''ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰਾ ਸਾਈਂ ਇਸ ਦੁਨੀਆ ''ਚ ਨਹੀਂ ਰਿਹਾ''

03/22/2018 6:10:13 AM

ਲੁਧਿਆਣਾ(ਅਨਿਲ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਸੇਲਕਿਆਣਾ ਦੇ ਰਹਿਣ ਵਾਲੇ ਬਲਵੀਰ ਚੰਦ ਪੁੱਤਰ ਦੇਵ ਰਾਜ ਜੋ ਕਿ ਸਾਲ 2010 ਵਿਚ ਡੇਢ ਲੱਖ ਰੁਪਏ 5 ਫੀਸਦੀ ਵਿਆਜ 'ਤੇ ਲੈ ਕੇ ਰੋਜ਼ੀ-ਰੋਟੀ ਕਮਾਉਣ ਇਰਾਕ 'ਚ ਗਿਆ ਸੀ।   ਬਲਵੀਰ ਚੰਦ ਜੋ ਕਿ ਪਹਿਲਾਂ ਮੱਤੇਵਾੜਾ 'ਚ ਵਣ ਵਿਭਾਗ ਵਿਚ ਠੇਕੇ 'ਤੇ ਕੰਮ ਕਰਦਾ ਸੀ  ਪਰ ਉਸ ਨੂੰ ਸਮੇਂ ਸਿਰ ਕੰਮ ਦੇ ਪੈਸੇ ਨਾ ਮਿਲਣ ਕਾਰਨ ਉਸ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ, ਜਿਸ ਕਾਰਨ ਉਸ ਨੇ ਵਿਦੇਸ਼ ਜਾਣ ਦੀ ਠਾਣ ਲਈ ਅਤੇ 2010 ਵਿਚ ਪੈਸੇ ਵਿਆਜ 'ਤੇ ਲੈ ਕੇ ਕੰਮ ਕਰਨ ਲਈ ਇਰਾਕ ਚਲਾ ਗਿਆ। ਜਿੱਥੇ ਬਲਵੀਰ ਚੰਦ ਨੂੰ ਪਹਿਲਾਂ ਤਾਂ ਥੋੜ੍ਹੇ ਪੈਸਿਆਂ 'ਚ ਕੰਮ ਕਰਨਾ ਪਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਤੋਂ 25 ਹਜ਼ਾਰ ਰੁਪਏ ਇਰਾਕ ਵਿਚ ਹੋਰ ਮੰਗਵਾਏ ਅਤੇ ਉੱਥੇ ਇਕ ਏਜੰਟ ਨੂੰ ਪੈਸੇ ਦੇ ਕੇ ਦੂਜੀ ਜਗ੍ਹਾ ਮੋਸੁਲ ਵਿਚ ਸਟੀਲ ਦੀ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਬਲਵੀਰ ਚੰਦ ਚੰਗੀ ਤਰ੍ਹਾਂ ਉਸ ਫੈਕਟਰੀ ਵਿਚ ਕੰਮ ਕਰਦਾ ਰਿਹਾ ਅਤੇ ਹੌਲੀ-ਹੌਲੀ ਉਸ ਨੇ ਪੈਸੇ ਕਮਾ ਕੇ ਸਭ ਤੋਂ ਪਹਿਲਾਂ ਵਿਆਜ 'ਤੇ ਲਏ ਪੈਸੇ ਵਾਪਸ ਕੀਤੇ, ਜਿਸ ਤੋਂ ਬਾਅਦ ਬਲਵੀਰ ਚੰਦ ਨੇ ਕਿਹਾ ਕਿ ਹੁਣ ਉਹ ਖੂਬ ਪੈਸੇ ਕਮਾ ਕੇ ਵਾਪਸ ਘਰ ਆਵੇਗਾ ਅਤੇ ਆਪਣੇ ਘਰ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਏਗਾ ਪਰ ਸਾਲ 2014 ਦੇ ਜੂਨ ਮਹੀਨੇ ਵਿਚ ਇਕ ਦਿਨ ਇਰਾਕ ਦੇ ਮੋਸੁਲ ਸ਼ਹਿਰ ਤੋਂ ਬਲਵੀਰ ਚੰਦ ਦਾ ਉਸ ਦੇ ਘਰ ਫੋਨ ਆਇਆ ਕਿ ਅਸੀਂ ਜਿਸ ਫੈਕਟਰੀ 'ਚ ਕੰਮ ਕਰਦੇ ਹਾਂ, ਉਸ ਫੈਕਟਰੀ 'ਤੇ ਆਈ. ਐੱਸ. ਆਈ. ਨੇ ਕਬਜ਼ਾ ਜਮਾ ਲਿਆ ਹੈ ਅਤੇ ਸਾਡੇ ਸਾਰੇ ਸਾਥੀਆਂ ਦੇ ਮੋਬਾਇਲ ਫੋਨ ਵੀ ਉਨ੍ਹਾਂ ਨੇ ਖੋਹ ਲਏ ਹਨ। ਹੁਣ ਉਹ ਉਨ੍ਹਾਂ ਨੂੰ ਫੋਨ ਨਹੀਂ ਕਰ ਸਕੇਗਾ।  ਇਹ ਜਾਣਕਾਰੀ ਅੱਜ ਇਰਾਕ ਦੇ ਮੋਸੁਲ ਸ਼ਹਿਰ ਵਿਚ ਆਈ. ਐੱਸ. ਆਈ. ਵੱਲੋਂ ਮਾਰੇ ਗਏ 39 ਭਾਰਤੀਆਂ ਵਿਚੋਂ ਮ੍ਰਿਤਕ ਬਲਵੀਰ ਚੰਦ ਦੇ ਪਰਿਵਾਰ ਵੱਲੋਂ 'ਜਗ ਬਾਣੀ' ਨੂੰ ਦੁੱਖ ਦੱਸਦਿਆਂ ਵਿਰਲਾਪ ਕਰਦੇ ਹੋਏ ਦਿੱਤੀ ਗਈ। ਇਸ ਗਮਗੀਨ ਮੌਕੇ 'ਤੇ ਮ੍ਰਿਤਕ ਬਲਵੀਰ ਚੰਦ ਦੀ ਪਤਨੀ ਬਬਲੀ ਨੇ ਕਿਹਾ '' ਉਸ ਨੂੰ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਕਿ ਉਸ ਦੇ ਸਿਰ ਦਾ ਸਾਈਂ ਇਸ ਦੁਨੀਆ ਵਿਚ ਨਹੀਂ ਰਿਹਾ।'' ਉਨ੍ਹਾਂ ਦੱਸਿਆ ਕਿ ਕੱਲ ਜਦੋਂ ਉਨ੍ਹਾਂ ਨੇ ਟੀ. ਵੀ. 'ਤੇ ਖ਼ਬਰ ਦੇਖੀ ਕਿ 39 ਭਾਰਤੀ ਮ੍ਰਿਤਕ ਕਰਾਰ ਦਿੱਤੇ ਜਾ ਚੁੱਕੇ ਹਨ ਤਾਂ ਸਾਰਾ ਪਰਿਵਾਰ ਸਦਮੇ ਵਿਚ ਚਲਾ ਗਿਆ। ਰਾਤ ਨੂੰ ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਸ ਕਮਿਸ਼ਨਰ ਲੁਧਿਆਣਾ ਆਰ. ਐੱਨ. ਢੋਕੇ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਬਲਵੀਰ ਚੰਦ ਦੀ ਮੌਤ ਹੋ ਜਾਣ ਦੀ ਸੂਚਨਾ ਦਿੱਤੀ। ਉਸ ਤੋਂ ਬਾਅਦ ਪਰਿਵਾਰ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ, ਜੋ ਉਹ ਪਿਛਲੇ 4 ਸਾਲਾਂ ਤੋਂ ਬਲਵੀਰ ਚੰਦ ਦੇ ਭਾਰਤ ਵਾਪਸ ਆਉਣ ਦੀਆਂ ਲਾਈ ਬੈਠੇ ਸਨ।  ਮ੍ਰਿਤਕ ਬਲਵੀਰ ਚੰਦ ਦੀ ਸਭ ਤੋਂ ਲਾਡਲੀ ਬੇਟੀ ਕਮਲਜੀਤ ਕੌਰ 2015 ਤੋਂ ਹੀ ਆਪਣੇ ਪਿਤਾ ਦੇ ਨਾ ਆਉਣ ਕਾਰਨ ਆਪਣਾ ਦਿਮਾਗੀ ਸੰਤੁਲਨ ਗੁਆ ਬੈਠੀ ਹੈ। ਮ੍ਰਿਤਕ ਬਲਵੀਰ ਚੰਦ ਦੀ ਪਤਨੀ ਬਬਲੀ ਅਤੇ ਉਸ ਦੀਆਂ 2 ਹੋਰ ਬੇਟੀਆਂ ਅਮਨਦੀਪ ਕੌਰ ਅਤੇ ਪਰਮਜੀਤ ਕੌਰ ਅਤੇ ਛੋਟਾ ਬੇਟਾ ਹੰਸ ਰਾਜ ਗਹਿਰੇ ਸਦਮੇ 'ਚ ਹਨ।
2 ਮਹੀਨੇ ਪਹਿਲਾਂ ਬਲਵੀਰ ਚੰਦ ਦੇ ਬੇਟੇ ਅਤੇ ਭਰਾ ਦਾ ਅੰਮ੍ਰਿਤਸਰ 'ਚ ਹੋਇਆ ਸੀ ਡੀ. ਐੱਨ. ਏ.
ਮ੍ਰਿਤਕ ਬਲਵੀਰ ਚੰਦ ਦੇ ਪਰਿਵਾਰ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਜ਼ਿਲਾ ਪ੍ਰਸ਼ਾਸਨ ਦੇ ਕੁੱਝ ਅਧਿਕਾਰੀ ਆਏ ਸਨ, ਜੋ ਕਿ ਬਲਵੀਰ ਚੰਦ ਦੇ ਬੇਟੇ ਅਤੇ ਭਰਾ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਏ ਸਨ, ਜਿੱਥੇ ਉਨ੍ਹਾਂ ਦਾ ਡੀ. ਐੱਨ. ਏ. ਦਾ ਸੈਂਪਲ ਲਿਆ ਗਿਆ ਸੀ ਪਰ ਪਰਿਵਾਰ ਨੂੰ ਉਸ ਡੀ. ਐੱਨ. ਏ. ਸਬੰਧੀ ਪਤਾ ਨਹੀਂ ਸੀ ਕਿ ਇਹ ਕਿਸ ਲਈ ਕੀਤਾ ਗਿਆ ਸੀ ਪਰ ਜਦੋਂ ਕੱਲ ਵਿਦੇਸ਼ ਮੰਤਰਾਲੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਡੀ. ਐੱਨ. ਏ. ਦੇ ਸੈਂਪਲ ਮੋਸੁਲ ਤੋਂ ਮਿਲੇ ਮ੍ਰਿਤਕਾਂ ਦੀਆਂ ਲਾਸ਼ਾਂ ਨਾਲ ਮਿਲਾਏ ਗਏ ਅਤੇ ਉਸੇ ਤੋਂ ਮ੍ਰਿਤਕਾਂ ਦੀ ਪਛਾਣ ਹੋਣ ਦੀ ਪੁਸ਼ਟੀ ਕੀਤੀ ਤਾਂ ਪਰਿਵਾਰ ਨੂੰ ਸਮਝ ਆਇਆ ਕਿ ਸਾਡਾ ਡੀ. ਐੱਨ. ਏ. ਕਿਉਂ ਲਿਆ ਗਿਆ ਸੀ।
ਡੀ. ਸੀ. ਅਤੇ ਪੁਲਸ ਕਮਿਸ਼ਨਰ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ
ਪਿੰਡ ਸੇਲਕੀਆਣਾ ਦੇ ਬਲਵੀਰ ਚੰਦ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਵੱਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਹੈ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕਰੇਗਾ।
ਮ੍ਰਿਤਕ ਬਲਵੀਰ ਚੰਦ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ 
ਮ੍ਰਿਤਕ ਬਲਵੀਰ ਚੰਦ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਾਡੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪਰਿਵਾਰ ਨੂੰ ਵਿੱਤੀ ਮਦਦ ਵੀ ਦਿੱਤੀ ਜਾਵੇ ਤਾਂਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਚਲਾ ਸਕਣ ਅਤੇ ਜੋ ਸੁਪਨੇ ਮ੍ਰਿਤਕ ਬਲਵੀਰ ਚੰਦ ਨੇ ਦੇਖੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ।


Related News