ਸੜਕ ਕੰਢੇ ਗੱਲਬਾਤ ਕਰ ਰਹੇ ਵਿਅਕਤੀਆਂ ਨੂੰ ਟੈਂਪੂ ਨੇ ਕੁਚਲਿਆ

03/23/2018 8:03:26 AM

ਸਮਾਣਾ (ਦਰਦ) - ਅੱਜ ਸਵੇਰੇ ਸਮਾਣਾ-ਪਟਿਆਲਾ ਰੋਡ 'ਤੇ ਸ਼ਹਿਰ ਨੇੜੇ ਸਥਿਤ ਇਕ ਫੈਕਟਰੀ ਦੇ ਬਾਹਰ ਸੜਕ ਕੰਢੇ ਗੱਲਬਾਤ ਕਰ ਰਹੇ 2 ਵਿਅਕਤੀਆਂ ਨੂੰ ਇਕ ਤੇਜ਼ ਰਫਤਾਰ ਟੈਂਪੂ ਵੱਲੋਂ ਕੁਚਲੇ ਜਾਣ ਦਾ ਸਮਾਚਾਰ ਹੈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਦੂਜਾ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਮ੍ਰਿਤਕ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਦੇਵ ਸਿੰਘ (48) ਪੁੱਤਰ ਬਚਿੱਤਰ ਸਿੰਘ ਨਿਵਾਸੀ ਡਰੋਲੀ ਇਕ ਪਲਾਸਟਿਕ ਪਾਈਪ ਫੈਕਟਰੀ ਵਿਚ ਕੰਮ ਕਰਦਾ ਸੀ। ਰੋਜ਼ ਵਾਂਗ ਕੰਮ ਲਈ ਪਿੰਡ ਤੋਂ ਫੈਕਟਰੀ ਪਹੁੰਚਿਆ ਤੇ ਬਾਹਰ ਖੜ੍ਹੇ ਆਪਣੇ ਜਾਣਕਾਰ ਨਾਲ ਗੱਲਬਾਤ ਕਰਨ ਲੱਗਾ। ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆਏ ਛੋਟਾ ਹਾਥੀ ਟੈਂਪੂ ਚਾਲਕ ਨੇ ਸੜਕ ਕੰਢੇ ਗੱਲਬਾਤ ਕਰ ਰਹੇ ਬਲਦੇਵ ਸਿੰਘ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਖੜ੍ਹੇ ਰਾਜ ਕੁਮਾਰ ਨਿਵਾਸੀ ਸਰਾਂ ਪੱਤੀ ਨੂੰ ਵੀ ਜ਼ਖ਼ਮੀ ਹੋਣ 'ਤੇ ਪਟਿਆਲਾ ਲਿਜਾਇਆ ਗਿਆ। ਹਾਦਸੇ ਉਪਰੰਤ ਟੈਂਪੂ ਗਲਤ ਸਾਈਡ 'ਤੇ ਜਾ ਕੇ ਪਲਟ ਗਿਆ। ਉਸ ਦਾ ਚਾਲਕ ਭੱਜਣ ਵਿਚ ਸਫਲ ਰਿਹਾ।  ਪੁਲਸ ਨੇ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਛੋਟਾ ਹਾਥੀ ਟੈਂਪੂ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਫਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਸਮਾਣਾ ਵਿਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News