ਹਰਿਆਣਾ ''ਚ ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਨ ਅਪਰਾਧਾਂ ''ਚ ਭਾਰੀ ਵਾਧਾ

03/17/2018 7:35:00 AM

ਨਸ਼ੇ ਦੀ ਲਤ ਨੇ ਦੇਸ਼ ਦੇ ਇਕ ਵੱਡੇ ਹਿੱਸੇ ਨੂੰ ਲਪੇਟ ਵਿਚ ਲਿਆ ਹੋਇਆ ਹੈ, ਜਿਸ ਦੇ ਸਿੱਟੇ ਵਜੋਂ ਵੱਡੀ ਗਿਣਤੀ 'ਚ ਪਰਿਵਾਰ ਤਬਾਹ ਹੋ ਰਹੇ ਹਨ। ਇਨ੍ਹੀਂ ਦਿਨੀਂ ਜਿਥੇ ਪੰਜਾਬ ਵਿਚ ਨਸ਼ੇ ਦਾ ਮੁੱਦਾ ਗਰਮ ਹੈ, ਉਥੇ ਹੀ ਗੁਆਂਢੀ ਸੂਬੇ ਹਰਿਆਣਾ 'ਚ ਵੀ ਨਸ਼ੇ ਦੇ ਵਧ ਰਹੇ ਕਾਰੋਬਾਰ 'ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਸੂਬੇ ਦੇ ਨੌਜਵਾਨਾਂ 'ਚ 'ਹੈਰੋਇਨ', 'ਸਮੈਕ', 'ਅਫੀਮ', 'ਟਰਾਮਾਡੋਲ' ਅਤੇ 'ਸਪਾਸਮੋ ਪ੍ਰਾਕਸੀਵਨ' ਸਮੇਤ ਸਿੰਥੈਟਿਕ ਨਸ਼ਿਆਂ ਦੇ ਸੇਵਨ 'ਚ ਭਾਰੀ ਵਾਧਾ ਹੋਇਆ ਹੈ ਤੇ ਮਾਹਿਰਾਂ ਮੁਤਾਬਿਕ ਸੂਬੇ ਅੰਦਰ ਸਮਾਜ ਵਿਰੋਧੀ ਅਨਸਰਾਂ ਦੀ ਇਸ 'ਚ ਹਿੱਸੇਦਾਰੀ ਨਸ਼ਿਆਂ ਦੀ ਸਪਲਾਈ ਵਿਚ ਵਾਧੇ ਦਾ ਮੁੱਖ ਕਾਰਨ ਹੈ। 14 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਵਿਚ ਧਿਆਨ ਦਿਵਾਊ ਮਤੇ ਦੇ ਜ਼ਰੀਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਸੂਬੇ 'ਚ ਵਧ ਰਹੀ ਨਸ਼ੇ, ਖਾਸ ਤੌਰ 'ਤੇ ਚਿੱਟੇ (ਸਿੰਥੈਟਿਕ ਡਰੱਗ) ਦੀ ਲਤ ਦਾ ਮਾਮਲਾ ਉਠਾਉਂਦਿਆਂ ਸੂਬਾ ਸਰਕਾਰ ਨੂੰ ਅਜਿਹੇ ਉਪਾਅ ਕਰਨ ਲਈ ਕਿਹਾ, ਜਿਸ ਨਾਲ ਹਰਿਆਣਾ ਨੂੰ ਦੂਜਾ ਪੰਜਾਬ ਬਣਨ ਤੋਂ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਰਿਆਣਾ 'ਚ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਕਿਤੇ ਜ਼ਿਆਦਾ ਮਾਤਰਾ 'ਚ ਹੈਰੋਇਨ, ਚਰਸ, ਗਾਂਜਾ ਤੇ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਸੂਬਾ ਸਰਕਾਰ ਅਨੁਸਾਰ ਸੰਨ 2017 'ਚ ਨਸ਼ੀਲੇ ਪਦਾਰਥਾਂ ਦੇ ਸਬੰਧ ਵਿਚ 2247 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਦੇ ਤਹਿਤ ਲੱਗਭਗ 86 ਕਿਲੋ ਅਫੀਮ, 124 ਕਿਲੋ ਚਰਸ, 9549 ਕਿਲੋ ਚੂਰਾ-ਪੋਸਤ, 9 ਕਿਲੋ ਸਮੈਕ, 4367 ਕਿਲੋ ਗਾਂਜਾ ਤੇ 3.9 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ ਸੂਬੇ ਵਿਚ ਨਾਜਾਇਜ਼ ਸ਼ਰਾਬ ਦੇ 14700 ਕੇਸ ਦਰਜ ਕੀਤੇ ਗਏ ਅਤੇ ਨਾਜਾਇਜ਼ ਸ਼ਰਾਬ ਦੀਆਂ 22 ਭੱਠੀਆਂ ਫੜੀਆਂ ਗਈਆਂ। ਨਸ਼ੀਲੇ ਪਦਾਰਥਾਂ ਦੀ ਜ਼ਬਤ ਕੀਤੀ ਗਈ ਇਹ ਮਾਤਰਾ 2016 ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਕਿਉਂਕਿ ਉਸ ਸਾਲ 16.48 ਕਿਲੋ ਅਫੀਮ ਅਤੇ 629 ਕਿਲੋ ਚੂਰਾ-ਪੋਸਤ ਹੀ ਫੜਿਆ ਗਿਆ ਸੀ।  ਵਿਧਾਨ ਸਭਾ 'ਚ ਇਹ ਮਾਮਲਾ ਉਠਾਉਂਦਿਆਂ ਪਲਵਲ ਦੇ ਕਾਂਗਰਸੀ ਵਿਧਾਇਕ ਕਰਣ ਸਿੰਘ ਨੇ ਕਿਹਾ ਕਿ 'ਅਫੀਮ', 'ਹੈਰੋਇਨ', 'ਚਰਸ', 'ਸਮੈਕ', 'ਗਾਂਜਾ' ਅਤੇ 'ਸ਼ਰਾਬ' ਦੀ ਖਪਤ ਹਰਿਆਣਾ 'ਚ ਬੁਰੀ ਤਰ੍ਹਾਂ ਵਧੀ ਹੈ, ਜਿਨ੍ਹਾਂ ਦੀ ਵਿਕਰੀ ਛੋਟੀਆਂ-ਛੋਟੀਆਂ ਅਣਅਧਿਕਾਰਤ ਦੁਕਾਨਾਂ 'ਤੇ ਹੋ ਰਹੀ ਹੈ। ਜੇ ਇਨ੍ਹਾਂ ਨਾਜਾਇਜ਼ ਸਰਗਰਮੀਆਂ ਨੂੰ ਜਾਰੀ ਰਹਿਣ ਦਿੱਤਾ ਗਿਆ ਤਾਂ ਸਥਿਤੀ ਪੰਜਾਬ ਵਾਂਗ ਖਰਾਬ ਹੋ ਸਕਦੀ ਹੈ। ਉਨ੍ਹਾਂ ਦਾ ਸਮਰਥਨ ਕਰਦਿਆਂ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਨਸ਼ਿਆਂ ਦੇ ਵਧਦੇ ਇਸਤੇਮਾਲ ਕਾਰਨ ਹਰਿਆਣਾ ਦੀ ਵੀ ਪੰਜਾਬ ਵਾਂਗ ਬਦਨਾਮੀ ਹੋਣ ਲੱਗੀ ਹੈ। ਸੂਬੇ ਵਿਚ ਨਸ਼ੇੜੀਆਂ ਦੀ ਗਿਣਤੀ ਵਧਣ ਅਤੇ ਨਸ਼ਿਆਂ ਲਈ ਪੈਸਾ ਜੁਟਾਉਣ ਖਾਤਿਰ ਨਸ਼ੇੜੀਆਂ ਵਲੋਂ ਚੋਰੀ ਤੇ ਸਨੈਚਿੰਗ ਆਦਿ ਸ਼ੁਰੂ ਕਰ ਦੇਣ ਕਾਰਨ ਸੂਬੇ 'ਚ ਅਪਰਾਧ ਵਧ ਗਏ ਹਨ। ਸ਼੍ਰੀ ਚੌਟਾਲਾ ਨੇ ਕਿਹਾ ਕਿ ''ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਵਲੋਂ ਪਿੰਡਾਂ ਤਕ ਵਿਚ ਨਸ਼ੀਲੇ ਪਦਾਰਥਾਂ ਦੀ ਖੁੱਲ੍ਹੀ ਸਪਲਾਈ ਦੇ ਸਿੱਟੇ ਵਜੋਂ ਮੇਰੇ ਆਪਣੇ ਪਿੰਡ (ਸਿਰਸਾ ਜ਼ਿਲੇ 'ਚ ਚੌਟਾਲਾ) ਵਿਚ 'ਫੁੱਲ ਫਲੈੱਜ' ਪੁਲਸ ਥਾਣਾ ਹੋਣ ਦੇ ਬਾਵਜੂਦ 15-16 ਸਾਲਾਂ ਤੋਂ 22-23 ਸਾਲ ਤਕ ਦੀ ਉਮਰ ਦੇ ਲੱਗਭਗ 60 ਫੀਸਦੀ ਨੌਜਵਾਨ ਨਸ਼ਿਆਂ ਦੀ ਲਪੇਟ 'ਚ ਆ ਗਏ ਹਨ। ਗੁਆਂਢ ਦੇ 20-30 ਪਿੰਡਾਂ ਦੀ ਹਾਲਤ ਵੀ ਅਜਿਹੀ ਹੀ ਹੈ। ਨਸ਼ੀਲੇ ਪਦਾਰਥਾਂ ਦੇ ਸਮੱਗਲਰ ਪੁਲਸ ਦੀ ਸਰਪ੍ਰਸਤੀ ਹੇਠ ਵਧ-ਫੁੱਲ ਰਹੇ ਹਨ।''
ਇਨੈਲੋ ਦੇ ਹੀ ਪਿਹੋਵਾ ਤੋਂ ਵਿਧਾਇਕ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਸੰਭਵ ਨਹੀਂ ਹੈ। ਉਨ੍ਹਾਂ ਨੇ ਸੂਬੇ 'ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਮੁੱਦਾ ਵੀ ਉਠਾਇਆ ਤੇ ਮਿਸਾਲ ਦਿੰਦਿਆਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਸਥਾਨਕ ਵਪਾਰੀਆਂ ਨੂੰ ਫੜਨ ਤੋਂ ਬਾਅਦ ਪੁਲਸ ਨੇ ਫੌਰਨ ਹੀ ਛੱਡ ਦਿੱਤਾ। 
ਰਾਣੀਆ (ਸਿਰਸਾ) ਦੇ ਵਿਧਾਇਕ ਰਾਮਚੰਦਰ ਕੰਬੋਜ ਨੇ ਦਾਅਵਾ ਕੀਤਾ ਕਿ 14 ਤੋਂ 16 ਸਾਲ ਦੀ ਉਮਰ ਤਕ ਦੇ ਨੌਜਵਾਨ ਚਿੱਟੇ ਦੇ ਨਸ਼ੇ ਦੀ ਲਪੇਟ 'ਚ ਆ ਰਹੇ ਹਨ, ਜੋ ਪੰਜਾਬ-ਰਾਜਸਥਾਨ ਨਾਲ ਲੱਗਦੇ ਹਰਿਆਣਾ ਦੇ ਜ਼ਿਲਿਆਂ 'ਚ ਆਸਾਨੀ ਨਾਲ ਮਿਲ ਜਾਂਦਾ ਹੈ। 
ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਰਾਮਵਿਲਾਸ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਾਮਲੇ 'ਚ ਬਹੁਤ ਜ਼ਿਆਦਾ ਗੰਭੀਰ ਹੈ ਅਤੇ ਇਹ ਕਹਿਣਾ ਗਲਤ ਹੈ ਕਿ ਇਸ ਬੁਰਾਈ 'ਤੇ ਅਧਿਕਾਰੀਆਂ ਦਾ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਇਨ੍ਹਾਂ ਸਰਗਰਮੀਆਂ 'ਚ ਸ਼ਾਮਿਲ ਹੋਣ ਤੋਂ ਰੋਕਣ ਅਤੇ ਸਜ਼ਾ ਦੇਣ ਲਈ ਬਹੁ-ਆਯਾਮੀ ਰਣਨੀਤੀ ਅਪਣਾਈ ਗਈ ਹੈ। ਨੌਜਵਾਨ ਹੀ ਕਿਸੇ ਵੀ ਦੇਸ਼ ਦੀ ਤਾਕਤ ਅਤੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਜਦੋਂ ਇਹ ਰੀੜ੍ਹ ਦੀ ਹੱਡੀ ਹੀ ਕਮਜ਼ੋਰ ਹੋ ਜਾਵੇ ਤਾਂ ਉਸ ਦੇ ਪਤਨ ਨੂੰ ਕਿਸੇ ਵੀ ਹਾਲਤ 'ਚ ਰੋਕਿਆ ਨਹੀਂ ਜਾ ਸਕਦਾ। ਲਿਹਾਜ਼ਾ ਹਰਿਆਣਾ ਤੇ ਇਸ ਦੇ ਨਾਲ-ਨਾਲ ਦੂਜੇ ਸੂਬਿਆਂ 'ਚ ਵੀ ਨਸ਼ਿਆਂ ਦੇ ਵਧ ਰਹੇ ਚਲਨ ਨੂੰ ਰੋਕਣ ਲਈ ਤੁਰੰਤ ਸਖਤ ਤੋਂ ਸਖਤ ਕਦਮ ਚੁੱਕਣ ਅਤੇ ਕਾਨੂੰਨੀ ਵਿਵਸਥਾ ਕਰਨ ਦੀ ਲੋੜ ਹੈ।  
—ਵਿਜੇ ਕੁਮਾਰ 


Vijay Kumar Chopra

Chief Editor

Related News