ਲਾਹੌਰ ਹਾਈ ਕੋਰਟ ''ਚ ਸ਼ਾਦਮਾਨ ਚੌਕ ਮਾਮਲੇ ਦੀ ਸੁਣਵਾਈ ਹੁਣ 15 ਅਪ੍ਰੈਲ ਨੂੰ

03/23/2018 7:22:04 AM

ਹੁਸ਼ਿਆਰਪੁਰ (ਅਮਰਿੰਦਰ) - ਪਾਕਿਸਤਾਨ ਦੇ ਲਾਹੌਰ ਸਥਿਤ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਤੇ ਚੌਕ 'ਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ਦੇ ਮਾਮਲੇ ਦੀ ਸੁਣਵਾਈ ਦੇ ਬਾਅਦ ਹੁਣ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 15 ਅਪ੍ਰੈਲ ਮੁਕੱਰਰ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਫੋਨ 'ਤੇ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ ਰਸ਼ੀਦ ਕੁਰੈਸ਼ੀ ਤੇ ਸੂਚਨਾ ਸਕੱਤਰ ਮੁਹੰਮਦ ਇਕਬਾਲ  ਹਸਨ ਨੇ ਦੱਸਿਆ ਕਿ ਅੱਜ ਲਾਹੌਰ ਹਾਈ ਕੋਰਟ 'ਚ ਫਾਊਂਡੇਸ਼ਨ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਐਡਵੋਕੇਟ ਅਬਦੁਲ ਰਸ਼ੀਦ ਕੁਰੈਸ਼ੀ ਦੇ ਨਾਲ ਲਾਹੌਰ ਹਾਈ ਕੋਰਟ ਦੇ ਵਕੀਲ ਐਵੋਕੇਟ ਮਹਿਬੂਬ ਚੌਧਰੀ ਤੇ ਐਡਵੋਕੇਟ ਸ਼ਾਹਬਾਜ ਰਸ਼ੀਦ ਕੁਰੈਸ਼ੀ ਪੇਸ਼ ਹੋਏ। ਉਨ੍ਹਾਂ ਨੇ ਦੱਸਿਆ ਕਿ 23 ਮਾਰਚ ਨੂੰ ਸ਼ਾਦਮਾਨ ਚੌਕ 'ਚ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਅਦਾਲਤ ਦੇ ਨਿਰਦੇਸ਼ 'ਤੇ ਲਾਹੌਰ ਪ੍ਰਸ਼ਾਸਨ ਤੇ ਪੁਲਸ ਕਮਿ²ਸ਼ਨਰ ਵੱਲੋਂ ਢੁੱਕਵੇਂ ਸੁਰੱਖਿਆ ਪ੍ਰਬੰਧ ਕਰਵਾ ਦਿੱਤੇ ਗਏ ਹਨ।
ਭਗਤ ਸਿੰਘ ਦੋਹਾਂ ਹੀ ਮੁਲਕਾਂ ਦਾ ਨੈਸ਼ਨਲ ਹੀਰੋ : ਗੌਰਤਲਬ ਹੈ ਕਿ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਤੇ ਉੱਥੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਏ ਜਾਣ ਦੀ ਮੰਗ ਸਬੰਧੀ ਲਾਹੌਰ ਹਾਈ ਕੋਰਟ 'ਚ ਇਕ ਅਪੀਲ ਦਾਇਰ ਕੀਤੀ ਹੈ। ਸ਼ਾਦਮਾਨ ਚੌਕ ਹੀ ਉਹ ਜਗ੍ਹਾ ਹੈ, ਜਿਥੇ 23 ਮਾਰਚ, 1931 'ਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਇਸ ਸਮੇਂ ਇਸ ਚੌਕ ਨੂੰ  ਸ਼ਾਦਮਾਨ ਚੌਕ ਦੇ ਨਾਲ-ਨਾਲ ਫੁਆਰਾ ਚੌਕ ਵੀ ਕਿਹਾ ਜਾਂਦਾ ਹੈ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਸ ਸਥਾਨ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਣ ਤੇ ਉਸ ਦਾ ਬੁੱਤ ਸਥਾਪਿਤ ਕੀਤਾ ਜਾਵੇ ਤਾਂ ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਰਹਿਣਗੇ। ਸ਼ਹੀਦ ਭਗਤ ਸਿੰਘ ਨਾ ਸਿਰਫ਼ ਹਿੰਦੁਸਤਾਨ ਬਲਕਿ ਪਾਕਿਸਤਾਨ ਦਾ ਬੇਟਾ ਹੋਣ ਦੇ ਨਾਲ-ਨਾਲ ਨੈਸ਼ਨਲ ਹੀਰੋ ਵੀ ਹੈ।


Related News