ਪੀ. ਐੱਮ. ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਨੂੰ ਦਿੱਤੀ ਵਧਾਈ

03/19/2018 3:45:38 PM

ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੂਜੇ ਕਾਰਜਕਾਲ ਲਈ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਉਹ ਚੀਨ-ਭਾਰਤ ਸੰਬੰਧਾਂ ਨੂੰ ਵਿਸਥਾਰ ਦੇਣ ਲਈ ਸ਼ੀ ਨਾਲ ਕੰਮ ਕਰਨ ਨੂੰ ਉਤਸੁਕ ਹਨ। ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਦੇ ਤੌਰ 'ਤੇ ਸ਼ੀ ਜਿਨਪਿੰਗ ਦੇ ਦੂਜੇ ਕਾਰਜਕਾਲ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਇਸ ਵਾਰ ਉਹ ਲਾਈਫਟਾਈਮ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ। ਪਿਛਲੇ ਹਫਤੇ ਚੀਨੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਨੇ 64 ਸਾਲਾ ਸ਼ੀ ਨੂੰ ਲਾਈਫਟਾਈਮ ਰਾਸ਼ਟਰਪਤੀ ਬਣਾਉਣ ਦਾ ਰਸਤਾ ਸਾਫ ਕਰਦੇ ਹੋਏ ਇਕ ਕਾਨੂੰਨੀ ਸੋਧ ਕੀਤੀ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੇ ਸੋਸ਼ਲ ਮੀਡੀਆ ਵੈੱਬਸਾਈਟ 'ਵੀਬੋ' 'ਤੇ ਇਕ ਪੋਸਟ 'ਚ ਲਿਖਿਆ, ''ਪ੍ਰਿਅ ਰਾਸ਼ਟਰਪਤੀ ਸ਼ੀ ਜਿਨਪਿੰਗ ਮੁੜ ਚੀਨ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਤੁਹਾਨੂੰ ਵਧਾਈ। ਭਾਰਤ-ਚੀਨ ਦਰਮਿਆਨ ਦੋ-ਪੱਖੀ ਰਿਸ਼ਤਿਆਂ 'ਚ ਤਰੱਕੀ ਨੂੰ ਲੈ ਕੈ ਕਾਮਨਾ ਕਰਦਾ ਹਾਂ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਸੋਸ਼ਲ ਮੀਡੀਆ ਬਲਾਗ ਵੀਬੋ 'ਤੇ ਸਾਲ 2015 'ਚ ਅਕਾਊਂਟ ਬਣਾਇਆ ਸੀ, ਜਦੋਂ ਉਹ ਚੀਨ ਦੇ ਦੌਰੇ 'ਤੇ ਗਏ ਸਨ। ਮੋਦੀ ਦੇ ਵੀਬੋ 'ਤੇ 1,83,379 ਫਾਲੋਅਰਜ਼ ਹਨ। ਮੋਦੀ ਅਤੇ ਸ਼ੀ ਇਸ ਸਾਲ ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ ਸੰਮੇਲਨ ਦੌਰਾਨ ਮੁਲਾਕਾਤ ਕਰ ਸਕਦੇ ਹਨ। ਇਹ ਸੰਮੇਲਨ ਇਸ ਸਾਲ ਜੂਨ 'ਚ ਚੀਨ 'ਚ ਹੋਵੇਗਾ।


Related News