਰਚ ਹੋਏ ਤੇ ਬਾਅਦ 'ਚ ਕਿਸੇ ਵੀ ਵਰਕਰ ਜਾਂ ਨੇਤਾ ਨੂੰ ਭਰੋਸੇ 'ਚ ਲਏ ਬਿਨਾਂ ਅਖਬਾਰਾਂ ਦੀਆਂ ਸੁਰੱਖੀਆਂ 'ਚ ਆਉਣ ਲਈ ਮੁਆਫੀਨਾਮਾ ਲਿਖ ਕੇ ਸਿਆਸੀ ਡਰਾਮਾ ਰਚਿਆ। ਉਨ੍ਹਾਂ ਕਿਹਾ ਕਿ ਜੇਕਰ ਮੁਆਫੀ ਹੀ ਮੰਗਣੀ ਸੀ ਤਾਂ ਪੰਜਾਬ ਦੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੀ ਲੋੜ ਸੀ। ਇਸ ਦੇ ਨਾਲ ਹੀ ਉਨ੍ਹਾਂ ਕੇਜਰੀਵਾਲ ਦਾ ਪੰਜਾਬ, ਹਰਿਆਣਾ ਅਤੇ ਦਿੱਲੀ ਰਾਜਾਂ 'ਚ ਐੱਸ.ਵਾਈ.ਐੱਲ. ਮੁੱਦੇ 'ਤੇ ਵੱਖ ਵੱਖ ਬਿਆਨ ਦੇਣ ਨੂੰ ਮੰਦਭਾਗਾ ਕਰਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੇਜਰੀਵਾਲ ਦਾ ਦੋ ਮੂੰਹੇ ਚਿਹਰੇ ਦਾ ਖੁਲਾਸਾ ਆਪਣਾ ਪੰਜਾਬ ਪਾਰਟੀ ਪਹਿਲਾਂ ਹੀ ਕਰ ਚੁੱਕੀ ਹੈ ਤੇ ਇਸ ਪਾਰਟੀ ਨੇ ਟਿਕਟਾਂ ਦੀ ਵੰਡ ਦੀ ਲਾਲਸਾ ਦੀ ਆੜ 'ਚ ਪੰਜਾਬ ਦੇ ਲੋਕਾਂ ਨੂੰ ਜੋ ਲੁੱਟਿਆ, ਹੁਣ ਉਹ ਸੱਚ ਵੀ ਸਾਹਮਣੇ ਆ ਚੁੱਕਾ ਹੈ। ਆਪਣਾ ਪੰਜਾਬ ਪਾਰਟੀ ਆਪਣਾ ਪ੍ਰੋਗਰਾਮ ਘਰ ਘਰ ਲੈ ਕੇ ਜਾਵੇਗੀ। 
ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਦੇ ਇਕ ਸਾਲ ਦੇ ਰਾਜ ਤੇ ਟਿੱਪਣੀ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ 'ਤੇ ਪੂਰਾ ਨਾ ਉਤਰਨ ਕਾਰਨ ਹਰ ਫਰੰਟ ਤੇ ਕੈਪਟਨ ਸਰਕਾਰ ਫੇਲ ਹੋ ਚੁੱਕੀ ਹੈ।|ਉਨ੍ਹਾਂ ਕਿਹਾ ਕਿ ਅੱਜ ਰੇਤ ਮਾਫੀਆ ਵੱਲੋਂ ਰੇਤ ਦੇ ਭਾਅ ਅਸਮਾਨੀ ਚੜ੍ਹਨ ਨਾਲ ਪੰਜਾਬ ਦਾ ਵਿਕਾਸ ਰੁੱਕ ਗਿਆ ਹੈ। ਉਨ੍ਹਾਂ ਅਕਾਲੀ ਦਲ ਬਾਦਲ ਦੀਆਂ ਪੋਲ ਖੋਲ੍ਹ ਰੈਲੀਆਂ ਤੇ ਚੋਟ ਕਰਦਿਆਂ ਕਿਹਾ ਕਿ ਅਕਾਲੀਓ ਪਹਿਲਾਂ ਆਪਣੇ 10 ਸਾਲਾਂ ਦੇ ਰਾਜ ਦੌਰਾਨ ਕੀਤੀਆਂ ਵਧੀਕੀਆਂ ਤੇ ਨਜਰਸਾਨੀ ਕਰੋ, ਉਨ੍ਹਾਂ ਅਕਾਲੀ ਦਲ ਦੇ ਆਗੂਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਿਰਫ ਲੋਕਾਂ 'ਚ ਢਿੱਗ ਰਹੀ ਸਾਖ ਨੂੰ ਬਚਾਊਣ ਦਾ ਇਕ ਸਿਆਸੀ ਡਰਾਮਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਕਲੀਪੁਰ, ਐਡਵੋਕੇਟ ਹਰਵਿੰਦਰ ਸਿੰਘ ਕੁਲਰੀਆ, ਤਰਲੋਚਨ ਸਿੰਘ ਲਾਲੀ ਹਾਜ਼ਰ ਸਨ।  


Related News